ਕਾਂਗਰਸੀਆਂ ਦੀਆਂ ਫਿਲਹਾਲ ਨਜ਼ਰਾਂ ਦਿੱਲੀ ਦਰਬਾਰ ਵਲ

Tuesday, Jun 11, 2019 - 12:23 PM (IST)

ਕਾਂਗਰਸੀਆਂ ਦੀਆਂ ਫਿਲਹਾਲ ਨਜ਼ਰਾਂ ਦਿੱਲੀ ਦਰਬਾਰ ਵਲ

ਜਲੰਧਰ (ਧਵਨ)— ਕੌਮੀ ਪੱਧਰ 'ਤੇ ਰਾਹੁਲ ਗਾਂਧੀ ਦੇ ਪਾਰਟੀ ਦੀ ਪ੍ਰਧਾਨਗੀ ਦੇ ਅਹੁਦੇ ਨੂੰ ਲੈ ਕੇ ਸਥਿਤੀ ਸਾਫ ਹੋਣ ਤੋਂ ਬਾਅਦ ਹੀ ਪੰਜਾਬ ਕਾਂਗਰਸ ਲੀਡਰਸ਼ਿਪ ਨੂੰ ਲੈ ਕੇ ਦੁਚਿੱਤੀ ਦੇ ਬੱਦਲ ਦੂਰ ਹਟਣਗੇ। ਕਾਂਗਰਸ ਸੂਤਰਾਂ ਨੇ ਦੱਸਿਆ ਕਿ ਰਾਹੁਲ ਗਾਂਧੀ ਨੇ ਪਾਰਟੀ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਪਿਛਲੇ ਦਿਨੀਂ ਪਾਰਟੀ ਵਰਕਿੰਗ ਕਮੇਟੀ ਦੀ ਬੈਠਕ 'ਚ ਦਿੱਤਾ ਸੀ, ਜਿਸ ਤੋਂ ਬਾਅਦ ਕਈ ਸੂਬਿਆਂ ਦੇ ਕਾਂਗਰਸ ਪ੍ਰਧਾਨਾਂ ਨੇ ਵੀ ਆਪਣੇ ਅਹੁਦਿਆਂ ਤੋਂ ਅਸਤੀਫੇ ਦੇ ਦਿੱਤੇ ਸਨ। ਇਸੇ ਤਰ੍ਹਾਂ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਵੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਕਾਂਗਰਸੀ ਹਲਕਿਆਂ ਨੇ ਦੱਸਿਆ ਕਿ ਕਾਂਗਰਸੀਆਂ ਦੀਆਂ ਨਜ਼ਰਾਂ ਫਿਲਹਾਲ ਦਿੱਲੀ ਦਰਬਾਰ 'ਤੇ ਟਿਕੀਆਂ ਹੋਈਆਂ ਹਨ। ਦਿੱਲੀ 'ਚ ਰਾਹੁਲ ਗਾਂਧੀ ਦੇ ਕਾਂਗਰਸ ਦੀ ਪ੍ਰਧਾਨਗੀ ਦੇ ਅਹੁਦੇ 'ਤੇ ਬਣੇ ਰਹਿਣ ਜਾਂ ਕੋਈ ਹੋਰ ਫੈਸਲਾ ਸਾਹਮਣੇ ਆਉਣ ਤੋਂ ਬਾਅਦ ਹੀ ਪੰਜਾਬ ਕਾਂਗਰਸ ਲੀਡਰਸ਼ਿਪ ਨੂੰ ਲੈ ਕੇ ਸਥਿਤੀ ਸਾਫ ਹੋ ਸਕੇਗੀ।

ਇਸ 'ਚ ਅਜੇ ਕੁਝ ਦਿਨ ਹੋਰ ਲੱਗ ਸਕਦੇ ਹਨ। ਜਾਖੜ ਨੇ ਭਾਵੇਂ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਪਰ ਪੰਜਾਬ ਦੇ ਸਮੁੱਚੇ ਕਾਂਗਰਸੀ ਸੰਸਦ ਮੈਂਬਰਾਂ ਅਤੇ ਕਾਂਗਰਸੀ ਵਿਧਾਇਕਾਂ ਨੇ ਇਕ ਪ੍ਰਸਤਾਵ ਪਾਸ ਕਰਕੇ ਰਾਹੁਲ ਗਾਂਧੀ ਨੂੰ ਭੇਜਿਆ ਸੀ ਜਿਸ 'ਚ ਜਾਖੜ ਦਾ ਅਸਤੀਫਾ ਇਸ ਆਧਾਰ 'ਤੇ ਰੱਦ ਕਰਨ ਦੀ ਅਪੀਲ ਕੀਤੀ ਗਈ ਸੀ ਕਿ ਪੰਜਾਬ 'ਚ ਤਾਂ ਕਾਂਗਰਸ ਨੇ 13 'ਚੋਂ 8 ਸੀਟਾਂ 'ਤੇ ਜਿੱਤ ਹਾਸਲ ਕੀਤੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਿੰਦੂ ਨੇਤਾ ਹੋਣ ਦੇ ਨਾਤੇ ਜਾਖੜ ਨੂੰ ਪ੍ਰਧਾਨਗੀ ਦੇ ਅਹੁਦੇ 'ਤੇ ਬਣਾਏ ਰੱਖਣ ਦੇ ਪੱਖ 'ਚ ਹਨ।

ਭਾਵੇਂਕਿ ਸੰਸਦ ਦਾ ਸੈਸ਼ਨ ਸ਼ੁਰੂ ਹੋਣਾ ਹੈ, ਇਸ ਲਈ ਮੰਨਿਆ ਜਾ ਰਿਹਾ ਹੈ ਕਿ ਅਗਲੇ 10 ਦਿਨਾਂ ਦੇ ਅੰਦਰ ਕੌਮੀ ਪੱਧਰ 'ਤੇ ਕਾਂਗਰਸ ਤਾਂ ਪ੍ਰਧਾਨਗੀ ਦੇ ਅਹੁਦੇ ਨੂੰ ਲੈ ਕੇ ਸਥਿਤੀਆਂ ਸਾਫ ਹੋਣਗੀਆਂ ਹੀ ਪਰ ਨਾਲ ਹੀ ਪੰਜਾਬ 'ਚ ਵੀ ਕਾਂਗਰਸ ਲੀਡਰਸ਼ਿਪ ਨੂੰ ਲੈ ਕੇ ਸਥਿਤੀ ਸਾਫ ਹੋ ਜਾਵੇਗੀ। ਅਜੇ ਫਿਲਹਾਲ ਦੁਚਿੱਤੀ ਦੇ ਬੱਦਲ ਬਣੇ ਹੋਏ ਹਨ। ਇਸ ਲਈ ਪਾਰਟੀ ਦੀਆਂ ਸੰਗਠਨ ਪੱਧਰ 'ਤੇ ਗਤੀਵਿਧੀਆਂ ਵੀ ਠੱਪ ਪਈਆਂ ਹੋਈਆਂ ਹਨ। ਕਾਂਗਰਸੀਆਂ ਦਾ ਵੀ ਮੰਨਣਾ ਹੈ ਕਿ ਜਿਵੇਂ ਹੀ ਪੰਜਾਬ ਕਾਂਗਰਸ ਲੀਡਰਸ਼ਿਪ ਨੂੰ ਲੈ ਕੇ ਸਥਿਤੀ ਸਾਫ ਹੋਵੇਗੀ, ਉਸ ਤੋਂ ਬਾਅਦ ਹੀ ਪਾਰਟੀ ਦੀਆਂ ਸਰਗਰਮੀਆਂ ਫਿਰ ਤੋਂ ਸ਼ੁਰੂ ਹੋ ਸਕਣਗੀਆਂ। ਕਾਂਗਰਸ ਨੇ ਸੂਬੇ 'ਚ ਮਿਸ਼ਨ 2022 ਵੀ ਸ਼ੁਰੂ ਕਰਨਾ ਹੈ, ਜਿਸ ਦੇ ਸੰਕੇਤ ਮੁੱਖ ਮੰਤਰੀ ਵਲੋਂ ਦਿੱਤੇ ਜਾ ਚੁੱਕੇ ਹਨ।


Related News