ਜਾਤੀਸੂਚਕ ਸ਼ਬਦ ਕਹਿਣ ’ਤੇ ਕੈਦੀ ਭਿੜੇ, ਇੱਟਾਂ-ਪੱਥਰਾਂ ਨਾਲ ਕੀਤਾ ਹਮਲਾ
Thursday, Nov 18, 2021 - 10:22 AM (IST)
ਬਠਿੰਡਾ (ਵਰਮਾ) - ਕੇਂਦਰੀ ਜੇਲ੍ਹ ਬਠਿੰਡਾ ’ਚ ਕਤਲ ਅਤੇ ਹਾਦਸੇ ਦੇ ਮਾਮਲੇ ’ਚ ਸਜ਼ਾ ਭੁਗਤ ਰਹੇ ਦੋ ਕੈਦੀ ਆਪਸ ’ਚ ਭਿੜ ਗਏ ਅਤੇ ਇੱਟਾਂ-ਪੱਥਰਾਂ ਦੀ ਜ਼ਬਰਦਸਤ ਵਰਤੋਂ ਕੀਤੀ ਗਈ। ਦੋਵਾਂ ਕੈਦੀਆਂ ਨੂੰ ਜੇਲ ਪੁਲਸ ਵੱਲੋਂ ਸਿਵਲ ਹਸਪਤਾਲ ਲਿਆਂਦਾ ਗਿਆ। ਕੈਦੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਹਾਦਸੇ ਦੇ ਕੇਸ ਵਿੱਚ ਧਾਰਾ 304 ਤਹਿਤ ਸਜ਼ਾ ਭੁਗਤ ਰਿਹਾ ਹੈ। ਉਸ ਦੀ ਬੈਰਕ ’ਚ ਰਹਿ ਰਹੇ ਗੁਰਪ੍ਰੀਤ ਸਿੰਘ, ਜਿਸ ’ਤੇ ਕਤਲ ਦਾ ਮਾਮਲਾ ਦਰਜ ਹੈ, ਨੇ ਉਸ ਨਾਲ ਜਾਤੀਸੂਚਕ ਅਤੇ ਅਪਸ਼ਬਦ ਬੋਲੇ, ਜਿਸ ਕਾਰਨ ਦੋਵਾਂ ’ਚ ਲੜਾਈ ਹੋ ਗਈ। ਦੋਵਾਂ ਪਾਸਿਆਂ ਤੋਂ ਇੱਟਾਂ-ਪੱਥਰਾਂ ਦੀ ਵਰਖਾ ਕੀਤੀ ਗਈ।
ਜੇਲ੍ਹ ਪੁਲਸ ਨੇ ਦਖ਼ਲ ਦੇ ਕੇ ਦੋਵਾਂ ਕੈਦੀਆਂ ਨੂੰ ਲੜਾਈ ਤੋਂ ਰੋਕਿਆ ਤੇ ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ। ਹਸਪਤਾਲ ਦੇ ਡਾਕਟਰਾਂ ਅਨੁਸਾਰ ਗੁਰਵਿੰਦਰ ਸਿੰਘ ਦੇ ਦੋਵੇਂ ਲੱਤਾਂ ’ਤੇ ਸੱਟਾਂ ਲੱਗੀਆਂ ਹਨ, ਜਦਕਿ ਦੂਜੇ ਕੈਦੀ ਨੂੰ ਵੀ ਜ਼ਿਆਦਾ ਖੂਨ ਵਹਿਣ ਕਾਰਨ ਟਾਂਕੇ ਲੱਗੇ ਹਨ। ਫਿਲਹਾਲ ਦੋਵੇਂ ਕੈਦੀ ਖ਼ਤਰੇ ਤੋਂ ਬਾਹਰ ਹਨ।