ਰਾਘਵ ਚੱਢਾ 'ਇੰਡੀਆ-ਯੂ. ਕੇ. ਆਊਟਸਟੈਂਡਿੰਗ ਅਚੀਵਰਸ ਆਨਰ' ਐਵਾਰਡ ਨਾਲ ਹੋਣਗੇ ਸਨਮਾਨਿਤ

01/24/2023 7:46:32 PM

ਜਲੰਧਰ/ਚੰਡੀਗੜ੍ਹ (ਧਵਨ) : ਰਾਜ ਸਭਾ ’ਚ ‘ਆਪ’ ਸੰਸਦ ਮੈਂਬਰ ਰਾਘਵ ਚੱਢਾ 25 ਜਨਵਰੀ ਨੂੰ ਲੰਡਨ ਵਿੱਚ ਵੱਕਾਰੀ 'ਇੰਡੀਆ-ਯੂ. ਕੇ. ਅਚੀਵਰਸ ਆਨਰਜ਼ ਵਿੱਚ ਆਊਟਸਟੈਂਡਿੰਗ ਅਚੀਵਰਸ ਸਨਮਾਨ ਪ੍ਰਾਪਤ ਕਰਨਗੇ। ਰਾਘਵ ਚੱਢਾ ਨੂੰ ਸਰਕਾਰ ਅਤੇ ਸਿਆਸੀ ਸ਼੍ਰੇਣੀ ਲਈ ਆਊਟਸਟੈਂਡਿੰਗ ਅਚੀਵਰਸ ਦੇ ਰੂਪ ਵਿੱਚ ਚੁਣਿਆ ਗਿਆ ਹੈ। ਇਹ ਸਨਮਾਨ ਅਜਿਹੇ ਵਿਅਕਤੀਆਂ ਨੂੰ ਦਿੱਤਾ ਜਾਂਦਾ ਹੈ, ਜੋ ਲੋਕਤੰਤਰ ਅਤੇ ਨਿਆਂ ਦਾ ਤਜਰਬਾ ਕਿਵੇਂ ਕੀਤਾ ਜਾਂਦਾ ਹੈ ਅਤੇ ਲੋਕਾਂ ਦੀ ਭਲਾਈ ਲਈ ਇਕੱਠੀਆਂ ਚੁਣੌਤੀਪੂਰਨ ਸਮਾਜਿਕ ਸਮੱਸਿਆਵਾਂ ਨਾਲ ਕਿਵੇਂ ਨਜਿੱਠਿਆ ਜਾਂਦਾ ਹੈ, 'ਚ ਉੱਤਮਤਾ ਦਾ ਪ੍ਰਦਰਸ਼ਨ ਕਰਦੇ ਹਨ।

ਇਹ ਵੀ ਪੜ੍ਹੋ : ਭਾਰਤ ਨੇ 249 ਪਾਕਿਸਤਾਨੀ ਤੀਰਥ ਯਾਤਰੀਆਂ ਨੂੰ ਅਜਮੇਰ ਸ਼ਰੀਫ ਆਉਣ ਲਈ ਜਾਰੀ ਕੀਤਾ ਵੀਜ਼ਾ

ਇੰਡੀਆ-ਯੂ. ਕੇ. ਅਚੀਵਰਸ ਆਨਰਜ਼ ਭਾਰਤ ਦੀ 75ਵੀਂ ਸੁਤੰਤਰਤਾ ਵਰ੍ਹੇਗੰਢ ਮੌਕੇ ਯੂ. ਕੇ. ਵਿੱਚ ਅਧਿਐਨ ਕਰਨ ਵਾਲੇ ਯੁਵਾ ਭਾਰਤੀਆਂ ਦੀਆਂ ਸਿੱਖਿਅਕ ਅਤੇ ਕਾਰੋਬਾਰੀ ਉਪਲਬਧੀਆਂ ਦੇ ਸਨਮਾਨ 'ਚ ਮਨਾਇਆ ਜਾ ਰਿਹਾ ਹੈ। ਰਾਘਵ ਚੱਢਾ ਨੇ ਲੰਡਨ ਸਕੂਲ ਆਫ਼ ਇਕਨਾਮਿਕ (ਐੱਲ.ਐੱਸ.ਈ.) ਤੋਂ ਪੜ੍ਹਾਈ ਕੀਤੀ ਹੈ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਲੰਡਨ 'ਚ ਇਕ ਬੁਟੀਕ ਵੈਲਥ ਮੈਨੇਜਮੈਂਟ ਫਰਮ ਦੀ ਸਥਾਪਨਾ ਕੀਤੀ। ਇਸ ਤੋਂ ਬਾਅਦ ਉਹ ਭਾਰਤ ਪਰਤ ਆਏ ਤੇ ਇਕ ਯੁਵਾ ਵਰਕਰ ਦੇ ਰੂਪ ਵਿੱਚ ਭ੍ਰਿਸ਼ਟਾਚਾਰ ਵਿਰੋਧੀ ਕਾਨੂੰਨ ਦੀ ਮੰਗ ਕਰਦਿਆਂ ਇੰਡੀਆ ਅਗੇਂਸਟ ਕੁਰੱਪਸ਼ਨ ਮੂਵਮੈਂਟ ਵਿੱਚ ਸ਼ਾਮਲ ਹੋ ਗਏ।

ਇਹ ਵੀ ਪੜ੍ਹੋ : 26 ਜਨਵਰੀ ਨੂੰ ਪੰਜਾਬ ਸਮੇਤ ਇਨ੍ਹਾਂ ਸੂਬਿਆਂ ਦੀ ਨਹੀਂ ਦਿਸੇਗੀ ਝਾਕੀ, ਦੇਖੋ ਪੂਰੀ ਲਿਸਟ

ਇਸ ਅੰਦੋਲਨ ਨੇ ਆਮ ਆਦਮੀ ਪਾਰਟੀ ਦਾ ਰੂਪ ਲਿਆ, ਜਿਸ ਦੀ ਅਗਵਾਈ ਅਰਵਿੰਦ ਕੇਜਰੀਵਾਲ ਨੇ ਕੀਤੀ। ਯੁਵਾ ਨੇਤਾ ਦੇ ਰੂਪ ਵਿੱਚ ਰਾਘਵ ਚੱਢਾ ਪਾਰਟੀ ਦੇ ਸੰਸਥਾਪਕ ਮੈਂਬਰ ਬਣੇ ਅਤੇ ਕੇਜਰੀਵਾਲ ਦੇ ਮਾਰਗਦਰਸ਼ਨ ਤਹਿਤ ਕੰਮ ਸ਼ੁਰੂ ਕੀਤਾ। ਮਿਹਨਤ ਅਤੇ ਸਮਰਪਣ ਨਾਲ ਭਰੇ ਰਾਘਵ ਚੱਢਾ ਨੇ ਛੋਟੀ ਉਮਰ 'ਚ ਹੀ ਭਾਰਤੀ ਸਿਆਸਤ ਵਿੱਚ ਆਪਣੀ ਪਛਾਣ ਬਣਾ ਲਈ। 2022 ਵਿੱਚ ਸਿਰਫ 32 ਸਾਲ ਦੀ ਉਮਰ 'ਚ ਉਹ ਭਾਰਤੀ ਸੰਸਦ ਦੇ ਉੱਚ ਸਦਨ ਰਾਜ ਸਭਾ ਵਿੱਚ ਸੰਸਦ ਮੈਂਬਰ ਬਣੇ, ਜਿਥੇ ਉਹ ਪੰਜਾਬ ਦੀ ਨੁਮਾਇੰਦਗੀ ਕਰ ਰਹੇ ਹਨ। ਪੁਰਸਕਾਰ ਸਮਾਰੋਹ 25 ਜਨਵਰੀ ਨੂੰ ਲੰਡਨ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। ਸਮਾਰੋਹ ਯੂ. ਕੇ. ਸਰਕਾਰ ਦੇ ਕੌਮਾਂਤਰੀ ਵਪਾਰ ਵਿਭਾਗ ਅਤੇ ਯੂ. ਕੇ. ਦੇ ਉੱਚ ਸਿੱਖਿਆ ਖੇਤਰ ਵੱਲੋਂ ਸਮਰਥਿਤ ਹੈ। ਇਕ ਸਾਲ ਅੰਦਰ ਚੱਢਾ ਨੂੰ ਦੂਜਾ ਕੌਮਾਂਤਰੀ ਸਨਮਾਨ ਮਿਲਣ ਜਾ ਰਿਹਾ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News