ਜ਼ਿੰਦਗੀ ਲਈ ''ਕੁਈਨ ਆਫ ਕਾਟਵੇ'' ਦੀ ਕਹਾਣੀ ਦਾ ਸਬਕ

04/21/2020 11:04:21 AM

ਹਰਪ੍ਰੀਤ ਸਿੰਘ ਕਾਹਲੋਂ 

1996 'ਚ ਪੈਦਾ ਹੋਈ ਫਿਓਨਾ ਮੱਤੇਸੀ 24 ਸਾਲ ਦੀ ਹੈ। ਉਹ ਯੁਗਾਂਡਾ ਦੇਸ਼ ਦੇ ਸ਼ਹਿਰ ਕਾਟਵੇ ਵਿਚ ਪੈਦਾ ਹੋਈ। ਸ਼ਤਰੰਜ ਦੇ ਇਤਿਹਾਸ ਵਿਚ ਉਸ ਦਾ ਨਾਮ ਹੈ। ਚੈੱਸ ਦੇ ਓਲੰਪੀਆਡ ਵਿਚ ਉਹ ਚਾਰ ਵਾਰ ਆਪਣੇ ਦੇਸ਼ ਦੀ ਅਗਵਾਈ ਕਰ ਚੁੱਕੀ ਹੈ। ਉਸ ਨੂੰ Queen of Katwe ਕਹਿੰਦੇ ਹਨ।

ਮੀਰਾ ਨਾਇਰ ਵਲੋਂ ਨਿਰਦੇਸ਼ਿਤ ਕੀਤੀ ਇਸੇ ਨਾਮ ਦੀ ਫਿਲਮ 2016 ਵਿਚ ਪਰਦਾਪੇਸ਼ ਹੋਈ ਸੀ। ਫਿਓਨਾ ਦੀ ਜ਼ਿੰਦਗੀ ਹੌਂਸਲੇ ਦੀ ਕਹਾਣੀ ਹੈ। ਸ਼ਤਰੰਜ ਨੂੰ ਖੇਡਣ ਵਾਲੇ ਕਹਿੰਦੇ ਹਨ ਕਿ ਇਹ ਖੇਡ ਨਹੀਂ ਜ਼ਿੰਦਗੀ ਦਾ ਉਹ ਵਡਮੁੱਲਾ ਦਸਤਾਵੇਜ਼ ਹੈ, ਜੋ ਸਾਨੂੰ ਬਹੁਤ ਕੁਝ ਸਿਖਾਉਂਦਾ ਹੈ। ਫਿਲਮ ਆਪਣੇ ਕਥਾਨਕ ਵਿਚ ਤਿੰਨ ਨੁਕਤਿਆਂ ’ਤੇ ਜ਼ੋਰ ਪਾਉਂਦੀ ਹੈ।

. ਸ਼ਤਰੰਜ ਕੀ ਹੈ ਅਤੇ ਸ਼ਤਰੰਜ ਦੇ ਜ਼ਰੀਏ ਜ਼ਿੰਦਗੀ ਨੂੰ ਕਿਵੇਂ ਸਮਝੀਏ।

. ਫਿਲਮ ਦਾ ਕਥਾਨਕ ਇਸ ’ਤੇ ਜ਼ੋਰ ਦਿੰਦਾ ਹੈ ਕਿ ਜ਼ਿੰਦਗੀ ਦੇ ਅੰਦਰ ਕਹਾਣੀ ਦਰ ਕਹਾਣੀ ਬੰਦੇ ਦਾ ਸਮੁੱਚਾ ਵਿਅਕਤੀਤਵ ਕਿਵੇਂ ਬਣਦਾ ਹੈ।
. ਫਿਲਮ ਦਾ ਕਥਾਨਕ ਇਨ੍ਹਾਂ ਸਾਰੇ ਨਿੱਕੇ-ਨਿੱਕੇ ਜ਼ਿੰਦਗੀ ਦੇ ਪਲਾਂ ਨੂੰ ਇਕ ਧਾਗੇ ਵਿਚ ਪਰੋਂਦਾ ਹੋਇਆ ਬੰਦੇ ਦੇ ਵਜੂਦ ਦਾ ਸਵਾਲ ਅਤੇ ਜ਼ਿੰਦਗੀ ਦਾ ਮੂਲ ਸਮਝਾਉਂਦਾ ਹੈ।

ਕਹਾਣੀ ਇੰਜ ਦੇ ਨਿੱਕੇ ਨਿੱਕੇ ਹਵਾਲਿਆਂ ਦੇ ਨਾਲ ਤੁਰਦੀ ਹੈ। ਕਹਾਣੀ ਦੇ ਅੰਦਰ ਨਿੱਕੀਆਂ ਨਿੱਕੀਆਂ ਕਹਾਣੀਆਂ ਫਿਲਮ ਦੇ ਪਾਤਰ ਸੁਣਾਉਂਦੇ ਹਨ। ਇਸ ਕਹਾਣੀ ਦਰ ਕਹਾਣੀ ਹੀ ਫਿਓਨਾ ਦੀ ਜ਼ਿੰਦਗੀ ਤੇ ਬਣੀ ਇਹ ਫਿਲਮ ਸਾਨੂੰ ਬਹੁਤ ਕੁਝ ਅਜਿਹਾ ਸਮਝਾਉਂਦੀ ਹੈ ਜੋ ਸਾਡੇ ਲਈ ਜ਼ਰੂਰੀ ਹੈ। ਫਿਲਮ ਨੂੰ ਵੇਖਣ ਦਾ ਵੀ ਆਪਣਾ ਹੀ ਹੁਨਰ ਹੈ। ਫਿਲਮ ਵੀ ਕਿਤਾਬ ਵਾਂਗ ਪੜ੍ਹੀ ਜਾ ਸਕਦੀ ਹੈ। ਮੀਰਾ ਨਾਇਰ ਨੇ ਬਤੌਰ ਹਦਾਇਤਕਾਰ ਫਿਲਮ ਦੀ ਕਹਾਣੀ ਦੇ ਅੰਦਰ ਕਹਾਣੀਆਂ ਪਾਈਆਂ ਹਨ। ਇਸ ਫਿਲਮ ਦੀ ਖੂਬੀ ਇਹ ਹੈ ਕਿ ਇਹ ਖੇਡ ਆਧਾਰਤ ਫ਼ਿਲਮ ਹੋ ਕੇ ਵੀ ਖੇਡ ਖੇਡ ਬਾਰੇ ਨਹੀਂ ਹੈ। ਇਹ ਖੇਡ ਜ਼ਰੀਏ ਜ਼ਿੰਦਗੀ ਦੀ ਅਤੇ ਜੜ੍ਹਾਂ ਦੀ ਗੱਲ ਕਰਦੀ ਹੈ।

PunjabKesari

ਫਿਓਨਾ ਜਦੋਂ ਸ਼ੁਰੂਆਤੀ ਦਿਨਾਂ ਵਿਚ ਸ਼ਤਰੰਜ ਸਿੱਖਦੀ ਹੈ ਉਸ ਸਮੇਂ ਉਹਦਾ ਸਾਥੀ ਖਿਡਾਰੀ ਉਸ ਨੂੰ ਸ਼ਤਰੰਜ ਦੇ ਮੋਹਰਿਆਂ ਬਾਰੇ ਜੋ ਬਿਆਨ ਕਰਦਾ ਹੈ ਉਹ ਆਪਣੇ ਆਪ ਵਿੱਚ ਕਮਾਲ ਹੈ।

"ਇਹ ਜੋ ਤੂੰ ਛੋਟਾ ਪਿਆਦਾ ਵੇਖ ਰਹੀ ਹੈ ਇਹ ਇਕ ਵਾਰ ਵਿਚ ਇਕ ਹੀ ਚਾਲ ਚੱਲਦਾ ਹੈ। ਨਿੱਕੀਆਂ ਨਿੱਕੀਆਂ ਚਾਲਾਂ ਚੱਲਦਾ ਇਹ ਨਿੱਕਾ ਜਿਹਾ ਪਿਆਦਾ ਜਦੋਂ ਇਹ ਸਿਰੇ ਤੋਂ ਦੂਜੇ ਪਾਸੇ ਪਹੁੰਚਦਾ ਹੈ ਤਾਂ ਉਹ ਛੋਟਾ ਪਿਆਦਾ ਵੱਡਾ ਬਣ ਜਾਂਦਾ ਹੈ ਯਾਨਿ ਕਿ ਰਾਣੀ ! ਮੈਨੂੰ ਇਹ ਖੇਡ ਇਸੇ ਕਰਕੇ ਪਸੰਦ ਹੈ ਕਿ ਸ਼ਤਰੰਜ ਵਿਚ ਨਿੱਕਾ ਵੀ ਵੱਡਾ ਬਣਦਾ ਹੈ।"

ਪਾਤਰ ਦਾ ਇਹ ਸੰਵਾਦ ਜ਼ਿੰਦਗੀ ਦੇ ਸੰਘਰਸ਼ ਹੌਂਸਲੇ ਅਤੇ ਸਖ਼ਤ ਮਿਹਨਤ ਨੂੰ ਬਿਆਨ ਕਰਦਾ ਹੈ। ਇੰਝ ਇਹ ਬਾਕੀ ਖੇਡ ਫਿਲਮਾਂ ਤੋਂ ਥੋੜ੍ਹੀ ਵੱਖਰੀ ਹੈ ਇਹ ਨਾਲੋਂ ਨਾਲ ਫਿਓਨਾ ਦੇ ਉਸ ਸਮਾਜ ਬਾਰੇ ਵੀ ਦੱਸ ਰਹੀ ਹੈ ਜੋ ਝੁੱਗੀ ਝੌਂਪੜੀਆਂ ਦਾ ਸਮਾਜ ਹੈ। ਜਿੱਥੇ ਗਰੀਬੀ ਹੈ ਪਰ ਉਸ ਵਿੱਚ ਫਿਓਨਾ ਨਾਮ ਦੀ ਇਹ ਕੁੜੀ ਸ਼ਤਰੰਜ ਦੀ ਬਹੁਤ ਵੱਡੀ ਖਿਡਾਰਨ ਬਣੇਗੀ। 

ਫ਼ਿਲਮ ਦਾ ਇੱਕ ਪਾਤਰ ਫਿਓਨਾ ਦਾ ਕੋਚ ਹੈ ਜੋ ਆਪਣੇ ਵਿਦਿਆਰਥੀਆਂ ਨੂੰ ਸਿਖਾਉਂਦਾ ਹੈ ਕਿ ਅਸੀਂ ਘਰੋਂ ਰੁਜ਼ਗਾਰ ਲਈ ਨਿਕਲਦੇ ਹਾਂ। ਅਸੀਂ ਨਿਕਲਣ ਤੋਂ ਪਹਿਲਾਂ ਕੁਝ ਸੋਚ ਕੇ ਨਿਕਲਦੇ ਹਾਂ। ਅਸੀਂ ਇਹਦੀ ਕੋਈ ਵਿਉਂਤਬੰਦੀ ਕਰਦੇ ਹਾਂ। ਅਸੀਂ ਪਹਿਲਾਂ ਸਮਝਦੇ ਹਾਂ ਕਿ ਚਾਰੇ ਪਾਸੇ ਕੀ ਖਤਰਾ ਹੈ ? ਮੀਂਹ ਆਵੇਗਾ, ਮਕਾਨ ਮਾਲਕ ਕਿਰਾਇਆ ਮੰਗੇਗਾ, ਰਾਹ ਵਿੱਚ ਕੁਝ ਟਪੋਰੀ ਸਾਨੂੰ ਤੰਗ ਕਰਨਗੇ। ਇੰਜ ਅਸੀਂ ਆਪਣੇ ਖ਼ਤਰਿਆਂ ਨੂੰ ਪਛਾਣਦੇ ਹਾਂ । ਉਸ ਦੇ ਲਈ ਵਿਉਂਤਬੰਦੀ ਕਰਦੇ ਹਾਂ ਅਤੇ ਇਹ ਸਭ ਨਾਲ ਨਜਿੱਠਦੇ ਹੋਏ ਰਾਹ ਬਣਾਉਂਦੇ ਹੋਏ ਅੱਗੇ ਵਧਦੇ ਹਾਂ। 

PunjabKesari
(ਸ਼ਤਰੰਜ ਵੀ ਇਹੋ ਹੈ। ਅਸੀਂ ਨਿੱਕੀਆਂ ਨਿੱਕੀਆਂ ਚਾਲਾਂ ਚੱਲਦੇ, ਆਲੇ ਦੁਆਲੇ ਦਾ ਖਤਰਾ ਪਛਾਣਦੇ, ਵਿਉਂਤਬੰਦੀ ਕਰਦੇ ਅੱਗੇ ਵਧਦੇ ਹਾਂ ।)

ਫਿਲਮ ਕੁਈਨ ਆਫ ਕਾਟਵੇ ਬਹੁਤ ਖ਼ਾਸ ਸਬਕ ਦਿੰਦੀ ਹੈ। ਇੱਕ ਵਾਰ ਹਾਰ ਜਾਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਹਾਨੂੰ ਕੁਝ ਨਹੀਂ ਆਉਂਦਾ। ਹਾਰ ਤੁਹਾਨੂੰ ਸਿਖਾਉਂਦੀ ਹੈ। ਕਦੀ ਕਦੀ ਤੁਹਾਨੂੰ ਆਪਣੀ ਮੰਜ਼ਿਲ ਪਾਉਣ ਲਈ ਸਮਾਂ ਲੱਗਦਾ ਹੈ। ਇਸ ਦੌਰਾਨ ਇਹ ਮਾਇਨੇ ਰੱਖਦਾ ਹੈ ਕਿ ਤੁਸੀਂ ਹੌਂਸਲਾ ਬਣਾ ਕੇ ਰੱਖੋ। ਹਾਰ ਤੁਹਾਨੂੰ ਆਪਣੀਆਂ ਕਮਜ਼ੋਰੀਆਂ ਤੋਂ ਜਿੱਤਣਾ ਸਿਖਾਉਂਦੀ ਹੈ। 

ਫ਼ਿਲਮ ਕੁਈਨ ਆਫ ਕਾਟਵੇ ਜ਼ਿੰਦਗੀ ਦਾ ਬਹੁਤ ਵੱਡਾ ਅਰਥ ਸਮਝਾਉਂਦੀ ਹੈ ਜੋ ਸਾਨੂੰ ਸਾਰਿਆਂ ਨੂੰ ਯਾਦ ਰੱਖਣਾ ਚਾਹੀਦਾ ਹੈ।

"ਤੁਸੀ ਕਿੱਥੇ ਹੋ ਇਹ ਖਾਸ ਨਹੀਂ,
 ਕਿੱਥੇ ਜਾਣਾ ਚਾਹੁੰਦੇ ਹੋ ਇਹ ਖਾਸ ਹੈ...
ਜਿੱਥੇ ਤੁਸੀ ਰਹਿੰਦੇ ਹੋ ਕਈ ਵਾਰ ਉਹ ਥਾਂ ਤੁਹਾਡੇ ਨਾਲ ਸਬੰਧ ਨਹੀਂ ਰੱਖਦੀ। ਕਈ ਵਾਰ ਤੁਹਾਡਾ ਸਬੰਧ ਉਸ ਥਾਂ ਨਾਲ ਹੁੰਦੈ ਜਿੱਥੇ ਤੁਸੀ ਪਹੁੰਚਨਾ ਚਾਹੁੰਦੇ ਹੋ।" 

ਇਹ ਮਨੀ ਰਤਨਮ ਦੀ ਫਿਲਮ 'ਦਿਲ ਸੇ' ਦੇ ਉਸੇ ਸੰਵਾਦ ਵਰਗੀ ਗੱਲ ਸੀ ਜੋ ਮੀਰਾ ਨਾਇਰ ਦੀ ਫਿਲਮ ਕੁਈਨ ਆਫ ਕਾਟਵੇ ਵੇਖਕੇ ਯਾਦ ਆਉਂਦੀ ਹੈ।

"ਮਾਇਨੇ ਇਹ ਨਹੀਂ ਰੱਖਦਾ ਕਿ ਤੁਸੀ ਕਿਹੜੇ ਸਮਾਜ 'ਚੋਂ ਆਏ ਹੋ, ਮਾਇਨੇ ਇਹ ਰੱਖੇਗਾ ਕਿ ਤੁਸੀ ਆਉਣ ਵਾਲੀ ਨਸਲ ਨੂੰ ਕਿਹੋ ਜਿਹਾ ਸਮਾਜ ਦੇ ਕੇ ਜਾਓਗੇ।" 

PunjabKesari

ਫਿਲਮ ਕੁਈਨ ਆਫ ਕਟਵੇ ਰਾਹੀਂ ਇਕ ਖਾਸ ਵਿਚਾਰ ਤੱਕ ਪਹੁੰਚਣ ਨੂੰ ਜੀਅ ਕਰਦਾ ਹੈ। ਇਸੇ ਕਰਕੇ ਸਿਨੇਮਾ ਜ਼ਿੰਦਗੀ ਵੀ ਹੈ। ਜ਼ਿੰਦਗੀ ਦੀ ਬੜੀਆਂ ਗੱਲਾਂ ਸਿਨੇਮਾ ਇੰਝ ਸਮਝਾਉਂਦਾ ਹੈ।

ਤੁਹਾਡਾ ਇਰਾਦਾ ਇਮਾਨਦਾਰੀ ਅਤੇ ਸਖ਼ਤ ਮਿਹਨਤ ਤੁਹਾਨੂੰ ਉਸ ਥਾਂ ਜ਼ਰੂਰ ਪਹੁੰਚਾਏਗੀ, ਜਿਸ ਦਾ ਤੁਸੀਂ ਸੁਫ਼ਨਾ ਵੇਖਦੇ ਹੋ। ਜਦੋਂ ਤੁਹਾਨੂੰ ਤੁਹਾਡੀ ਮੰਜ਼ਿਲ ਮਿਲ ਜਾਵੇ ਉਸ ਦੇ ਨਾਲ ਇਹ ਜ਼ਰੂਰੀ ਹੋਵੇਗਾ ਕਿ ਤੁਹਾਡੇ ਅੰਦਰ ਦੀ ਨੈਤਿਕ ਇਮਾਨਦਾਰੀ ਜਿਉਂਦੀ ਰਹੇ। ਤੁਹਾਨੂੰ ਇਸ ਗੱਲ ਦਾ ਅਹਿਸਾਸ ਸਦਾ ਰਹੇ ਕਿ ਤੁਸੀਂ ਕਿੱਥੋਂ ਉੱਠ ਕੇ ਇੱਥੋਂ ਤੱਕ ਪਹੁੰਚੇ ਹੋ। ਜੜ੍ਹਾਂ ਨਾਲ ਜੁੜਿਆ ਬੰਦਾ ਹੀ ਭਵਿੱਖ ਦੀ ਜੜ੍ਹ ਬਣਦਾ ਹੈ। 


rajwinder kaur

Content Editor

Related News