ਪ੍ਰਿਯੰਕਾ ਗਾਂਧੀ ਦਾ ਜਨਮ ਦਿਨ ਮਨਾਉਣ ਲਈ ‘ਭਾਰਤ ਜੋੜੋ ਯਾਤਰਾ’ ਵਿਚਾਲੇ ਛੱਡ ਕੇ ਗਏ ਰਾਹੁਲ ਗਾਂਧੀ

Thursday, Jan 12, 2023 - 10:12 PM (IST)

ਪ੍ਰਿਯੰਕਾ ਗਾਂਧੀ ਦਾ ਜਨਮ ਦਿਨ ਮਨਾਉਣ ਲਈ ‘ਭਾਰਤ ਜੋੜੋ ਯਾਤਰਾ’ ਵਿਚਾਲੇ ਛੱਡ ਕੇ ਗਏ ਰਾਹੁਲ ਗਾਂਧੀ

ਲੁਧਿਆਣਾ (ਹਿਤੇਸ਼/ਰਿੰਕੂ)-ਰਾਹੁਲ ਗਾਂਧੀ ਵੱਲੋਂ ਕੱਢੀ ਜਾ ਰਹੀ ‘ਭਾਰਤ ਜੋੜੋ ਯਾਤਰਾ’ ਦੇ ਵੀਰਵਾਰ ਨੂੰ ਲੁਧਿਆਣਾ ਪੁੱਜਣ ਤੋਂ ਬਾਅਦ ਪਾਈ ਗਈ ਇਕ ਦਿਨ ਦੀ ਬ੍ਰੇਕ ਨੂੰ ਚਾਹੇ ਲੋਹੜੀ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਪਰ ਮਿਲੀ ਜਾਣਕਾਰੀ ਮੁਤਾਬਕ ਰਾਹੁਲ ਗਾਂਧੀ ਆਪਣੀ ਭੈਣ ਪ੍ਰਿਯੰਕਾ ਗਾਂਧੀ ਦਾ ਜਨਮ ਦਿਨ ਮਨਾਉਣ ਲਈ ‘ਭਾਰਤ ਜੋੜੋ ਯਾਤਰਾ’ ਵਿਚਾਲੇ ਛੱਡ ਕੇ ਗਏ ਹਨ ਕਿਉਂਕਿ ਰਾਹੁਲ ਗਾਂਧੀ ਮੁਤਾਬਕ ਉਹ ‘ਭਾਰਤ ਜੋੜੋ ਯਾਤਰਾ’ ਦੌਰਾਨ ਰੋਜ਼ਾਨਾ 25 ਕਿਲੋਮੀਟਰ ਦਾ ਰਸਤਾ ਤੈਅ ਕਰਦੇ ਹਨ ਪਰ ਪੰਜਾਬ ’ਚ ਯਾਤਰਾ ਦੇ ਦੂਜੇ ਦਿਨ ਇਹ ਮਾਹੌਲ ਦੇਖਣ ਨੂੰ ਨਹੀਂ ਮਿਲਿਆ ਕਿਉਂਕਿ ਵੀਰਵਾਰ ਨੂੰ ਸਵੇਰੇ ਪਾਇਲ ਤੋਂ ਸ਼ੁਰੂ ਹੋਈ ਯਾਤਰਾ ਸ਼ਾਮ ਨੂੰ ਚਲਾਉਣ ਦੀ ਬਜਾਏ ਦੁਪਹਿਰ ਸਮੇਂ ਸਮਰਾਲਾ ਚੌਕ ਵਿਚ ਹੀ ਰੈਲੀ ਦੌਰਾਨ ਖ਼ਤਮ ਕਰ ਦਿੱਤੀ ਗਈ।

ਸ਼ੁੱਕਰਵਾਰ ਨੂੰ ‘ਭਾਰਤ ਜੋੜੋ ਯਾਤਰਾ’ ਵਿਚ ਇਕ ਦਿਨ ਦੀ ਬ੍ਰੇਕ ਦਿੱਤੀ ਗਈ ਹੈ ਅਤੇ ਰਾਹੁਲ ਗਾਂਧੀ ਦਿੱਲੀ ਰਵਾਨਾ ਹੋ ਗਏ ਹਨ, ਜਿਸ ਦੇ ਲਈ ਪੰਜਾਬ ਦੇ ਲੋਕਾਂ ’ਚ ਲੋਹੜੀ ਦੇ ਤਿਉਹਾਰ ਦੀ ਕਾਫ਼ੀ ਮਾਨਤਾ ਹੋਣ ਦੀ ਗੱਲ ਕਹੀ ਜਾ ਰਹੀ ਹੈ ਪਰ ਜੇਕਰ ਮਾਨਤਾ ਦੀ ਗੱਲ ਕਰੀਏ ਤਾਂ ਪੰਜਾਬ ’ਚ ਮੱਘਰ ਦੀ ਸੰਗਰਾਂਦ ਦਾ ਵੀ ਓਨਾ ਹੀ ਮਹੱਤਵ ਹੈ, ਜਿਸ ਦਿਨ ਉਹ ਯਾਤਰਾ ਜਾਰੀ ਰੱਖਣਗੇ, ਜਦਕਿ ਅਸਲੀਅਤ ਇਹ ਹੈ ਕਿ ਰਾਹੁਲ ਗਾਂਧੀ ਆਪਣੀ ਭੈਣ ਪ੍ਰਿਯੰਕਾ ਗਾਂਧੀ ਦਾ ਜਨਮ ਦਿਨ ਮਨਾਉਣ ਲਈ ‘ਭਾਰਤ ਜੋੜੋ ਯਾਤਰਾ’ ਨੂੰ ਵਿਚੇ ਛੱਡ ਕੇ ਗਏ ਹਨ, ਜਿਸ ਤੋਂ ਬਾਅਦ ਸ਼ੁੱਕਰਵਾਰ ਨੂੰ ਸਵੇਰ ਜਲਦੀ ਆ ਕੇ ਯਾਤਰਾ ’ਚ ਸ਼ਾਮਲ ਨਹੀਂ ਹੋ ਸਕਦੇ, ਜਿਸ ਦੇ ਮੱਦੇਨਜ਼ਰ ਯਾਤਰਾ ਦੇ ਅਗਲੇ ਪੜਾਅ ਨੂੰ ਸ਼ਨੀਵਾਰ ਲਾਡੋਵਾਲ ਤੋਂ ਸ਼ੁਰੂ ਕੀਤਾ ਜਾਵੇਗਾ।

 ਰਾਹੁਲ ਗਾਂਧੀ ਦੇ ਡੁਪਲੀਕੇਟ ਦਾ ਰਿਹਾ ਕ੍ਰੇਜ਼

‘ਭਾਰਤ ਜੋੜੋ ਯਾਤਰਾ’ ਦੌਰਾਨ ਰਾਹੁਲ ਗਾਂਧੀ ਦੇ ਡੁਪਲੀਕੇਟ ਦਾ ਕਾਫੀ ਕ੍ਰੇਜ਼ ਰਿਹਾ, ਜੋ ਯੂ. ਪੀ. ਦੇ ਮੇਰਠ ਦਾ ਰਹਿਣ ਵਾਲਾ ਫ਼ੈਜ਼ਲ ਹੈ, ਜੋ ਬਿਲਕੁਲ ਰਾਹੁਲ ਗਾਂਧੀ ਦਾ ਹਮਸ਼ਕਲ ਲੱਗ ਰਿਹਾ ਸੀ। ਫ਼ੈਜ਼ਲ ਮੁਤਾਬਕ ਉਸ ਦਾ ਪਰਿਵਾਰ ਕਾਂਗਰਸ ਹਮਾਇਤੀ ਹੈ ਅਤੇ ਉਹ ਦਿੱਲੀ ਤੋਂ ‘ਭਾਰਤ ਜੋੜੋ ਯਾਤਰਾ’ ਦੇ ਨਾਲ ਚੱਲ ਰਿਹਾ ਹੈ ਅਤੇ ਉਹ ਕਸ਼ਮੀਰ ਤੱਕ ਨਾਲ ਰਹੇਗਾ ਪਰ ਉਸ ਦੀ ਰਾਹੁਲ ਗਾਂਧੀ ਨਾਲ ਪਹਿਲੀ ਵਾਰ ਮੁਲਾਕਾਤ ਲੁਧਿਆਣਾ ’ਚ ਹੋਈ ਹੈ, ਜਿਸ ਦੌਰਾਨ ਰਾਹੁਲ ਗਾਂਧੀ ਉਸ ਨੂੰ ਦੇਖ ਕੇ ਹੱਸੇ ਅਤੇ ਜੱਫੀ ਪਾ ਕੇ ਮਿਲੇ।

ਫ਼ੈਜ਼ਲ ਮੁਤਾਬਕ ਉਸ ਨੂੰ ਇਲਾਕੇ ਦੇ ਲੋਕ ਪਹਿਲਾਂ ਹੀ ਮਿੰਨੀ ਰਾਹੁਲ ਗਾਂਧੀ ਜਾਂ ਰਾਹੁਲ ਗਾਂਧੀ-ਟੂ ਬੁਲਾਉਂਦੇ ਹਨ ਪਰ ਭਾਰਤ ਜੋੜੋ ਯਾਤਰਾ ਦੌਰਾਨ ਉਹ ਕਾਫੀ ਵਾਇਰਲ ਹੋ ਰਿਹਾ ਹੈ। ਜਦੋਂ ਲੋਕ ਉਸ ਦੇ ਨਾਲ ਫੋਟੋ ਖਿੱਚ ਰਹੇ ਹਨ ਅਤੇ ਰਾਹੁਲ ਗਾਂਧੀ ਸਮਝ ਕੇ ਉਸ ਨੂੰ ਆਪਣੀਆਂ ਸ਼ਿਕਾਇਤਾਂ ਦੱਸ ਰਹੇ ਹਨ। ਇੱਥੋਂ ਤੱਕ ਕਿ ਕਈ ਵਾਰ ਸੁਰੱਖਿਆ ਮੁਲਾਜ਼ਮ ਵੀ ਧੋਖਾ ਖਾ ਜਾਂਦੇ ਹਨ।

ਦੂਜੇ ਦਿਨ ਨਾ ਪਹਿਨੀ ਪੱਗੜੀ ਤੇ ਨਾ ਕਿਸੇ ਧਾਰਮਿਕ ਅਸਥਾਨ ’ਤੇ ਗਏ

ਰਾਹੁਲ ਗਾਂਧੀ ਵੱਲੋਂ ਪੰਜਾਬ ਵਿਚ ‘ਭਾਰਤ ਜੋੜੋ ਯਾਤਰਾ’ ਦੀ ਸ਼ੁਰੂਆਤ ਦਰਬਾਰ ਸਾਹਿਬ ’ਚ ਮੱਥਾ ਟੇਕ ਕੇ ਕੀਤੀ ਗਈ ਸੀ ਅਤੇ ਦੂਜੇ ਦਿਨ ਫਤਿਹਗੜ੍ਹ ਸਾਹਿਬ ਗੁਰਦੁਆਰਾ ’ਚ ਅਰਦਾਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਵੱਲੋਂ ਪੱਗੜੀ ਬੰਨ੍ਹੀ ਹੋਈ ਸੀ ਪਰ ਦੂਜੇ ਦਿਨ ਯਾਤਰਾ ਦੌਰਾਨ ਰਾਹੁਲ ਗਾਂਧੀ ਵੱਲੋਂ ਪੱਗੜੀ ਨਹੀਂ ਬੰਨ੍ਹੀ ਗਈ ਅਤੇ ਨਾ ਹੀ ਕਿਸੇ ਧਾਰਮਿਕ ਅਸਥਾਨ ’ਤੇ ਗਏ, ਸਗੋਂ ਧਾਰਮਿਕ ਅਸਥਾਨ ਰਸਤੇ ’ਚ ਆਏ, ਉਨ੍ਹਾਂ ਨੂੰ ਬਾਹਰੋਂ ਹੀ ਮੱਥਾ ਟੇਕ ਦਿੱਤਾ ਗਿਆ, ਜਿਸ ਨੂੰ ਯਾਤਰਾ ਨੂੰ ਦੁਪਹਿਰ ਤੋਂ ਪਹਿਲਾਂ ਖਤਮ ਕਰਨ ਦੀ ਜਲਦਬਾਜ਼ੀ ਦਾ ਨਤੀਜਾ ਮੰਨਿਆ ਜਾ ਰਿਹਾ ਹੈ।

 ਪ੍ਰਤਾਪ ਬਾਜਵਾ ਦੇ ਸਟੇਜ ’ਤੇ ਨਾ ਜਾਣ ਨੂੰ ਲੈ ਕੇ ਛਿੜੀ ਚਰਚਾ

ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ‘ਭਾਰਤ ਜੋੜੋ ਯਾਤਰਾ’ ਦੌਰਾਨ ਪੂਰਾ ਸਮਾਂ ਰਾਹੁਲ ਗਾਂਧੀ ਦੇ ਨਾਲ ਨਜ਼ਰ ਆ ਰਹੇ ਹਨ ਪਰ ਵੀਰਵਾਰ ਨੂੰ ਲੁਧਿਆਣਾ ’ਚ ਰੱਖੀ ਰੈਲੀ ਦੀ ਸਟੇਜ ’ਤੇ ਨਾ ਜਾਣ ਸਬੰਧੀ ਚਰਚਾ ਛਿੜ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਬਾਜਵਾ ਨੇ ਨਜ਼ਰ ਨਾ ਆਉਣ ਦੀ ਗੱਲ ਖੁਦ ਰਾਹੁਲ ਗਾਂਧੀ ਵੱਲੋਂ ਕਹੀ ਗਈ, ਜਿਸ ਤੋਂ ਬਾਅਦ ਸਟੇਜ ਤੋਂ ਉਨ੍ਹਾਂ ਨੂੰ ਬੁਲਾਉਣ ਲਈ ਕਈ ਵਾਰ ਅਨਾਊਂਸਮੈਂਟ ਕੀਤੀ ਗਈ ਪਰ ਉਹ ਨਹੀਂ ਆਏ, ਜਿਸ ਨੂੰ ਕਿਸੇ ਨਾਰਾਜ਼ਗੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਹਾਲਾਂਕਿ ਬਾਜਵਾ ਅਤੇ ਬਾਕੀ ਕਾਂਗਰਸ ਤੇ ਨੇਤਾਵਾਂ ਵੱਲੋਂ ਕਿਸੇ ਤਰ੍ਹਾਂ ਦੀ ਨਾਰਾਜ਼ਗੀ ਤੋਂ ਇਨਕਾਰ ਕੀਤਾ ਗਿਆ ਹੈ।

 ਕਿਸਾਨ ਦੇ ਘਰ ਪੀਤੀ ਚਾਹ ਤੇ ਉੱਦਮੀਆਂ ਨਾਲ ਕੀਤੀ ਮੁਲਾਕਾਤ

ਰਾਹੁਲ ਗਾਂਧੀ ਵੱਲੋਂ ਪਾਇਲ ਤੋਂ ਯਾਤਰਾ ਸ਼ੁਰੂ ਕਰਨ ਤੋਂ ਬਾਅਦ ਸਾਹਨੇਵਾਲ ’ਚ ਨੈਸ਼ਨਲ ਹਾਈਵੇ ’ਤੇ ਸਥਿਤ ਇਕ ਕਿਸਾਨ ਦੇ ਘਰ ਰੁਕ ਕੇ ਚਾਹ ਪੀਣ ਦੇ ਨਾਲ ਹੀ ਸ਼ੇਰਪੁਰ ਚੌਕ ਨੇੜੇ ਓਸਵਾਲ ਦੇ ਕੰਪਲੈਕਸ ’ਚ ਉੱਦਮੀਆਂ ਨਾਲ ਮੁਲਾਕਾਤ ਕੀਤੀ ਗਈ, ਜਿੱਥੇ ਕਮਲ ਓਸਵਾਲ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਹਾਲਾਂਕਿ ਰਸਤੇ ’ਚ ਰਾਹੁਲ ਗਾਂਧੀ ਵੱਲੋਂ ਕਈ ਥਾਈਂ ਕਾਂਗਰਸੀ ਨੇਤਾਵਾਂ ਤੋਂ ਇਲਾਵਾ ਬੱਚਿਆਂ, ਬਜ਼ੁਰਗਾਂ, ਔਰਤਾਂ, ਕਿਸਾਨਾਂ, ਮਜ਼ਦੂਰਾਂ ਨਾਲ ਵੀ ਮੁਲਾਕਾਤ ਕੀਤੀ ਗਈ।


author

Manoj

Content Editor

Related News