ਰਾਹੁਲ ਗਾਂਧੀ 13 ਨੂੰ ਅੰਮ੍ਰਿਤਸਰ ''ਚ, ਜਲਿਆਂਵਾਲਾ ਬਾਗ ''ਚ ਸ਼ਹੀਦਾਂ ਨੂੰ ਦੇਣਗੇ ਸ਼ਰਧਾਂਜਲੀ

Wednesday, Apr 10, 2019 - 09:20 AM (IST)

ਰਾਹੁਲ ਗਾਂਧੀ 13 ਨੂੰ ਅੰਮ੍ਰਿਤਸਰ ''ਚ, ਜਲਿਆਂਵਾਲਾ ਬਾਗ ''ਚ ਸ਼ਹੀਦਾਂ ਨੂੰ ਦੇਣਗੇ ਸ਼ਰਧਾਂਜਲੀ

ਜਲੰਧਰ/ਅੰਮ੍ਰਿਤਸਰ (ਧਵਨ) : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦਾ 13 ਅਪ੍ਰੈਲ ਨੂੰ ਅੰਮ੍ਰਿਤਸਰ ਆਉਣ ਦਾ ਪ੍ਰੋਗਰਾਮ ਬਣ ਗਿਆ ਹੈ। ਰਾਹੁਲ ਗਾਂਧੀ ਅੰਮ੍ਰਿਤਸਰ ਵਿਚ 13 ਅਪ੍ਰੈਲ ਨੂੰ ਸਵੇਰੇ 9 ਵਜੇ ਪਹੁੰਚਣਗੇ ਤੇ ਉਥੋਂ ਸਿੱਧਾ ਜਲਿਆਂਵਾਲਾ ਬਾਗ ਜਾ ਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ। ਜਲਿਆਂਵਾਲਾ ਬਾਗ ਕਤਲੇਆਮ ਨੂੰ 100 ਸਾਲ ਪੂਰੇ ਹੋਣ ਜਾ ਰਹੇ ਹਨ। ਇਸ ਨੂੰ ਦੇਖਦਿਆਂ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਰਾਹੁਲ ਗਾਂਧੀ ਨੂੰ ਅੰਮ੍ਰਿਤਸਰ ਆਉਣ ਦਾ ਸੱਦਾ ਦਿੱਤਾ ਸੀ, ਜਿਸ ਨੂੰ ਉਨ੍ਹਾਂ ਅੱਜ ਮਨਜ਼ੂਰ ਕਰ ਲਿਆ।

ਕਾਂਗਰਸੀ ਹਲਕਿਆਂ ਨੇ ਦੱਸਿਆ ਕਿ ਰਾਹੁਲ ਗਾਂਧੀ ਦਾ ਅੰਮ੍ਰਿਤਸਰ ਵਿਚ ਸਿਰਫ ਡੇਢ ਘੰਟਾ ਰੁਕਣ ਦਾ ਪ੍ਰੋਗਰਾਮ ਹੈ ਕਿਉਂਕਿ ਉਸ ਤੋਂ ਬਾਅਦ ਉਨ੍ਹਾਂ ਹੋਰ ਸੂਬਿਆਂ ਵਿਚ ਚੋਣ ਰੈਲੀਆਂ ਵਿਚ ਹਿੱਸਾ ਲੈਣ ਲਈ ਜਾਣਾ ਹੈ। ਰਾਹੁਲ ਗਾਂਧੀ ਨਾਲ 13 ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਤੇ ਸੁਨੀਲ ਜਾਖੜ ਵੀ ਮੌਜੂਦ ਰਹਿਣਗੇ। ਰਾਹੁਲ ਗਾਂਧੀ ਜਲਿਆਂਵਾਲਾ ਬਾਗ ਵਿਚ 100 ਸਾਲ ਪਹਿਲਾਂ ਜਨਰਲ ਡਾਇਰ ਦੇ ਹੁਕਮਾਂ 'ਤੇ ਗੋਲੀਕਾਂਡ ਵਿਚ ਸ਼ਹੀਦ ਹੋਏ ਕ੍ਰਾਂਤੀਕਾਰੀ ਤੇ ਹੋਰ ਲੋਕਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਤੋਂ ਬਾਅਦ ਆਪਣੇ ਵਿਚਾਰ ਰੱਖਣਗੇ। ਰਾਹੁਲ ਗਾਂਧੀ ਦੇ ਪ੍ਰੋਗਰਾਮ ਨੂੰ ਦੇਖਦਿਆਂ ਅੰਮ੍ਰਿਤਸਰ ਦੇ ਕਾਂਗਰਸੀ ਆਗੂਆਂ ਨੂੰ ਤਿਆਰੀਆਂ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।

ਕਾਂਗਰਸੀ ਸੂਤਰਾਂ ਨੇ ਦੱਸਿਆ ਕਿ ਚੋਣ ਕਮਿਸ਼ਨ ਨੇ ਪਹਿਲਾਂ ਹੀ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਮੰਤਰੀਆਂ ਨੂੰ ਜਲਿਆਂਵਾਲਾ ਬਾਗ ਵਿਚ ਪ੍ਰੋਗਰਾਮ ਕਰਨ ਦੀ ਮਨਜ਼ੂਰੀ ਦਿੱਤੀ ਹੋਈ ਹੈ। ਇਸ ਨੂੰ ਦੇਖਦਿਆਂ ਰਾਹੁਲ ਗਾਂਧੀ ਦੇ ਆਗਮਨ 'ਤੇ ਆਦਰਸ਼ ਚੋਣ ਜ਼ਾਬਤਾ ਲਾਗੂ ਨਹੀਂ ਹੋਵੇਗਾ ਕਿਉਂਕਿ ਚੋਣਾਂ ਦਾ ਐਲਾਨ ਹੋ ਚੁੱਕਾ ਹੈ, ਇਸ ਲਈ ਹੋਰ ਉਮੀਦਵਾਰ ਆਪਣੇ-ਆਪਣੇ ਲੋਕ ਸਭਾ ਹਲਕਿਆਂ ਵਿਚ ਹੀ ਰਹਿਣਗੇ।


author

Baljeet Kaur

Content Editor

Related News