ਮੁਸਾਫਰਾਂ ਨੂੰ ਰਾਸ ਨਹੀਂ ਆ ਰਿਹਾ ਬਿਆਸ ਤੋਂ ਤਰਨਤਾਰਨ ਜਾਣ ਵਾਲਾ ਡੀ. ਐੱਮ. ਯੂ.

Tuesday, Sep 12, 2017 - 12:52 PM (IST)

ਮੁਸਾਫਰਾਂ ਨੂੰ ਰਾਸ ਨਹੀਂ ਆ ਰਿਹਾ ਬਿਆਸ ਤੋਂ ਤਰਨਤਾਰਨ ਜਾਣ ਵਾਲਾ ਡੀ. ਐੱਮ. ਯੂ.

ਤਰਨਤਾਰਨ (ਰਮਨ)-ਰੇਲ ਵਿਭਾਗ ਵੱਲੋਂ ਪਿਛਲੇ ਕਰੀਬ ਤਿੰਨ ਸਾਲ ਤੋਂ ਬਿਆਸ-ਤਰਨਤਾਰਨ ਲਈ ਚਲਾਇਆ ਗਿਆ ਡੀ. ਐੱਮ. ਯੂ. ਜ਼ਿਲੇ ਦੇ ਮੁਸਾਫਰਾਂ ਨੂੰ ਰਾਸ ਨਹੀਂ ਆ ਰਿਹਾ, ਜਿਸ ਕਾਰਨ ਮੁਸਾਫਰਾਂ ਵਿਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਇਹ ਰੋਜ਼ਾਨਾ ਬਿਆਸ ਤੋਂ ਖਾਲੀ ਆ ਕੇ ਖਾਲੀ ਵਾਪਸ ਜਾਂਦਾ ਹੈ, ਜਿਸ ਨਾਲ ਰੇਲ ਵਿਭਾਗ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਸਰਹੱਦੀ ਜ਼ਿਲੇ ਦੇ ਲੋਕਾਂ ਵੱਲੋਂ ਪਿਛਲੇ ਕਈ ਸਾਲਾਂ ਤੋਂ ਰੇਲਵੇ ਵਿਭਾਗ ਤੋਂ ਮੰਗ ਕੀਤੀ ਗਈ ਸੀ ਕਿ ਤਰਨਤਾਰਨ ਰੇਲ ਲਾਈਨ ਨੂੰ ਸ੍ਰੀ ਗਇੰਦਵਾਲ ਸਾਹਿਬ ਰਾਹੀਂ ਬਿਆਸ ਨਾਲ ਜੋੜਿਆ ਜਾਵੇ ਤਾਂ ਜੋ ਮੁਸਾਫਰਾਂ ਨੂੰ ਬੱਸਾਂ ਦੀ ਬਜਾਏ ਸਸਤੇ ਅਤੇ ਆਰਾਮਦਾਇਕ ਰੇਲ ਸਫਰ ਰਾਹੀਂ ਦਿੱਲੀ ਦੇ ਰਸਤੇ ਵਿਚ ਆਉਣ ਵਾਲੇ ਹੋਰ ਸ਼ਹਿਰਾਂ ਅਤੇ ਦਿੱਲੀ ਜਾਣਾ ਸੌਖਾ ਹੋ ਸਕੇ ਪਰ ਵਿਭਾਗ ਵੱਲੋਂ ਬਿਆਸ ਤੋਂ ਤਰਨਤਾਰਨ ਲਈ ਚਲਾਏ ਗਏ ਇਸ ਡੀ. ਐੱਮ. ਯੂ. ਦਾ ਸਮਾਂ ਮੁਸਾਫਰਾਂ ਨੂੰ ਰਾਸ ਨਾ ਆਉਣ ਕਾਰਨ ਜਿੱਥੇ ਇਸ ਨੂੰ ਤੁਰੰਤ ਬੰਦ ਕਰਨ ਦੀ ਮੰਗ ਉੱਠ ਰਹੀ ਹੈ ਉਥੇ ਜ਼ਿਆਦਾਤਰ ਸ਼ਹਿਰ ਵਾਸੀਆਂ ਨੇ ਹਲਕਾ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਨੂੰ ਇਸ ਦੇ ਸਮੇਂ ਵਿਚ ਤਬਦੀਲੀ ਕਰਾਉਣ ਲਈ ਪੁਰਜ਼ੋਰ ਮੰਗ ਕੀਤੀ ਹੈ।
 ਤਰਨਤਾਰਨ ਰੇਲਵੇ ਸਟੇਸ਼ਨ, ਜਿਸ ਨੂੰ ਗੋਇੰਦਵਾਲ ਸਾਹਿਬ ਰਾਹੀਂ ਬਿਆਸ ਨਾਲ ਕਰੀਬ ਤਿੰਨ ਸਾਲ ਪਹਿਲਾਂ ਜੋੜਿਆ ਗਿਆ ਸੀ। ਇਹ ਡੀ. ਐੱਮ. ਯੂ. ਬਿਆਸ ਤੋਂ ਸਵੇਰੇ 6.10 ਤੋਂ ਚੱਲ ਕੇ 7.45 ਵਜੇ ਤਰਨਤਾਰਨ ਪਹੁੰਚਦਾ ਹੈ ਅਤੇ ਵਾਪਸ 7.55 ਤੋਂ ਚੱਲ ਕੇ 9.30 ਵਜੇ ਬਿਆਸ ਪਹੁੰਚਦਾ ਹੈ, ਜਿਸ ਕਾਰਨ ਦਿੱਲੀ ਜਾਣ ਵਾਲੇ ਮੁਸਾਫਰਾਂ ਨੂੰ ਅੰਮ੍ਰਿਤਸਰ ਤੋਂ ਦਿੱਲੀ ਜਾਣ ਵਾਲੀਆਂ ਸਪੈਸ਼ਲ ਗੱਡੀਆਂ ਦਾ ਸਫਰ ਨਸੀਬ ਨਹੀਂ ਹੁੰਦਾ। ਇਸ ਦੀ ਸਮਾਂ ਸਾਰਨੀ ਠੀਕ ਨਾ ਹੋਣ ਕਾਰਨ ਮੁਸਾਫਰਾਂ ਨੂੰ ਮਜਬੂਰਨ ਰੋਜ਼ਾਨਾ ਸਵੇਰੇ ਬੱਸ ਦਾ ਸਫਰ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਹ ਡੀ. ਐੱਮ. ਯੂ. ਰੋਜ਼ਾਨਾ ਅੱਠ ਚੱਕਰ ਲਾਉਂਦਾ ਹੈ। 

ਕੀ ਹੈ ਲੋਕਾਂ ਦੀ ਮੰਗ
ਇਸ ਸਬੰਧੀ ਗਗਨਦੀਪ ਸਿੰਘ ਚਾਵਲਾ, ਅਨਿਲ ਕੁਮਾਰ ਸ਼ੰਭੂ, ਨਰਿੰਦਰ ਪੁਰੀ, ਪ੍ਰਤਾਪ ਸਿੰਘ, ਮੁਕੇਸ਼ ਗੁਪਤਾ, ਬਿਮਲ ਅਗਰਵਾਲ, ਪਵਨ ਚਾਵਲਾ, ਮੰਗਲਦੀਪ ਕਾਹਲੋਂ, ਹਰਬੰਸ ਸਿੰਘ ਕਾਹਲੋਂ, ਗੌਰਵ ਕਪੂਰ, ਗਗਨਦੀਪ ਸਿੰਘ ਚਾਵਲਾ, ਅਨਿਲ ਕੁਮਾਰ ਸ਼ੰਭੂ ਆਦਿ ਨੇ ਦੱਸਿਆ ਕਿ ਇਸ ਦਾ ਜ਼ਿਲੇ ਭਰ ਦੇ ਲੋਕਾਂ ਨੂੰ ਕੋਈ ਲਾਭ ਨਹੀਂ ਹੋ ਰਿਹਾ ਕਿਉਂਕਿ ਫਗਵਾੜਾ, ਜਲੰਧਰ, ਲੁਧਿਆਣਾ, ਖੰਨਾ, ਰਾਜਪੁਰਾ, ਚੰਡੀਗੜ੍ਹ, ਪਾਣੀਪਤ, ਸੋਨੀਪਤ, ਕਰਨਾਲ ਤੇ ਦਿੱਲੀ ਆਦਿ ਵਿਖੇ ਪਹੁੰਚਣ ਲਈ ਇਹ ਡੀ. ਐੱਮ. ਯੂ. ਕਾਮਯਾਬ ਨਹੀਂ ਹੋ ਰਿਹਾ। ਉਨ੍ਹਾਂ ਦੱਸਿਆ ਕਿ ਇਸ ਦਾ ਸਮਾਂ ਠੀਕ ਨਾ ਹੋਣ ਕਾਰਨ ਲੋਕਾਂ ਨੂੰ ਪਹਿਲਾਂ ਅੰਮ੍ਰਿਤਸਰ ਜਾਣਾ ਪੈਂਦਾ ਹੈ ਤਾਂ ਜੋ ਉਹ ਸਮੇਂ 'ਤੇ ਅੰਮ੍ਰਿਤਸਰ ਜਾ ਕੇ ਦਿੱਲੀ ਜਾਣ ਵਾਲੀਆਂ ਗੱਡੀਆਂ 'ਤੇ ਸਫਰ ਕਰ ਸਕਣ।  

ਕੀ ਕਹਿੰਦੇ ਹਨ ਹਲਕਾ ਵਿਧਾਇਕ
ਇਸ ਸਬੰਧੀ ਹਲਕਾ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਨੇ ਦੱਸਿਆ ਕਿ ਉਹ ਮੁਸਾਫਰਾਂ ਦੀ ਇਸ ਮੰਗ ਨੂੰ ਰੇਲ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਾਹੀਂ ਪੱਤਰ ਲਿਖ ਕੇ ਇਸ ਦਾ ਸਮਾਂ ਸਵੇਰੇ 4 ਵਜੇ ਕਰਨ ਸਬੰਧੀ ਕੋਸ਼ਿਸ਼ ਕਰਨਗੇ। ਉਨ੍ਹਾਂ ਕਿਹਾ ਕਿ ਮੁਸਾਫਰਾਂ ਦੀ ਇਸ ਮੰਗ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਵਾਇਆ ਜਾਵੇਗਾ ਤਾਂ ਜੋ ਸਰਹੱਦੀ ਜ਼ਿਲੇ ਦੇ ਲੋਕ ਇਸ ਰਾਹੀਂ ਵੱਡੇ ਸ਼ਹਿਰਾਂ ਨਾਲ ਜੁੜ ਕੇ ਆਪਣੇ ਵਪਾਰ ਨੂੰ ਹੋਰ ਵਧਾ ਕਰ ਸਕਣ।

ਆਸਾਨ ਹੈ ਸਮਾਂ ਬਦਲਣਾ
ਬਿਆਸ-ਤਰਨਤਾਰਨ ਰੂਟ 'ਤੇ ਚੱਲਣ ਵਾਲੇ ਇਸ ਡੀ. ਐੱਮ. ਯੂ. ਦਾ ਸਮਾਂ ਬਦਲਣ ਨਾਲ ਵਿਭਾਗ ਨੂੰ ਕੋਈ ਖਾਸ ਮੁਸ਼ਕਿਲਾਂ ਨਾ ਆਉਣ ਦਾ ਅਨੁਮਾਨ ਲਾਇਆ ਜਾ ਰਿਹਾ ਹੈ ਕਿਉਂਕਿ ਇਸ ਰੂਟ 'ਤੇ ਹੋਰ ਕੋਈ ਗੱਡੀ ਨਹੀਂ ਚੱਲਦੀ ਅਤੇ ਬਿਆਸ ਜਾਣ ਲਈ ਸਾਰਾ ਸਟਾਫ ਵੀ ਉਸੇ ਤਰ੍ਹਾਂ ਕੰਮ ਕਰੇਗਾ।  

ਕੀ ਕਹਿੰਦੇ ਹਨ ਸਟੇਸ਼ਨ ਮਾਸਟਰ
ਸਟੇਸ਼ਨ ਮਾਸਟਰ ਰਵੀ ਸ਼ੇਰ ਸਿੰਘ ਨੇ ਦੱਸਿਆ ਕਿ ਇਸ ਗੱਡੀ ਨੂੰ ਜੇ ਸਵੇਰੇ ਤੜਕਸਾਰ ਚਲਾਇਆ ਜਾਵੇ ਤਾਂ ਮੁਸਾਫਰਾਂ ਨੂੰ ਕਾਫੀ ਲਾਭ ਮਿਲਣ ਦੀ ਆਸ ਹੈ। ਉਨ੍ਹਾਂ ਦੱਸਿਆ ਕਿ ਇਹ ਗੱਡੀ ਰੋਜ਼ਾਨਾ ਅੱਠ ਚੱਕਰ ਲਾਉਂਦੀ ਹੈ, ਜਿਸ ਦਾ ਤਰਨਤਾਰਨ ਤੋਂ ਬਿਆਸ ਤੱਕ ਦਾ ਸਫਰ 48 ਕਿਲੋਮੀਟਰ ਤੇ ਕਿਰਾਇਆ 15 ਰੁਪਏ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਪਾਰਸਲ ਦੀ ਸੁਵਿਧਾ ਵੀ ਸ਼ੁਰੂ ਹੋਣ ਦੀ ਉਮੀਦ ਹੈ। 


Related News