ਆਰ. ਟੀ. ਏ. ਦਫ਼ਤਰ ’ਚ ਵਿਜੀਲੈਂਸ ਰੇਡ ’ਚ ਨਵਾਂ ਮੋੜ

Saturday, Aug 25, 2018 - 04:26 AM (IST)

ਆਰ. ਟੀ. ਏ. ਦਫ਼ਤਰ ’ਚ ਵਿਜੀਲੈਂਸ ਰੇਡ ’ਚ ਨਵਾਂ ਮੋੜ

ਜਲੰਧਰ, (ਬੁਲੰਦ)- 29 ਦਸੰਬਰ 2017 ਨੂੰ ਵਿਜੀਲੈਂਸ ਵਿਭਾਗ ਵੱਲੋਂ ਸਥਾਨਕ ਆਰ. ਟੀ. ਏ.  ਦਫ਼ਤਰ ਵਿਚ ਛਾਪੇਮਾਰੀ ਕੀਤੀ ਗਈ ਸੀ। ਲਗਾਤਾਰ 12 ਘੰਟੇ ਚੱਲੀ ਇਸ ਛਾਪੇਮਾਰੀ ਵਿਚ ਵਿਭਾਗ  ਨੇ ਆਰ. ਟੀ. ਏ. ਦਫ਼ਤਰ ਦੇ 2 ਕਮਰੇ, 6 ਕੰਪਿਊਟਰ ਤੇ 6 ਪ੍ਰਿੰਟਰਾਂ ਸਮੇਤ ਹੋਰ ਦਸਤਾਵੇਜ਼ ਜ਼ਬਤ ਕੀਤੇ ਹਨ। ਇਸ ਤੋਂ ਬਾਅਦ ਲਗਾਤਾਰ ਕਈ ਮਹੀਨਿਆਂ ਤੱਕ ਸਾਰੇ ਕਾਗਜ਼ਾਤ ਦੀ ਜਾਂਚ ਕੀਤੀ  ਗਈ ਅਤੇ ਮਾਮਲੇ ਵਿਚ ਕਈ ਪ੍ਰਾਈਵੇਟ ਤੇ ਸਰਕਾਰੀ ਕਰਮਚਾਰੀਆਂ ਨੂੰ ਜਾਂਚ ਵਿਚ ਸ਼ਾਮਲ ਕੀਤਾ  ਗਿਆ ਸੀ। ਸਾਰੇ ਮਾਮਲੇ ਵਿਚ ਲੰਮਾ ਸਮਾਂ ਲੱਗਾ ਪਰ ਵਿਜੀਲੈਂਸ ਵਿਭਾਗ ਨੇ ਸਾਰੀ ਰਿਪੋਰਟ ਬਣਾ ਕੇ ਚੰਡੀਗੜ੍ਹ ਵਿਚ ਡਾਇਰੈਕਟਰ ਵਿਜੀਲੈਂਸ ਦੇ ਦਫ਼ਤਰ ਵਿਚ ਸਬਮਿਟ ਕੀਤੀ। ਜਿੱਥੋਂ ਬੀਤੇ  ਦਿਨੀਂ ਸਾਰੇ ਮਾਮਲੇ ਵਿਚ ਵਿਜੀਲੈਂਸ ਦੀ ਰਿਪੋਰਟ ਡਾਇਰੈਕਟਰ ਵਿਜੀਲੈਂਸ ਵੱਲੋਂ ਅਪਰੂਵ  ਕਰਕੇ ਅਗਲੀ ਕਾਰਵਾਈ ਲਈ ਐੱਸ. ਐੱਸ. ਪੀ. ਵਿਜੀਲੈਂਸ ਕੋਲ ਭੇਜੀ ਗਈ ਹੈ। ਆਉਣ ਵਾਲੇ  ਦਿਨਾਂ ’ਚ ਨਵੇਂ ਸਿਰੇ ਤੋਂ ਜਾਂਚ ਖੁੱਲ੍ਹ ਸਕਦੀ ਹੈ।
ਕਈ ਕਰਮਚਾਰੀਆਂ ਵੱਲੋਂ ਏਜੰਟਾਂ ਦੀ ਆ ਸਕਦੀ ਹੈ ਸ਼ਾਮਤ
ਮਾਮਲੇ  ਬਾਰੇ ਵਿਜੀਲੈਸ ਵਿਭਾਗ ਦੇ ਸੂਤਰਾਂ ਦੀ ਮੰਨੀਏ ਤਾਂ ਸਾਰੇ ਕੇਸ ਦੀ ਜਾਂਚ ਵਿਜੀਲੈਂਸ  ਵਿਭਾਗ ਦੇ ਐੱਸ. ਐੱਸ. ਪੀ. ਦਲਜਿੰਦਰ ਢਿੱਲੋਂ ਨੇ ਵਿਭਾਗ ਦੇ ਇੰਸਪੈਕਟਰ ਮਨਦੀਪ ਸਿੰਘ  ਨੂੰ ਸੌਂਪੀ ਹੈ। ਮਨਦੀਪ ਸਿੰਘ ਆਰ. ਟੀ. ਏ. ਦਫ਼ਤਰ ਦੀ ਛਾਪੇਮਾਰੀ ਵਿਚ ਡੀ. ਐੱਸ. ਪੀ.  ਸਤਪਾਲ ਦੇ ਸਹਿਯੋਗੀ ਰਹੇ ਹਨ ਅਤੇ ਉਨ੍ਹਾਂ ਨੂੰ ਵਿਜੀਲੈਂਸ ਵਿਭਾਗ ਦੀ ਡੂੰਘਾਈ ਨਾਲ  ਜਾਣਕਾਰੀ ਹੈ। ਜਾਣਕਾਰਾਂ ਦੀ ਮੰਨੀਏ ਤਾਂ ਅਗਲੇ ਹਫਤੇ ਤੋਂ ਸਾਰੇ ਮਾਮਲੇ ਵਿਚ ਨਵੇਂ ਸਿਰੇ  ਤੋਂ ਜਾਂਚ ਸ਼ੁਰੂ ਹੋਵੇਗੀ ਅਤੇ ਜੋ ਗੜਬੜੀਆਂ ਆਰ. ਟੀ. ਏ. ਦਫ਼ਤਰ ਤੋਂ ਜ਼ਬਤ ਕਾਗਜ਼ਾਤ ਦੇ  ਸਾਹਮਣੇ ਆਈ ਉਸ ਬਾਰੇ ਇਕ ਇਕ ਕਰਕੇ ਅਧਿਕਾਰੀਆਂ, ਕਰਮਚਾਰੀਆਂ ਅਤੇ ਏਜੰਟਾਂ ਤੋਂ  ਪੁੱਛÎਗਿੱਛ ਹੋਵੇਗੀ। ਇਸ ਤੋਂ ਇਲਾਵਾ ਅੱਧਾ ਦਰਜਨ ਦੇ ਕਰੀਬ ਜੋ ਲੋਕ ਇਸ ਹੇਰਫੇਰ ਦੇ  ਮੁਲਜ਼ਮ ਪਾਏ ਗਏ ਹਨ, ਉਨ੍ਹਾਂ ਦੀ ਗ੍ਰਿਫਤਾਰੀ ਵੀ ਹੋ ਸਕਦੀ ਹੈ।
ਫਰਜ਼ੀ ਇੰਸ਼ੋਰੈਂਸ ਅਤੇ ਫਰਜ਼ੀ  ਐੱਫ. ਆਈ. ਆਰ. ਕਰਨ ਵਾਲਿਆਂ ’ਤੇ ਕੱਸੇਗੀ ਸ਼ਿਕੰਜਾ
ਮਾਮਲੇ  ਬਾਰੇ ਵਿਜੀਲੈਂਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਵਿਜੀਲੈਂਸ ਨੂੰ ਆਰ. ਟੀ. ਏ.  ਦਫ਼ਤਰ ਤੋਂ ਜ਼ਬਤ ਕਾਗਜ਼ਾਤਾਂ ਵਿਚ ਕਈ ਫਰਜ਼ੀ ਇੰਸ਼ੋਰੈਂਸ ਅਤੇ ਫਰਜ਼ੀ ਐੱਫ. ਆਈ. ਆਰ.  ਦੇ  ਸਬੂਤ ਮਿਲੇ ਹਨ। ਲਗਾਤਾਰ ਕਈ ਮਹੀਨੇ ਵਿਭਾਗ ਦੇ ਕਰਮਚਾਰੀਆਂ ਨੇ ਇਨ੍ਹਾਂ ਇੰਸ਼ੋਰੈਂਸਾਂ  ਅਤੇ  ਐੱਫ. ਆਈ. ਆਰ. ਦੀ ਜਾਂਚ ਕੀਤੀ ਅਤੇ ਪਤਾ ਲੱਗਾ ਕਿ ਇਕ ਬੀਮੇ ਨੂੰ ਹੀ ਫੋਟੋ  ਕਾਪੀਆਂ ਕਰਕੇ ਕਈ ਫਾਈਲਾਂ ਵਿਚ ਲਗਾਇਆ ਹੋਇਆ ਹੈ ਅਤੇ ਇਸ ਤਰ੍ਹਾਂ ਐੱਫ. ਆਈ. ਆਰ. ਵੀ  ਬਿਨਾਂ ਕਿਸੇ ਰਿਕਾਰਡ ਦੇ ਲਗਾਈ ਗਈ ਜਿਨ੍ਹਾਂ ਦਾ ਪੁਲਸ ਥਾਣਿਆਂ ਵਿਚ ਰਿਕਾਰਡ ਹੀ ਨਹੀਂ  ਹੈ। ਇਨ੍ਹਾਂ ਫਰਜ਼ੀ ਕਾਗਜ਼ਾਤ ਦੇ ਆਧਾਰ ’ਤੇ ਆਉਣ ਵਾਲੇ ਦਿਨਾਂ ਵਿਚ ਆਰ. ਟੀ. ਏ. ਦੇ  ਕਰਮਚਾਰੀਆਂ ’ਤੇ ਵਿਜੀਲੈਂਸ ਦਾ ਸ਼ਿਕੰਜਾ ਕੱਸਿਆ ਦਿਖਾਈ ਦੇ ਸਕਦਾ ਹੈ ਅਤੇ ਕਈਆਂ ’ਤੇ  ਗ੍ਰਿਫਤਾਰੀ ਦੀ ਤਲਵਾਰ ਲਟਕ ਸਕਦੀ ਹੈ।
ਬਾਬੂਆਂ ਦੇ ਕਰਿੰਦਿਆਂ ਵੱਲੋਂ ਏਜੰਟਾਂ ਦੀਆਂ ਲਿਸਟਾਂ ਤਿਆਰ
ਵਿਜੀਲੈਂਸ  ਸੂਤਰਾਂ ਦੀ ਮੰਨੀਏ ਤਾਂ ਵਿਜੀਲੈਂਸ ਵਿਭਾਗ ਦੇ ਕਰਮਚਾਰੀਆਂ ਨੇ ਦਸੰਬਰ 2017 ਦੀ  ਛਾਪੇਮਾਰੀ ਤੋਂ ਬਾਅਦ ਅੱਜ ਤੱਕ ਆਰ. ਟੀ. ਏ. ਦਫ਼ਤਰ ਅਤੇ ਡਰਾਈਵਿੰਗ ਟੈਸਟ ਟਰੈਕ ’ਤੇ  ਸਿਵਲ ਵਰਦੀ ਵਿਚ ਘੁੰਮ-ਘੁੰਮ ਕੇ ਸੀ. ਆਈ. ਡੀ. ਦੀ ਮਦਦ ਨਾਲ ਸਰਕਾਰੀ ਬਾਬੂਆਂ ਦੇ  ਕਰਿੰਦੇ ਅਤੇ ਪ੍ਰਾਈਵੇਟ ਏਜੰਟਾਂ ਦੀਆਂ ਲਿਸਟਾਂ ਤਿਆਰ ਕੀਤੀਆਂ ਹਨ। ਜਿਸ ਤੋਂ ਪਤਾ ਲੱਗਾ  ਹੈ ਕਿ ਕਿਹੜਾ-ਕਿਹੜਾ ਏਜੰਟ ਅਤੇ ਕਰਿੰਦਾ ਕਿਸ ਸਰਕਾਰੀ ਬਾਬੂ ਲਈ ਕੰਮ ਕਰਦਾ ਸੀ ਅਤੇ  ਰਿਸ਼ਵਤ ਦੇ ਪੈਸੇ ਇਕੱਠੇ ਕਰਕੇ ਉਸ ਤੱਕ ਪਹੁੰਚਾਉਂਦਾ ਸੀ। ਉਨ੍ਹਾਂ ਦੇ ਖਿਲਾਫ ਆਉਣ ਵਾਲੇ  ਦਿਨਾਂ ਵਿਚ ਐਕਸ਼ਨ ਹੋ ਸਕਦਾ ਹੈ।
ਚੰਡੀਗੜ੍ਹ ਵਿਚ ਵਿਜੀਲੈਂਸ ਇਨਕੁਆਰੀ ਦਰਜ ਹੋ ਗਈ ਹੈ, ਜਲਦੀ ਹੋਵੇਗੀ ਕਾਰਵਾਈ : ਢਿੱਲੋਂ
ਮਾਮਲੇ  ਬਾਰੇ ਵਿਜੀਲੈਂਸ ਦੇ ਐੱਸ. ਐੱਸ. ਪੀ. ਦਲਜਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਆਰ. ਟੀ.  ਏ. ਦਫ਼ਤਰ ਵਿਚ ਕੀਤੀ ਗਈ ਛਾਪੇਮਾਰੀ ਦੀ ਇਨਕੁਆਰੀ ਚੰਡੀਗੜ੍ਹ ਵਿਚ ਡਾਇਰੈਕਟਰ ਵਿਜੀਲੈਂਸ  ਵੱਲੋਂ ਦਰਜ ਹੋ ਕੇ ਆ ਗਈ ਹੈ। ਇਸ ਦੀ ਜਾਂਚ ਇੰਸਪੈਕਟਰ ਮਨਦੀਪ ਸਿੰਘ ਨੂੰ ਸੌਂਪੀ ਗਈ ਹੈ।  ਆਉਣ ਵਾਲੇ ਦਿਨਾਂ ਵਿਚ ਇਸ ਮਾਮਲੇ ਵਿਚ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਮਾਮਲੇ  ਬਾਰੇ ਜੋ ਵੀ ਮੁਲਜ਼ਮ ਪਾਏ ਜਾਣਗੇ ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ।
 


Related News