ਪੌਣੇ ਦੋ ਸਾਲ ਬਾਅਦ ਡੇਰਾ ਬਿਆਸ 'ਚ ਹੋਇਆ ਸਤਿਸੰਗ, ਸ਼ਰਧਾਲੂਆਂ 'ਚ ਦਿਸੀ ਖ਼ੁਸ਼ੀ ਦੀ ਲਹਿਰ
Saturday, Oct 23, 2021 - 10:55 PM (IST)
ਬਾਬਾ ਬਕਾਲਾ ਸਾਹਿਬ (ਰਾਕੇਸ਼)- ਕੋਵਿਡ-19 ਦੇ ਚਲਦਿਆਂ ਵੱਖ-ਵੱਖ ਸਮੇਂ ਤੋਂ ਰਾਧਾ ਸੁਆਮੀ ਡੇਰਾ ਬਿਆਸ ਵੱਲੋਂ ਦੇਸ਼ ਭਰ ਦੇ ਸਾਰੇ ਹੀ ਸਤਿਸੰਗ ਪ੍ਰੋਗਰਾਮਾਂ ਨੂੰ ਰੱਦ ਕਰ ਦਿਤਾ ਗਿਆ ਸੀ। ਹਾਲ ਹੀ ਵਿਚ ਜਿੱਥੇ ਕੇਂਦਰਾਂ ਅਤੇ ਸਬ-ਕੇਦਰਾਂ ਵਿਚ ਸੰਗਤ ਦੀ ਥੋੜ੍ਹੀ ਸਮਰੱਥਾ ਨੂੰ ਲੈ ਕੇ ਸਤਿਸੰਗ ਕਰਨ ਦੀ ਇਜਾਜ਼ਤ ਦਿਤੀ ਗਈ ਸੀ ਪਰ ਨਾਲ ਹੀ ਡੇਰਾ ਬਿਆਸ ਵਿਚ ਪਹਿਲਾਂ ਤੋਂ ਹੀ ਲੱਗੀ ਹੋਈ ਪਾਬੰਦੀ ਨੂੰ 30 ਨਵੰਬਰ 2021 ਤੱਕ ਵਧਾ ਦਿੱਤਾ ਗਿਆ ਸੀ। ਇਸ ਦੇ ਚਲਦਿਆਂ ਹੀ ਡੇਰਾ ਬਿਆਸ ਵੱਲੋਂ ਅੱਜ ਇਕ ਦਿਨਾਂ ਪ੍ਰੋਗਰਾਮ ਤਹਿਤ ਡੇਰਾ ਬਿਆਸ ਨੂੰ ਸੰਗਤਾਂ ਲਈ ਖੋਲ੍ਹ ਦਿਤਾ ਗਿਆ।
ਡੇਰਾ ਖੁੱਲ੍ਹਣ ਦੀ ਭਿਣਕ ਜਿਉਂ ਹੀ ਡੇਰਾ ਸ਼ਰਧਾਲੂਆਂ ਤੱਕ ਪੁੱਜੀ ਤਾਂ ਉਨ੍ਹਾਂ ਵਿਚ ਖ਼ੁਸ਼ੀ ਦੀ ਕੋਈ ਹੱਦ ਨਾ ਰਹੀ। ਡੇਰਾ ਬਿਆਸ ਵਿਚ ਅੱਜ ਸੰਗਤਾਂ ਵੱਲੋਂ ਰੂਹਾਨੀਅਤ ਨਾਲ ਸਬੰਧਤ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੰਦੇ ਹੋਏ ਬਾਬਾ ਗੁਰਿੰਦਰ ਸਿੰਘ ਜੀ ਢਿੱਲੋਂ ਨੇ ਫਰਮਾਇਆ ਕਿ ਦੁਨੀਆ ਨੂੰ ਅੱਜ ਤੱਕ ਕੋਈ ਨਹੀਂ ਜਿੱਤ ਸਕਿਆ ਅਤੇ ਨਾ ਹੀ ਖ਼ੁਸ਼ ਕਰ ਸਕਿਆ ਹੈ। ਇਸ ਲਈ ਪਰਮਾਤਮਾ ਦੀ ਭਗਤੀ ਵੱਲ ਹੀ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਜਦੋਂ ਵੀ ਜੀਵਾਂ ਦੇ ਕਰਮਾਂ ਦਾ ਹਿਸਾਬ ਕਿਤਾਬ ਵੇਖਿਆ ਜਾਣਾ ਹੈ ਤਾਂ ਉਹ ਸਿਰਫ਼ ਪਰਮਾਤਮਾ ਨੇ ਹੀ ਵੇਖਣਾ ਹੈ, ਦੁਨੀਆ ਨੇ ਨਹੀਂ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਇਸ ਸੰਸਾਰ 'ਤੇ ਜੋ ਵੀ ਜੀਵ ਆਇਆ ਹੈ, ਉਸ ਨੂੰ ਆਪਣੇ ਕਰਮਾਂ ਦਾ ਹਿਸਾਬ ਕਿਤਾਬ ਦੇਣਾ ਹੀ ਪੈਣਾ ਹੈ। ਬਾਬਾ ਜੀ ਨੇ ਦਾਅਵੇ ਨਾਲ ਕਿਹਾ ਕਿ ਦੁਨੀਆ ਦੀ ਅਜਿਹੀ ਕੋਈ ਤਾਕਤ ਨਹੀ ਹੈ, ਜੋ ਤੁਹਾਡੇ ਕਰਮਾਂ ਨੂੰ ਪਲ ਵਿਚ ਮੁਆਫ਼ ਕਰ ਦੇਵੇ। ਉਨ੍ਹਾਂ ਇਹ ਵੀ ਕਿਹਾ ਕਿ ਜਦ ਕੋਈ ਬੱਚਾ ਜਨਮ ਲੈਂਦਾ ਹੈ ਤਾਂ ਉਸ ਦੇ ਕਰਮ ਵੀ ਨਾਲ ਆਉਂਦੇ ਹਨ ਅਤੇ ਜੋ ਉਸ ਦੀ ਕਿਸਮਤ ਵਿਚ ਮਾਲਕ ਨੇ ਲਿਖ ਕੇ ਭੇਜਿਆ ਹੈ, ਉਸ ਤੋਂ ਕਿਸੇ ਨੂੰ ਵੀ ਘੱਟ ਜਾਂ ਵੱਧ ਨਹੀ ਮਿਲ ਸਕਦਾ।
ਇਹ ਵੀ ਪੜ੍ਹੋ: ਰੋਪੜ ਟੋਲ ਪਲਾਜ਼ਾ 'ਤੇ ਧਰਨੇ 'ਚ ਸ਼ਾਮਲ ਹੋਏ ਮੁੱਖ ਮੰਤਰੀ ਚੰਨੀ, ਕਿਸਾਨਾਂ ਦੇ ਹੱਕ 'ਚ ਦਿੱਤਾ ਵੱਡਾ ਬਿਆਨ
ਉਨ੍ਹਾਂ ਕਿਹਾ ਪਰਮਾਤਮਾ ਦੇ ਘਰ ਦੇਰ ਹੋ ਸਕਦੀ ਹੈ ਪਰ ਅੰਧੇਰ ਨਹੀਂ ਹੋ ਸਕਦਾ। ਉਸ ਮਾਲਕ ਵਾਸਤੇ ਸਭ ਬਰਾਬਰ ਹੁੰਦੇ ਹਨ। ਕਰੀਬ 1 ਘੰਟਾ ਬਾਬਾ ਜੀ ਨੇ ਸੰਗਤਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਆਪਣੇ ਗੁਰੂ ਦੇ ਦਰਸ਼ਨ ਕਰਦਿਆਂ ਸ਼ਰਧਾਲੂਆਂ ਦੀਆਂ ਅੱਖਾਂ ਖ਼ੁਸ਼ੀ ਦੇ ਹੰਝੂ ਵਹਾ ਰਹੀਆਂ ਸਨ। ਅੱਜ ਪਹਿਲੇ ਦਿਨ ਕਰੀਬ 50 ਹਜ਼ਾਰ ਸ਼ਰਧਾਲੂਆਂ ਵੱਲੋਂ ਡੇਰਾ ਬਿਆਸ ਵਿਖੇ ਸ਼ਿਰਕਤ ਕੀਤੀ ਗਈ।
ਡੇਰਾ ਪ੍ਰਬੰਧਕਾਂ ਵੱਲੋਂ ਸੋਸ਼ਲ ਡਿਸਟੈਂਸ ਅਤੇ ਮਾਸਕ ਦੀ ਵਰਤੋਂ ਨੂੰ ਜਰੂਰੀ ਸਮਝਦੇ ਹੋਏ ਸ਼ਰਧਾਲੂਆਂ ਨੂੰ ਮਾਸਕ ਵੀ ਤਕਸੀਮ ਕੀਤੇ। ਪਹਿਲਾਂ ਦੀ ਤਰਾ ਸੰਗਤਾਂ ਲਈ ਲੰਗਰ, ਚਾਹ ਪਕੌੜੇ, ਬਰੈੱਡ, ਪੂੜੀਆਂ, ਜਦਕਿ ਬੱਚਿਆਂ ਲਈ ਦੁੱਧ ਅਤੇ ਫਰੂਟੀਆਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੋਇਆ ਸੀ। ਅਰਸਾ ਪੌਣੇ ਦੋ ਸਾਲ ਬਾਅਦ ਡੇਰੇ ਦੀਆਂ ਸੁੰਨ ਪਈਆਂ ਸੜਕਾਂ ਅਤੇ ਬਿਆਸ ਦੇ ਬਜ਼ਾਰਾਂ ਵਿੱਚ ਮੁੜ ਰੌਣਕਾਂ ਲੱਗੀਆਂ ਵੇਖੀਆਂ ਗਈਆਂ। ਡੇਰਾ ਪ੍ਰਬੰਧਕਾਂ ਵੱਲੋਂ ਸੰਗਤਾਂ ਲਈ ਸਵੇਰੇ ਪੰਜ ਵਜੇ ਐਂਟਰੀ ਗੇਟ ਖੋਲ੍ਹ ਦਿਤੇ ਗਏ। ਕਿਸੇ ਵੀ ਸ਼ਰਧਾਲੂਆਂ ਨੂੰ ਡੇਰਾ ਅੰਦਰ ਰਹਿਣ ਦੀ ਇਜਾਜ਼ਤ ਨਹੀਂ ਦਿਤੀ ਗਈ।
ਇਹ ਵੀ ਪੜ੍ਹੋ: ਕੈਪਟਨ ਨੇ ਸੋਨੀਆ ਗਾਂਧੀ ਨਾਲ ਅਰੂਸਾ ਆਲਮ ਦੀ ਤਸਵੀਰ ਕੀਤੀ ਸ਼ੇਅਰ, ਰੰਧਾਵਾ ਲਈ ਲਿਖੀ ਇਹ ਗੱਲ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ