ਨਵਜੋਤ ਸਿੱਧੂ ਦੇ ਨਿਸ਼ਾਨੇ 'ਤੇ CM ਮਾਨ, ਕਿਹਾ-ਪੰਜਾਬੀ ਅਣਖ ਨੂੰ ਢਾਹ ਲਗਾ ਰਹੀ ਹੈ ਦਿੱਲੀ ਫੇਰੀ
Tuesday, Apr 26, 2022 - 12:54 PM (IST)
ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਹਾਲ ਹੀ ’ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿੱਲੀ ਦੌਰੇ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਭਗਵੰਤ ਮਾਨ ਨੂੰ ਨਿਸ਼ਾਨੇ ’ਤੇ ਲੈਂਦਿਆਂ ਉਨ੍ਹਾਂ ਦੀ ਦਿੱਲੀ ਫੇਰੀ ਨੂੰ ਸਿਰਫ਼ ਪ੍ਰਚਾਰ ਦਾ ਇਕ ਸਾਧਨ ਦੱਸਿਆ ਹੈ ਅਤੇ ਕਿਹਾ ਕਿ ਮੁੱਖ ਮੰਤਰੀ ਵਲੋਂ ਅਜਿਹੀਆਂ ਫੇਰੀ ਲਗਾਉਣਾ ਪੰਜਾਬੀ ਦੀ ਅਣਖ ਨੂੰ ਢਾਹ ਲਗਾ ਰਹੀ ਹੈ। ਸਿੱਧੂ ਨੇ ਟਵੀਟ ਰਾਹੀਂ ਭਗਵੰਤ ਮਾਨ ਨੂੰ ਪੁੱਛਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ, ਬਤੌਰ ਮੈਂਬਰ ਲੋਕ ਸਭਾ ਤੁਸੀਂ 8 ਸਾਲ ਦਿੱਲੀ 'ਚ ਰਹੇ, ਉਦੋਂ ਤੁਸੀਂ ਦਿੱਲੀ ਦੇ ਸਕੂਲਾਂ ਅਤੇ ਮੁਹੱਲਾ ਕਲੀਨਿਕਾਂ ਦਾ ਦੌਰਾ ਕਿਉਂ ਨਹੀਂ ਕੀਤਾ? ਤੇ ਤੁਸੀਂ ਐਮ.ਪੀ. ਕੋਟੇ ਦੇ ਫੰਡਾਂ ਨਾਲ ਆਪਣੇ ਹਲਕੇ ਸੰਗਰੂਰ ਵਿੱਚ ਇੱਕ ਵੀ ਓਹੋ ਜਿਹੀ ਸੰਸਥਾ ਕਿਉਂ ਨਹੀਂ ਬਣਾਈ? ਤੁਹਾਡੀ ਦਿੱਲੀ ਫੇਰੀ ਮਹਿਜ਼ ਪ੍ਰਚਾਰ ਲਈ ਹੈ ਤੇ ਇਹ ਸਰਕਾਰੀ ਖਜ਼ਾਨੇ ਦਾ ਨੁਕਸਾਨ ਅਤੇ ਪੰਜਾਬੀ ਅਣਖ ਨੂੰ ਢਾਹ ਲਗਾ ਰਹੀ ਹੈ।
ਇਹ ਵੀ ਪੜ੍ਹੋ : ਅਬੋਹਰ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਤੇਲ ਟੈਂਕਰ ਨੇ ਦਰੜੇ 3 ਮੋਟਰਸਾਈਕਲ ਸਵਾਰ
ਇਹ ਵੀ ਪੜ੍ਹੋ : ਐਕਸ਼ਨ 'ਚ ਸਿੱਖਿਆ ਮੰਤਰੀ ਮੀਤ ਹੇਅਰ, 720 ਨਿੱਜੀ ਸਕੂਲਾਂ ਖ਼ਿਲਾਫ਼ ਜਾਂਚ ਦੇ ਹੁਕਮ
ਉੱਥੇ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਮੁੱਖ ਮੰਤਰੀ ਦੀ ਦਿੱਲੀ ਫੇਰੀ ’ਤੇ ਸਵਾਲ ਚੁੱਕੇ ਹਨ। ਰਾਜਾ ਵੜਿੰਗ ਨੇ ਟਵੀਟ ਕਰਦਿਆਂ ਕਿਹਾ ਕਿ ਮਾਨ ਸਾਹਿਬ ਜੇਕਰ ਮਾਡਲ ਹੀ ਦੇਖਣਾ ਸੀ ਤਾਂ ਇਹੋ ਜਿਹੇ ਕਿੰਨੇ ਹੀ ਸਕੂਲ ਪੰਜਾਬ ਵਿੱਚ ਹਨ ਜੋ ਦੇਸ਼ ਦੇ ਕਿਸੇ ਵੀ ਸਕੂਲ ਨਾਲ਼ੋਂ ਵਧਿਆ ਹਨ । ਸਾਡੇ ਪੰਜਾਬ ਦੇ ਅਧਿਆਪਕ ਵੀ ਬਹੁਤ ਹੀ ਵਧੀਆ ਹਨ । ਹੁਣ ਤੁਸੀ ਪੰਜਾਬ ਦੇ ਮੁੱਖ ਮੰਤਰੀ ਹੋ ਕਿਰਪਾ ਕਰਕੇ ਕੇਜਰੀਵਾਲ ਜੀ ਦੇ ਮਾਡਲ ਦੀ ਮਾਰਕਟਿੰਗ ਕਰਨ ਦੀ ਥਾਂ ’ਤੇ ਪੰਜਾਬ ਦੇ ਇਨ੍ਹਾਂ ਸਕੂਲਾਂ ਦੀ ਤਰੀਫ ਕਰੋ। ਵੜਿੰਗ ਨੇ ਕਿਹਾ ਕਿ ਮਾਨ ਸਾਹਿਬ, ਸਿੱਧਾ ਹੀ ਕਹਿ ਦਿਓ ਕਿ ਪੰਜਾਬ ਨੂੰ ਹੁਣ ਦਿੱਲੀ ਤੋਂ ਕੇਜਰੀਵਾਲ ਸਾਹਿਬ ਚਲਾਉਣਗੇ।
ਜ਼ਿਕਰਯੋਗ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਯਾਨੀ ਕਿ ਮੰਗਲਵਾਰ ਨੂੰ ਪ੍ਰੈੱਸ ਕਾਨਫਰੰਸ ਕੀਤੀ। ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਦਿੱਲੀ ’ਚ ਹੋਏ ਵਿਕਾਸ ਕਾਰਜਾਂ ਤੋਂ ਸਿੱਖ ਕੇ ਪੰਜਾਬ ’ਚ ਵਿਕਾਸ ਕੀਤਾ ਜਾਵੇਗਾ। ਇਸੇ ਉਦੇਸ਼ ਨਾਲ ਦੋਹਾਂ ਸਰਕਾਰਾਂ ਨੇ ਇਕ ਨਾਲੇਜ ਸ਼ੇਅਰਿੰਗ ਐਗਰੀਮੈਂਟ ’ਤੇ ਦਸਤਖ਼ਤ ਕੀਤੇ ਹਨ। ਜਿਸ ਦਾ ਮਤਲਬ ਗਿਆਨ ਦਾ ਤਬਾਦਲਾ। ਇਸ ਸਮਝੌਤੇ ਤਹਿਤ ਦੋਵੇਂ ਸਰਕਾਰਾਂ ਇਕ-ਦੂਜੇ ਤੋਂ ਹਰ ਖੇਤਰ ’ਚ ਗਿਆਨ ਨੂੰ ਸਾਂਝਾ ਕਰਨਗੀਆਂ। ਇਸ ਦੇ ਪਿੱਛੇ ਦਾ ਮਕਸਦ ਹੈ ਕਿ ਦੋਵੇਂ ਸਰਕਾਰਾਂ ਜਿਹੜੇ ਖੇਤਰਾਂ ’ਚ ਬਿਹਤਰ ਕਰ ਰਹੀਆਂ ਹਨ, ਉਨ੍ਹਾਂ ਤੋਂ ਦੂਜੇ ਸੂਬਿਆਂ ਦੀਆਂ ਸਰਕਾਰਾਂ ਸਿੱਖਣ ਅਤੇ ਆਪਣੇ ਪ੍ਰਦੇਸ਼ ’ਚ ਉਸ ਤਕਨੀਕ ਨੂੰ ਵਰਤਣ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ