ਰਾਹੁਲ ‘ਤਮਾਸ਼ਾ’ ਬੰਦ ਕਰ ਕੇ ਕੈਪਟਨ ਨੂੰ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਦੇਵੇ ਹਿਦਾਇਤ: ਪ੍ਰੋ. ਚੰਦੂਮਾਜਰਾ

Sunday, Oct 04, 2020 - 11:01 PM (IST)

ਰਾਹੁਲ ‘ਤਮਾਸ਼ਾ’ ਬੰਦ ਕਰ ਕੇ ਕੈਪਟਨ ਨੂੰ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਦੇਵੇ ਹਿਦਾਇਤ: ਪ੍ਰੋ. ਚੰਦੂਮਾਜਰਾ

ਚੰਡੀਗੜ੍ਹ, (ਅਸ਼ਵਨੀ)- ਸ਼੍ਰੋਮਣੀ ਅਕਾਲੀ ਦਲ ਨੇ ਅੱਜ ਰਾਹੁਲ ਨੂੰ ਆਖਿਆ ਕਿ ਉਹ ਘਟੀਆ ਤਮਾਸ਼ੇ ਬੰਦ ਕਰਨ ਅਤੇ ਪੰਜਾਬ ਵਿਚ ਆਪਣੀ ਪਾਰਟੀ ਦੀ ਸਰਕਾਰ ਨੂੰ ਹਦਾਇਤ ਕਰਨ ਕਿ ਉਹ ‘ਅੰਨਦਾਤਾ’ ਨਾਲ ਕੀਤੇ ਵਾਅਦੇ ਪੂਰੇ ਕਰੇ। ਰਾਹੁਲ ਗਾਂਧੀ ਦੇ ਪੰਜਾਬ ਦੌਰੇ ਨੂੰ ‘ਨੌਂ ਸੌ ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ’ ਕਰਾਰ ਦਿੰਦਿਆਂ ਪਾਰਟੀ ਦੇ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਰਾਹੁਲ ਜੀ, ਤੁਸੀਂ ਉਸ ਵੇਲੇ ਨਾ ਸਿਰਫ਼ ਕਾਇਰਾਨਾ ਤਰੀਕੇ ਨਾਲ ਦੇਸ਼ ’ਚੋਂ ਭੱਜ ਗਏ, ਜਦੋਂ ਖੇਤੀ ਬਿੱਲ ਸੰਸਦ ਵਿਚ ਪੇਸ਼ ਕੀਤੇ ਗਏ ਬਲਕਿ ਤੁਸੀਂ ਆਪਣੀ ਪਾਰਟੀ ਦੇ ਸੰਸਦ ਮੈਂਬਰਾਂ ਨੂੰ ਇਨ੍ਹਾਂ ਬਿੱਲਾਂ ਖਿਲਾਫ ਭੁਗਤਣ ਲਈ ਵ੍ਹਿਪ ਜਾਰੀ ਨਾ ਕਰ ਕੇ ਅਤੇ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਸੰਸਦ ਵਿਚ ਬਿੱਲਾਂ ਖਿਲਾਫ ਬੋਲਣ ਤੋਂ ਰੋਕ ਕੇ ਬਿੱਲ ਪਾਸ ਹੋਣ ਦਿੱਤਾ। ਜੇਕਰ ਤੁਸੀਂ ਕਾਇਰਾਨਾ ਹਰਕਤ ਨਾ ਕਰਦੇ ਤਾਂ ਇਹ ਬਿੱਲ ਰੋਕੇ ਜਾ ਸਕਦੇ ਸੀ ਪਰ ਤੁਸੀਂ ਦੇਸ਼ ਦੇ ਕਿਸਾਨਾਂ ਨਾਲ ਡਟਣ ਦੀ ਥਾਂ ਭਾਜਪਾ ਸਰਕਾਰ ਦੀ ਮਦਦ ਕੀਤੀ।
ਚੰਦੂਮਾਜਰਾ ਨੇ ਰਾਹੁਲ ਨੂੰ ਸਵਾਲ ਕੀਤਾ ਕਿ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵਲੋਂ ਪੁੱਛੇ 5 ਸਵਾਲਾਂ ਵਿਚੋਂ ਇਕ ਦਾ ਵੀ ਜਵਾਬ ਕਿਉਂ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਤੁਸੀਂ ਇਨ੍ਹਾਂ ਸਵਾਲਾਂ ਦਾ ਜਵਾਬ ਇਸ ਕਰ ਕੇ ਨਹੀਂ ਦਿੱਤਾ ਕਿਉਂਕਿ ਤੁਹਾਨੂੰ ਪਤਾ ਹੈ ਕਿ ਨਾ ਸਿਰਫ਼ ਤੁਸੀਂ ਕਾਇਰ ਹੋ ਬਲਕਿ ਤੁਸੀਂ ਉਸ ਝੂਠੇ ਵਿਅਕਤੀ ਦੀ ਹਮਾਇਤ ਕਰਨ ਆਏ ਹੋ, ਜੋ ਤੁਹਾਡਾ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਹੈ ਅਤੇ ਜਿਸ ਨੇ ਗੁਟਕਾ ਸਾਹਿਬ ਤੇ ‘ਦਸਮ ਪਿਤਾ’ ਦੀ ਝੂਠੀ ਸਹੁੰ ਚੁੱਕਣ ਤੋਂ ਵੀ ਗੁਰੇਜ਼ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਤੁਹਾਡੀ ਹਾਲਤ ’ਤੇ ਤਰਸ ਆ ਰਿਹਾ ਹੈ। ਤੁਹਾਡੇ ਵਿਚ ਇੰਨੀ ਸਮਰੱਥਾ ਨਹੀਂ ਕਿ ਤੁਸੀਂ ਆਪਣੇ ਮੁੱਖ ਮੰਤਰੀ ਨੂੰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਹਿਦਾਇਤ ਦੇਵੋ।

ਅੱਜ ਇਹ ਦੌਰਾ ਕਰਨ ਦਾ ਸਮਾਂ ਚੁਣਨ ’ਤੇ ਸਵਾਲ ਉਠਾਉਂਦਿਆਂ ਚੰਦੂਮਾਜਰਾ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਰਾਹੁਲ ਗਾਂਧੀ ਨੂੰ ਪੰਜਾਬ ਤੇ ਇਸ ਦੇ ਕਿਸਾਨ ਉਦੋਂ ਕਈ ਸਾਲਾਂ ਬਾਅਦ ਚੇਤੇ ਆਏ ਹਨ ਜਦੋਂ ਇਨ੍ਹਾਂ ਦੀ ਪਾਰਟੀ ਦਾ ਇੱਥੇ ਹਾਲ ਮਾੜਾ ਹੈ ਤੇ ਚੋਣਾਂ ਨੂੰ ਇਕ ਸਾਲ ਦੇ ਕਰੀਬ ਹੀ ਸਮਾਂ ਰਹਿੰਦਾ ਹੈ। ਅਜਿਹਾ ਜਾਪਦਾ ਹੈ ਕਿ ਤੁਹਾਨੂੰ ਕਿਸਾਨ ਸਿਰਫ਼ ਉਸ ਵੇਲੇ ਚੇਤੇ ਆਉਂਦੇ ਹਨ, ਜਦੋਂ ਸੂਬੇ ਵਿਚ ਚੋਣਾਂ ਸਿਰ ’ਤੇ ਹੋਣ। ਤੁਸੀਂ ਉਸ ਵੇਲੇ ਪੰਜਾਬ ਨਹੀਂ ਆਏ ਜਦੋਂ ਸੈਂਕੜੇ ਕਿਸਾਨਾਂ ਨੇ ਤੁਹਾਡੀ ਸਰਕਾਰ ਵਲੋਂ ਉਨ੍ਹਾਂ ਦੇ ਖੇਤੀ ਕਰਜ਼ੇ ਮੁਆਫ ਕਰਨ ਤੋਂ ਇਨਕਾਰ ਕਰਨ ’ਤੇ ਖੁਦਕੁਸ਼ੀਆਂ ਕਰ ਲਈਆਂ ਸਨ। ਤੁਸੀਂ ਉਦੋਂ ਵੀ ਸੂਬੇ ਦਾ ਦੌਰਾ ਨਹੀਂ ਕੀਤਾ ਜਦੋਂ ਤੁਹਾਡੇ ਨਜ਼ਦੀਕੀ ਮੁੱਖ ਮੰਤਰੀ ਦੇ ਧਾਰਮਿਕ ਸਲਾਹਕਾਰ ਪਰਮਜੀਤ ਸਿੰਘ ਸਰਨਾ ਸਮੇਤ ਕਾਂਗਰਸ ਦੇ ਸ਼ਰਾਬ ਮਾਫੀਆ ਕਾਰਨ 325 ਵਿਅਕਤੀਆਂ ਦੀ ਮੌਤ ਹੋ ਗਈ।


author

Bharat Thapa

Content Editor

Related News