ਰਾਹੁਲ ਗਾਂਧੀ ਦੇ ਅਸਤੀਫੇ ਤੋਂ ਕੈਪਟਨ ਨਿਰਾਸ਼
Wednesday, Jul 03, 2019 - 09:30 PM (IST)

ਚੰਡੀਗੜ੍ਹ,(ਅਸ਼ਵਨੀ): ਕਾਂਗਰਸ ਪਾਰਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਰਾਹੁਲ ਗਾਂਧੀ ਵਲੋਂ ਦਿੱਤੇ ਗਏ ਅਸਤੀਫੇ 'ਤੇ ਨਿਰਾਸ਼ਾ ਪ੍ਰਗਟ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਰਾਹੁਲ ਨੂੰ ਉਸੇ ਗਤੀਸ਼ੀਲ ਤੇ ਲੜਾਕੂ ਭਾਵਨਾ ਦੇ ਨਾਲ ਪਾਰਟੀ ਦੀ ਅਗਵਾਈ ਲਗਾਤਾਰ ਕਰਦੇ ਰਹਿਣਾ ਚਾਹੀਦਾ ਹੈ, ਜੋ ਉਨ੍ਹਾਂ ਨੇ ਚੋਣ ਮੁਹਿੰਮ ਦੌਰਾਨ ਦਿਖਾਈ ਸੀ। ਕੈਪਟਨ ਅਮਰਿੰਦਰ ਸਿੰਘ ਨੇ ਦੁਹਰਾਇਆ ਕਿ ਹਾਲ ਹੀ ਦੀਆਂ ਲੋਕ ਸਭਾ ਚੋਣਾਂ 'ਚ ਪਾਰਟੀ ਦੀ ਹਾਰ ਦਾ ਸਾਰਾ ਬੋਝ ਇਕੱਲੇ ਰਾਹੁਲ ਦੇ ਮੋਢਿਆਂ 'ਤੇ ਨਹੀਂ ਲੱਦਿਆ ਜਾ ਸਕਦਾ ਕਿਉਂਕਿ ਇਹ ਸਾਰੇ ਕਾਂਗਰਸੀ ਆਗੂਆਂ ਦੀ ਸਮੂਹਿਕ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਸਮੂਹਿਕ ਹਾਰ ਲਈ ਰਾਹੁਲ ਵਲੋਂ ਆਪਣੇ ਆਪ ਨੂੰ ਜਵਾਬਦੇਹ ਬਣਾਉਣਾ ਸਹੀ ਨਹੀਂ ਹੈ।
ਭਾਰਤੀ ਜਨਤਾ ਪਾਰਟੀ ਨੇ ਰਾਸ਼ਟਰਵਾਦ ਦੇ ਰਾਹੀਂ ਚੋਣਾਂ 'ਚ ਜਿੱਤ ਹਾਸਲ ਕੀਤੀ ਹੈ। ਜਿਸ ਨੇ ਰਾਹੁਲ ਦੀ ਅਗਵਾਈ 'ਚ ਕਾਂਗਰਸ ਦੀ ਹਾਂ-ਪੱਖੀ ਚੋਣ ਮੁਹਿੰਮ ਨੂੰ ਦਬਾਅ ਲਿਆ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਿੱਤਾਂ ਤੇ ਹਾਰਾਂ ਕਿਸੇ ਵੀ ਸਿਆਸੀ ਪਾਰਟੀ ਦੀ ਚੋਣ ਸਿਆਸਤ ਦਾ ਹਿੱਸਾ ਹੁੰਦੀਆਂ ਹਨ ਤੇ ਕੋਈ ਵੀ ਹਾਰ ਪਾਰਟੀ ਦੇ ਮੁੜ ਉਭਰਨ ਲਈ ਮੰਚ ਮੁਹੱਈਆ ਕਰਾਉਂਦੀ ਹੈ। ਰਾਹੁਲ ਦੀ ਗਤੀਸ਼ੀਲ ਤੇ ਸੁਲਝੀ ਹੋਈ ਅਗਵਾਈ 'ਚ ਕਾਂਗਰਸ ਲਾਜ਼ਮੀ ਤੌਰ 'ਤੇ ਮੁੜ ਉਭਰੇਗੀ ਤੇ ਇਹ ਜ਼ਿਆਦਾ ਸ਼ਕਤੀਸ਼ਾਲੀ ਹੋਵੇਗੀ। ਮੁੱਖ ਮੰਤਰੀ ਨੇ ਉਮੀਦ ਪ੍ਰਗਟ ਕੀਤੀ ਕਿ ਰਾਹੁਲ ਛੇਤੀ ਹੀ ਪਾਰਟੀ ਨੂੰ ਮੁੜ ਉਚਾਈਆਂ ਵੱਲ ਲਿਜਾਣ ਲਈ ਵਾਪਸ ਆਉਣਗੇ।