ਰਾਹੁਲ ਦਾ ਪ੍ਰਧਾਨ ਮੰਤਰੀ ਬਣ ਖੇਤੀ ਬਿੱਲਾਂ ਨੂੰ ਖ਼ਤਮ ਕਰਨਾ ਮਤਲਬ ਅਨੰਤਕਾਲ ਤੱਕ ਉਡੀਕ: ਸੁਖਬੀਰ ਬਾਦਲ
Tuesday, Oct 06, 2020 - 02:30 AM (IST)
ਚੰਡੀਗੜ੍ਹ, (ਅਸ਼ਵਨੀ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਅੱਜ ਕਿਹਾ ਕਿ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਦੇ ਪ੍ਰਧਾਨ ਮੰਤਰੀ ਬਣ ਕੇ ਖੇਤੀ ਐਕਟਾਂ ਨੂੰ ਰੱਦ ਕਰਨ ਦੀ ਉਡੀਕ, ਜਿਵੇਂ ਕਿ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਸੁਝਾਅ ਦਿੱਤਾ ਹੈ, ਦਾ ਮਤਲਬ ਹੋਵੇਗਾ ਕਿ ਅਨੰਤਕਾਲ ਤਕ ਉਡੀਕ ਕਰਨਾ। ਉਨ੍ਹਾਂ ਕਿਹਾ ਕਿ ਅਜਿਹੀ ਸ਼ਰਤ ਰੱਖਣ ਦਾ ਮਤਲਬ ਹੈ ਟੀਚੇ ਤੋਂ ਪਾਸੇ ਹੋਣਾ ਤੇ ਦੋਸਤਾਨਾ ਮੈਚ ਖੇਡ ਕੇ ਇਹ ਯਕੀਨੀ ਬਣਾਉਣਾ ਕਿ ਖੇਤੀ ਐਕਟ ਪੰਜਾਬ ਵਿਚ ਲਾਗੂ ਹੋਣਗੇ। ਸੁਖਬੀਰ ਨੇ ਜ਼ੋਰ ਦੇ ਕੇ ਕਿਹਾ ਕਿ ਮੁੱਖ ਮੰਤਰੀ ਦੋਵੇਂ ਧਿਰਾਂ ਲਈ ਸੱਚੇ ਹੋਣਾ ਚਾਹੁੰਦੇ ਹਨ। ਜਿਵੇਂ ਇਕ ਸਾਲ ਪਹਿਲਾਂ ਹੀ ਖੇਤੀ ਬਿੱਲਾਂ ਬਾਰੇ ਜਾਣਕਾਰੀ ਹੋਣ ਦੇ ਬਾਵਜੂਦ ਉਨ੍ਹਾਂ ਨੇ ਕੁਝ ਨਹੀਂ ਕੀਤਾ। ਪੰਜਾਬੀ ਹੁਣ ਰਾਹੁਲ ਗਾਂਧੀ ਦੇ ਪ੍ਰਧਾਨ ਮੰਤਰੀ ਬਣਨ ਦੀ ਉਡੀਕ ਕਰਨਗੇ ਤਾਂ ਜੋ ਖੇਤੀ ਐਕਟ ਰੱਦ ਕੀਤੇ ਜਾ ਸਕਣ, ਇਹ ਨਾਪ੍ਰਵਾਨਯੋਗ ਗੱਲ ਹੈ ਕਿਉਂਕਿ ਹਰ ਕੋਈ ਜਾਣਦਾ ਹੈ ਕਿ ਅਜਿਹਾ ਕਦੇ ਹੋਣ ਨਹੀਂ ਵਾਲਾ।
ਮੁੱਖ ਮੰਤਰੀ ਵਲੋਂ ਪੰਜਾਬੀਆਂ ਦੇ ਹਿੱਤ ਕਾਰਪੋਰੇਟਾਂ ਨੂੰ ਨਾ ਵੇਚਣ ਬਾਰੇ ਕੀਤੇ ਦਾਅਵੇ ਬਾਰੇ ਸੁਖਬੀਰ ਨੇ ਕਿਹਾ ਕਿ ਚੰਗਾ ਹੋਵੇਗਾ ਕਿ ਤੁਸੀਂ ਸੂਬੇ ਦੀ ਵਿਧਾਨ ਸਭਾ ਦਾ ਇਜਲਾਸ ਸੱਦ ਕੇ ਆਪਣੇ ਵਲੋਂ 2017 ਵਿਚ ਸੂਬੇ ਦੇ ਏ.ਪੀ. ਐੱਮ.ਸੀ. ਐਕਟ ਵਿਚ ਕੀਤੀਆਂ ਸੋਧਾਂ ਖਾਰਜ ਕਰੋ ਅਤੇ ਇਕ ਨਵਾਂ ਕਾਨੂੰਨ ਬਣਾ ਕੇ ਸਾਰੇ ਸੂਬੇ ਨੂੰ ਸਰਕਾਰੀ ਮੰਡੀ ਐਲਾਨੋ। ਤੁਸੀਂ ਅਜਿਹਾ ਕਰਨ ਤੋਂ ਭੱਜ ਰਹੇ ਹੋ ਅਤੇ ਕਿਸਾਨਾਂ ਨੂੰ ਇਹ ਕਹਿ ਕੇ ਮੂਰਖ ਬਣਾਉਣ ਦਾ ਯਤਨ ਕਰ ਰਹੇ ਹੋ ਕਿ ਸਾਨੂੰ ਰਾਹੁਲ ਗਾਂਧੀ ਦੇ ਪ੍ਰਧਾਨ ਮੰਤਰੀ ਬਣਨ ਦੀ ਉਡੀਕ ਕਰਨੀ ਪਵੇਗੀ ਤਾਂ ਜੋ ਖੇਤੀ ਐਕਟ ਕੀਤੇ ਜਾ ਸਕਣ ਤੇ ਅਜਿਹਾ ਕਰਨ ਨਾਲ ਸਪੱਸ਼ਟ ਹੈ ਕਿ ਤੁਸੀਂ ਨਵੇਂ ਖੇਤੀ ਕਾਨੂੰਨ ਰੱਦ ਦੇ ਮੂਡ ਵਿਚ ਬਿਲਕੁਲ ਨਹੀਂ ਹੋ। ਸੁਖਬੀਰ ਨੇ ਇਹ ਵੀ ਐਲਾਨ ਕੀਤਾ ਕਿ ਸ਼੍ਰੋਮਣੀ ਅਕਾਲੀ ਖੇਤੀ ਐਕਟਾਂ ਨੂੰ ਰੱਦ ਕਰਨ ਲਈ ਦ੍ਰਿੜ ਸੰਕਲਪ ਹੈ ਅਤੇ ਇਕ ਵਾਰ ਸੂਬੇ ਵਿਚ ਇਸ ਦੀ ਸਰਕਾਰ ਬਣੀ ਤਾਂ ਇਹ ਤੁਰੰਤ ਕੀਤਾ ਜਾਵੇਗਾ।