ਰਾਹੁਲ ਨੇ ਮੋਦੀ ਨੂੰ ਗਲੇ ਮਿਲ ਕੇ ਰਾਜਨੀਤੀ ਨੂੰ ਨਵੀਂ ਦਿਸ਼ਾ ਦਿੱਤੀ : ਕੈਪਟਨ
Saturday, Jul 21, 2018 - 02:14 AM (IST)

ਜਲੰਧਰ (ਧਵਨ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਲੋਂ ਸੰਸਦ ਵਿਚ ਦਿੱਤੇ ਗਏ ਭਾਸ਼ਣ ਨੂੰ ਬੇਮਿਸਾਲ ਕਰਾਰ ਦਿੰਦਿਆਂ ਕਿਹਾ ਕਿ ਭਾਸ਼ਣ ਦੀ ਸਮਾਪਤੀ ਤੋਂ ਬਾਅਦ ਰਾਹੁਲ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗਲੇ ਮਿਲੇ ਹਨ, ਉਸ ਨਾਲ ਕਾਂਗਰਸ ਦੀ ਵਿਚਾਰਧਾਰਾ ਪੂਰੇ ਦੇਸ਼ ਦੇ ਲੋਕਾਂ ਤੱਕ ਗਈ ਹੈ। ਕਾਂਗਰਸ ਨਫਰਤ ਜਾਂ ਆਪਸੀ ਦੁਸ਼ਮਣੀ ਵਿਚ ਯਕੀਨ ਨਹੀਂ ਰੱਖਦੀ, ਸਗੋਂ ਉਹ ਸਦਭਾਵਨਾ ਤੇ ਪਿਆਰ ਦੇ ਰਸਤੇ 'ਤੇ ਅੱਗੇ ਵਧਦੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਸੰਸਦ ਵਿਚ ਰਾਹੁਲ ਗਾਂਧੀ ਵਲੋਂ ਦਿੱਤੇ ਗਏ ਸ਼ਾਨਦਾਰ ਭਾਸ਼ਣ ਨੂੰ ਦੇਖਿਆ ਅਤੇ ਉਸ ਤੋਂ ਬਾਅਦ ਟਵੀਟ ਕਰਦਿਆਂ ਰਾਹੁਲ ਗਾਂਧੀ ਨੂੰ ਇਸ ਦੇ ਲਈ ਵਧਾਈ ਦਿੱਤੀ। ਮੁੱਖ ਮੰਤਰੀ ਨੇ ਕਿਹਾ ਕਿ ਸਾਰੇ ਲੋਕਾਂ ਦੀ ਭਲਾਈ, ਆਪਸੀ ਪਿਆਰ ਅਤੇ ਸਦਭਾਵਨਾ ਦੇ ਰਸਤੇ 'ਤੇ ਚੱਲ ਕੇ ਹੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਰਾਹੁਲ ਨੇ ਅਸਲ ਵਿਚ ਦੇਸ਼ ਦੀ ਸਿਆਸਤ ਨੂੰ ਇਕ ਨਵੀਂ ਦਿਸ਼ਾ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਰਾਹੁਲ ਮੋਦੀ ਵਲੋਂ ਗਾਂਧੀ ਪਰਿਵਾਰ ਦੀਆਂ ਕੀਤੀਆਂ ਜਾ ਰਹੀਆਂ ਸਾਰੀਆਂ ਆਲੋਚਨਾਵਾਂ ਨੂੰ ਪਰ੍ਹੇ ਰੱਖਦਿਆਂ ਖੁੱਲ੍ਹੇ ਦਿਲ ਨਾਲ ਮੋਦੀ ਨੂੰ ਮਿਲੇ। ਉਨ੍ਹਾਂ ਕਿਹਾ ਕਿ ਭਾਰਤੀ ਰਾਜਨੀਤੀ ਵਿਚ ਸੁਧਾਰ ਲਿਆਉਣ ਲਈ ਰਾਹੁਲ ਨੇ ਇਕ ਚੰਗੀ ਮਿਸਾਲ ਸਾਰੀਆਂ ਸਿਆਸੀ ਪਾਰਟੀਆਂ ਸਾਹਮਣੇ ਪੇਸ਼ ਕੀਤੀ, ਜਿਸ ਨੂੰ ਆਉਣ ਵਾਲੇ ਕਈ ਸਾਲਾਂ ਤੱਕ ਯਾਦ ਕੀਤਾ ਜਾਵੇਗਾ।