ਰਾਹੁਲ ਗਾਂਧੀ ਨੇ ''ਕੈਪਟਨ'' ਦਾ ਨਾਂ ਲੈਂਦਿਆਂ ਕਰ ''ਤਾ ਵੱਡਾ ਇਸ਼ਾਰਾ! ਪੰਜਾਬ ਦੀ ਸਿਆਸਤ ''ਚ ਮਚੀ ਹਲਚਲ

Friday, Aug 07, 2026 - 09:50 AM (IST)

ਰਾਹੁਲ ਗਾਂਧੀ ਨੇ ''ਕੈਪਟਨ'' ਦਾ ਨਾਂ ਲੈਂਦਿਆਂ ਕਰ ''ਤਾ ਵੱਡਾ ਇਸ਼ਾਰਾ! ਪੰਜਾਬ ਦੀ ਸਿਆਸਤ ''ਚ ਮਚੀ ਹਲਚਲ

ਚੰਡੀਗੜ੍ਹ (ਅੰਕੁਰ ਤਾਂਗੜੀ) : ਪੰਜਾਬ ਦੀ ਸਿਆਸਤ 'ਚ ਇੱਕ ਵਾਰ ਫਿਰ ਕੈਪਟਨ ਅਮਰਿੰਦਰ ਸਿੰਘ ਦਾ ਨਾਂ ਚਰਚਾ ਦੇ ਕੇਂਦਰ 'ਚ ਆ ਗਿਆ ਹੈ। ਇਸ ਵਾਰ ਚਰਚਾ ਦੀ ਵਜ੍ਹਾ ਕੋਈ ਚੋਣੀ ਰੈਲੀ ਜਾਂ ਸਿਆਸੀ ਬਿਆਨ ਨਹੀਂ, ਸਗੋਂ ਕਾਂਗਰਸੀ ਨੇਤਾ ਰਾਹੁਲ ਗਾਂਧੀ ਦਾ ਇੱਕ ਛੋਟਾ ਜਿਹਾ ਜਵਾਬ ਬਣਿਆ ਹੈ। ਜਦੋਂ ਇੱਕ ਇੰਟਰਵਿਊ ਦੌਰਾਨ ਰਾਹੁਲ ਗਾਂਧੀ ਤੋਂ ਪੁੱਛਿਆ ਗਿਆ ਕਿ ਭਾਜਪਾ 'ਚ ਉਨ੍ਹਾਂ ਦਾ ਮਨਪਸੰਦ ਨੇਤਾ ਕੌਣ ਹੈ ਤਾਂ ਉਨ੍ਹਾਂ ਨੇ ਬਿਨਾਂ ਕਿਸੇ ਹਿਚਕਚਾਹਟ ਦੇ ਕੈਪਟਨ ਅਮਰਿੰਦਰ ਸਿੰਘ ਦਾ ਨਾਂ ਲਿਆ। ਇਸ ਤੋਂ ਬਾਅਦ ਸਿਆਸੀ ਗਲਿਆਰਿਆਂ 'ਚ ਇਸ ਬਿਆਨ ਦੇ ਕਈ ਮਾਇਨੇ ਕੱਢੇ ਜਾ ਰਹੇ ਹਨ। ਰਾਹੁਲ ਗਾਂਧੀ ਨੇ ਕੈਪਟਨ ਅਮਰਿੰਦਰ ਸਿੰਘ ਬਾਰੇ ਕਿਹਾ ਕਿ ਉਹ ਉਨ੍ਹਾਂ ਦੇ ਮਨਪਸੰਦ ਨੇਤਾਵਾਂ ਵਿੱਚੋਂ ਇੱਕ ਹਨ, ਇੱਕ ਵਧੀਆ ਮਿਲਟਰੀ ਹਿਸਟੋਰੀਅਨ ਹਨ ਅਤੇ ਉਨ੍ਹਾਂ ਨਾਲ ਕੰਮ ਕਰਨ ਦਾ ਤਜੁਰਬਾ ਵੀ ਚੰਗਾ ਰਿਹਾ। ਭਾਵੇਂ ਇਹ ਇੱਕ ਛੋਟਾ ਜਿਹਾ ਜਵਾਬ ਸੀ ਪਰ ਪੰਜਾਬ ਦੀ ਸਿਆਸਤ 'ਚ ਇਸ ਨੂੰ ਇੱਕ ਵੱਡੇ ਸਿਆਸੀ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਰਾਹੁਲ ਗਾਂਧੀ ਦਾ ਇਹ ਬਿਆਨ ਸਿਰਫ਼ ਇੱਕ ਰਸਮੀ ਜਵਾਬ ਨਹੀਂ ਸੀ। ਇਸ ਦੇ ਪਿੱਛੇ ਕਈ ਸਿਆਸੀ ਸੁਨੇਹੇ ਲੁਕੇ ਹੋ ਸਕਦੇ ਹਨ। ਖ਼ਾਸ ਕਰਕੇ ਉਸ ਸਮੇਂ, ਜਦੋਂ ਪੰਜਾਬ ਕਾਂਗਰਸ ਅੰਦਰੂਨੀ ਖਿੱਚੋਤਾਣ ਦਾ ਸਾਹਮਣਾ ਕਰ ਰਹੀ ਹੈ ਅਤੇ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਵੀ ਭਾਜਪਾ 'ਚ ਆਪਣੇ ਭਵਿੱਖ ਨੂੰ ਲੈ ਕੇ ਚਰਚਾਵਾਂ 'ਚ ਰਹਿੰਦੇ ਹਨ। ਕੈਪਟਨ ਅਮਰਿੰਦਰ ਸਿੰਘ ਕਈ ਮੌਕਿਆਂ 'ਤੇ ਇਹ ਕਹਿ ਚੁੱਕੇ ਹਨ ਕਿ ਉਨ੍ਹਾਂ ਦੇ ਰਾਹੁਲ ਗਾਂਧੀ ਅਤੇ ਗਾਂਧੀ ਪਰਿਵਾਰ ਨਾਲ ਨਿੱਜੀ ਸਬੰਧ ਅੱਜ ਵੀ ਬਣੇ ਹੋਏ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਰਾਹੁਲ ਗਾਂਧੀ ਉਨ੍ਹਾਂ ਨੂੰ ਜਨਮਦਿਨ 'ਤੇ ਵਧਾਈ ਦਿੰਦੇ ਹਨ ਅਤੇ ਦੋਵਾਂ ਵਿਚਕਾਰ ਸੰਪਰਕ ਬਣਿਆ ਰਹਿੰਦਾ ਹੈ। ਇਸ ਤੋਂ ਇਲਾਵਾ ਕੈਪਟਨ ਇਹ ਵੀ ਕਹਿੰਦੇ ਰਹੇ ਹਨ ਕਿ ਕਾਂਗਰਸ ਦਾ ਸਿਆਸੀ ਕਲਚਰ ਉਨ੍ਹਾਂ ਨੂੰ ਵਧੇਰੇ ਸੁਖਦਾਈ ਲੱਗਦਾ ਸੀ ਅਤੇ ਉਹ ਉਸ ਮਾਹੌਲ 'ਚ ਜ਼ਿਆਦਾ ਆਰਾਮਦਾਇਕ ਮਹਿਸੂਸ ਕਰਦੇ ਸਨ।

ਇਹ ਵੀ ਪੜ੍ਹੋ : ਵਾਹਨ ਚਾਲਕ ਹੋ ਜਾਣ ਸਾਵਧਾਨ! ਮੋਹਾਲੀ ਪੁਲਸ ਨੇ ਲਿਆ ਵੱਡਾ ਐਕਸ਼ਨ, ਸੜਕ 'ਤੇ ਨਿਕਲਣ ਤੋਂ ਪਹਿਲਾਂ...
ਇਸੇ ਪਿਛੋਕੜ 'ਚ ਜਦੋਂ ਰਾਹੁਲ ਗਾਂਧੀ ਨੇ ਭਾਜਪਾ ਦੇ ਆਪਣੇ ਮਨਪਸੰਦ ਨੇਤਾ ਵਜੋਂ ਕੈਪਟਨ ਦਾ ਨਾਂ ਲਿਆ ਤਾਂ ਇਸ ਨੂੰ ਸਿਰਫ਼ ਨਿੱਜੀ ਪ੍ਰਸ਼ੰਸਾ ਤੱਕ ਸੀਮਤ ਨਹੀਂ ਮੰਨਿਆ ਜਾ ਰਿਹਾ। ਸਿਆਸੀ ਹਲਕਿਆਂ 'ਚ ਇਹ ਚਰਚਾ ਛਿੜ ਗਈ ਹੈ ਕਿ ਕੀ ਰਾਹੁਲ ਗਾਂਧੀ ਨੇ ਇੱਕੋ ਸਮੇਂ ਤਿੰਨ ਵੱਖ-ਵੱਖ ਸੁਨੇਹੇ ਦੇਣ ਦੀ ਕੋਸ਼ਿਸ਼ ਕੀਤੀ ਹੈ। ਪਹਿਲਾ ਸੁਨੇਹਾ ਕੈਪਟਨ ਅਮਰਿੰਦਰ ਸਿੰਘ ਲਈ ਮੰਨਿਆ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਨੇ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਕਿ ਸਿਆਸੀ ਰਾਹ ਭਾਵੇਂ ਵੱਖ ਹੋ ਗਏ ਹੋਣ, ਪਰ ਨਿੱਜੀ ਰਿਸ਼ਤਿਆਂ 'ਚ ਕੜਵਾਹਟ ਨਹੀਂ ਹੈ। ਇਹ ਵੀ ਸੰਕੇਤ ਦਿੱਤਾ ਗਿਆ ਕਿ ਕਾਂਗਰਸ ਲੀਡਰਸ਼ਿਪ ਅੱਜ ਵੀ ਕੈਪਟਨ ਦੇ ਯੋਗਦਾਨ ਨੂੰ ਸਨਮਾਨ ਨਾਲ ਯਾਦ ਕਰਦੀ ਹੈ। ਦੂਜਾ ਸੁਨੇਹਾ ਭਾਜਪਾ ਲਈ ਮੰਨਿਆ ਜਾ ਰਿਹਾ ਹੈ। ਰਾਹੁਲ ਗਾਂਧੀ ਨੇ ਕਿਸੇ ਅਜਿਹੇ ਭਾਜਪਾ ਨੇਤਾ ਦਾ ਨਾਮ ਨਹੀਂ ਲਿਆ, ਜਿਸ ਦੀ ਰਾਜਨੀਤਿਕ ਪਛਾਣ ਸੰਘ ਜਾਂ ਭਾਜਪਾ ਨਾਲ ਹੀ ਜੁੜੀ ਰਹੀ ਹੋਵੇ। ਇਸ ਦੀ ਬਜਾਏ ਉਨ੍ਹਾਂ ਨੇ ਉਸ ਨੇਤਾ ਦਾ ਨਾਂ ਲਿਆ, ਜਿਸ ਦੀ ਰਾਜਨੀਤਿਕ ਸ਼ੁਰੂਆਤ ਅਤੇ ਲੰਬਾ ਸਫ਼ਰ ਕਾਂਗਰਸ ਨਾਲ ਜੁੜਿਆ ਰਿਹਾ। ਇਸ ਕਰਕੇ ਕੁੱਝ ਮਾਹਿਰ ਇਸ ਨੂੰ ਇੱਕ ਪ੍ਰਤੀਕਾਤਮਕ ਰਾਜਨੀਤਿਕ ਸੁਨੇਹੇ ਵਜੋਂ ਵੀ ਦੇਖ ਰਹੇ ਹਨ।ਤੀਜਾ ਸੁਨੇਹਾ ਪੰਜਾਬ ਕਾਂਗਰਸ ਲਈ ਮੰਨਿਆ ਜਾ ਰਿਹਾ ਹੈ। ਪਿਛਲੇ ਕੁੱਝ ਸਮੇਂ ਤੋਂ ਪੰਜਾਬ ਕਾਂਗਰਸ 'ਚ ਅੰਦਰੂਨੀ ਮਤਭੇਦ ਅਤੇ ਲੀਡਰਸ਼ਿਪ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ। ਅਜਿਹੇ ਸਮੇਂ 'ਚ ਕੈਪਟਨ ਦੀ ਖੁੱਲ੍ਹ ਕੇ ਪ੍ਰਸ਼ੰਸਾ ਨੂੰ ਕੁੱਝ ਲੋਕ ਪਾਰਟੀ ਅੰਦਰ ਇੱਕ ਨਰਮ ਸੰਕੇਤ ਵਜੋਂ ਵੀ ਦੇਖ ਰਹੇ ਹਨ ਕਿ ਪੁਰਾਣੇ ਸਾਥੀਆਂ ਪ੍ਰਤੀ ਸਨਮਾਨ ਅਜੇ ਵੀ ਕਾਇਮ ਹੈ। ਇਹ ਵੀ ਧਿਆਨਯੋਗ ਹੈ ਕਿ ਕਾਂਗਰਸ ਛੱਡ ਕੇ ਭਾਜਪਾ 'ਚ ਜਾਣ ਵਾਲੇ ਕਈ ਵੱਡੇ ਨੇਤਾਵਾਂ ਦੇ ਨਾਂ ਚਰਚਾ 'ਚ ਰਹੇ ਹਨ। ਪੰਜਾਬ 'ਚ ਸੁਨੀਲ ਜਾਖੜ ਤੋਂ ਲੈ ਕੇ ਹੋਰ ਸੂਬਿਆਂ 'ਚ ਜਯੋਤਿਰਾਦਿੱਤਿਆ ਸਿੰਧੀਆ ਅਤੇ ਮਿਲਿੰਦ ਦੇਵੜਾ ਵਰਗੇ ਨੇਤਾ ਵੀ ਕਾਂਗਰਸ ਛੱਡ ਚੁੱਕੇ ਹਨ ਪਰ ਰਾਹੁਲ ਗਾਂਧੀ ਨੇ ਇਨ੍ਹਾਂ ਵਿੱਚੋਂ ਕਿਸੇ ਦਾ ਨਾਂ ਨਹੀਂ ਲਿਆ।

ਇਹ ਵੀ ਪੜ੍ਹੋ : ਪੰਜਾਬ 'ਚ 2 ਦਿਨ ਠੱਪ ਰਹੇਗਾ ਕੰਮ! ਰਜਿਸਟਰੀ ਕਰਾਉਣ ਤੇ ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਹੋ ਜਾਣ ALERT

ਇਸ ਦੀ ਬਜਾਏ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਆਪਣਾ ਮਨਪਸੰਦ ਨੇਤਾ ਦੱਸਣਾ ਸਿਆਸੀ ਚਰਚਾ ਦਾ ਵਿਸ਼ਾ ਬਣ ਗਿਆ ਹੈ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਦੀ ਇੱਕ ਵਜ੍ਹਾ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਮੇਂ-ਸਮੇਂ 'ਤੇ ਗਾਂਧੀ ਪਰਿਵਾਰ ਅਤੇ ਕਾਂਗਰਸ ਦੇ ਸੰਗਠਨਾਤਮਕ ਕਲਚਰ ਦੀ ਕੀਤੀ ਗਈ ਪ੍ਰਸ਼ੰਸਾ ਵੀ ਹੋ ਸਕਦੀ ਹੈ। ਕੈਪਟਨ ਕਈ ਮੌਕਿਆਂ 'ਤੇ ਕਹਿ ਚੁੱਕੇ ਹਨ ਕਿ ਕਾਂਗਰਸ 'ਚ ਖੁੱਲ੍ਹ ਕੇ ਆਪਣੀ ਗੱਲ ਰੱਖਣ ਦੀ ਵਧੇਰੇ ਆਜ਼ਾਦੀ ਸੀ। ਉਨ੍ਹਾਂ ਦੇ ਇਹ ਬਿਆਨ ਵੀ ਲਗਾਤਾਰ ਚਰਚਾ 'ਚ ਰਹੇ ਹਨ। ਕੁੱਝ ਮਹੀਨੇ ਪਹਿਲਾਂ ਕਾਂਗਰਸ ਨੇਤਾ ਭੂਪੇਸ਼ ਬਘੇਲ ਨੇ ਵੀ ਕੈਪਟਨ ਅਮਰਿੰਦਰ ਸਿੰਘ ਦੀ ਸਿਆਸੀ ਯੋਗਤਾ ਦੀ ਪ੍ਰਸ਼ੰਸਾ ਕੀਤੀ ਸੀ। ਉਸ ਸਮੇਂ ਵੀ ਕੈਪਟਨ ਦੀ ਸੰਭਾਵਿਤ ਘਰ ਵਾਪਸੀ ਨੂੰ ਲੈ ਕੇ ਸਿਆਸੀ ਚਰਚਾਵਾਂ ਤੇਜ਼ ਹੋ ਗਈਆਂ ਸਨ। ਹਾਲਾਂਕਿ ਨਾ ਤਾਂ ਕਾਂਗਰਸ ਅਤੇ ਨਾ ਹੀ ਕੈਪਟਨ ਵੱਲੋਂ ਇਸ ਸਬੰਧੀ ਕੋਈ ਅਧਿਕਾਰਤ ਪੁਸ਼ਟੀ ਕੀਤੀ ਗਈ ਸੀ। ਹੁਣ ਰਾਹੁਲ ਗਾਂਧੀ ਦੇ ਤਾਜ਼ਾ ਬਿਆਨ ਨੇ ਉਹ ਚਰਚਾਵਾਂ ਇੱਕ ਵਾਰ ਫਿਰ ਜ਼ਿੰਦਾ ਕਰ ਦਿੱਤੀਆਂ ਹਨ। ਭਾਵੇਂ ਇਹ ਕਹਿਣਾ ਜਲਦਬਾਜ਼ੀ ਹੋਵੇਗੀ ਕਿ ਇਸ ਦੇ ਪਿੱਛੇ ਕੋਈ ਸਿਆਸੀ ਰਣਨੀਤੀ ਹੈ, ਪਰ ਇੰਨਾ ਜ਼ਰੂਰ ਹੈ ਕਿ ਇਸ ਬਿਆਨ ਨੇ ਪੰਜਾਬ ਦੀ ਸਿਆਸਤ 'ਚ ਨਵੀਂ ਬਹਿਸ ਨੂੰ ਜਨਮ ਦੇ ਦਿੱਤਾ ਹੈ। ਰਾਜਨੀਤੀ 'ਚ ਹਰ ਸ਼ਬਦ ਅਤੇ ਹਰ ਬਿਆਨ ਦੇ ਕਈ ਅਰਥ ਕੱਢੇ ਜਾਂਦੇ ਹਨ। ਖ਼ਾਸ ਕਰਕੇ ਜਦੋਂ ਗੱਲ ਰਾਹੁਲ ਗਾਂਧੀ ਵਰਗੇ ਰਾਸ਼ਟਰੀ ਨੇਤਾ ਦੀ ਹੋਵੇ ਤਾਂ ਇੱਕ ਸਧਾਰਨ ਜਵਾਬ ਵੀ ਵੱਡੇ ਸਿਆਸੀ ਸੰਕੇਤ ਵਜੋਂ ਦੇਖਿਆ ਜਾਂਦਾ ਹੈ। ਇਸੇ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ ਦਿੱਤਾ ਗਿਆ ਇਹ ਬਿਆਨ ਵੀ ਪੰਜਾਬ ਦੀ ਸਿਆਸਤ 'ਚ ਆਉਣ ਵਾਲੇ ਦਿਨਾਂ 'ਚ ਚਰਚਾ ਦਾ ਮੁੱਖ ਵਿਸ਼ਾ ਬਣਿਆ ਰਹਿ ਸਕਦਾ ਹੈ। ਫਿਲਹਾਲ ਇਹ ਸਪੱਸ਼ਟ ਹੈ ਕਿ ਰਾਹੁਲ ਗਾਂਧੀ ਦੇ ਇੱਕ ਛੋਟੇ ਜਿਹੇ ਜਵਾਬ ਨੇ ਕਾਂਗਰਸ, ਭਾਜਪਾ ਅਤੇ ਪੰਜਾਬ ਦੀ ਰਾਜਨੀਤੀ 'ਚ ਨਵੀਂ ਚਰਚਾ ਛੇੜ ਦਿੱਤੀ ਹੈ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਇਸ 'ਤੇ ਕੈਪਟਨ ਅਮਰਿੰਦਰ ਸਿੰਘ, ਭਾਜਪਾ ਅਤੇ ਪੰਜਾਬ ਕਾਂਗਰਸ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਕੀ ਪ੍ਰਤੀਕਿਰਿਆ ਸਾਹਮਣੇ ਆਉਂਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News