ਵਿਦਿਆਰਥੀਆਂ ਫੂਕਿਆ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦਾ ਪੁਤਲਾ

Friday, Apr 20, 2018 - 07:09 AM (IST)

ਸ੍ਰੀ ਮੁਕਤਸਰ ਸਾਹਿਬ, (ਪਵਨ, ਦਰਦੀ, ਸੁਖਪਾਲ)-  ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਰਿਜਨਲ ਸੈਂਟਰ ਸ੍ਰੀ ਮੁਕਤਸਰ ਸਾਹਿਬ ਵਿਖੇ ਸੈਂਟਰ ਦੀ ਨਵੀਂ ਬਿਲਡਿੰਗ ਦੀ ਉਸਾਰੀ ਅਤੇ ਪ੍ਰੋਫੈਸਰਾਂ ਦੀ ਘੱਟ ਗਿਣਤੀ ਨੂੰ ਪੂਰਾ ਕਰਨ ਦੀ ਮੰਗ ਸਬੰਧੀ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਕੀਤੀ ਗਈ। 
ਇਸ ਦੌਰਾਨ ਯੂਨੀਅਨ ਦੇ ਜ਼ਿਲਾ ਕਨਵੀਨਰ ਧੀਰਜ ਕੁਮਾਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਰਿਜਨਲ ਸੈਂਟਰ ਦੀ ਹਾਲਤ ਬਿਲਕੁਲ ਖਸਤਾ ਹੋ ਚੁੱਕੀ ਹੈ ਅਤੇ ਇਸ ਦੇ ਕਈ ਕਮਰੇ ਪਹਿਲਾਂ ਵੀ ਡਿੱਗ ਚੁੱਕੇ ਹਨ, ਜਦਕਿ ਕਈ ਡਿੱਗਣ ਕਿਨਾਰੇ ਹਨ ਪਰ ਇਸ ਦੇ ਬਾਵਜੂਦ ਜ਼ਿਲਾ ਪ੍ਰਸ਼ਾਸਨ ਅਤੇ ਯੂਨੀਵਰਸਿਟੀ ਦੇ ਪ੍ਰਬੰਧਕਾਂ ਦੇ ਕੰਨਾਂ 'ਤੇ ਜੂੰ ਨਹੀਂ ਸਰਕ ਰਹੀ। ਉਨ੍ਹਾਂ ਕਿਹਾ ਕਿ ਨਵੀਂ ਬਿਲਡਿੰਗ ਦੀ ਉਸਾਰੀ ਜਲਦ ਕਰਵਾਈ ਜਾਵੇ। ਸਰਕਾਰਾਂ ਦੀ ਨਿੱਜੀਕਰਨ ਦੀਆਂ ਨੀਤੀਆਂ ਤਹਿਤ ਸਰਕਾਰੀ ਸਕੂਲਾਂ, ਕਾਲਜਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ, ਜਦਕਿ ਪ੍ਰਾਈਵੇਟ ਕਾਲਜਾਂ ਦੀ ਚਾਂਦੀ ਹੋ ਰਹੀ ਹੈ। ਸਰਕਾਰਾਂ ਉਚੇਰੀ ਸਿੱਖਿਆ ਵੱਲੋਂ ਮੂੰਹ ਮੋੜ ਚੁੱਕੀਆਂ ਹਨ ਅਤੇ ਜੋ ਰੋਜ਼ਗਾਰ ਹਨ, ਉਹ ਵੀ ਖੋਹੇ ਜਾ ਰਹੇ ਹਨ। 
ਧੀਰਜ ਕੁਮਾਰ ਨੇ ਦੱਸਿਆ ਕਿ ਰਿਜਨਲ ਸੈਂਟਰ ਵਿਚ ਪ੍ਰੋਫੈਸਰਾਂ ਦੀ ਵੀ ਭਾਰੀ ਘਾਟ ਹੈ, ਜਿਸ ਕਰ ਕੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਦੇ ਪਿਛਲੇ ਪਾਸੇ, ਜੋ ਜ਼ਮੀਨ ਰਿਜਨਲ ਸੈਂਟਰ ਨੂੰ ਅਲਾਟ ਹੋਈ ਹੈ, ਉੱਥੇ ਹੀ ਸੈਂਟਰ ਦੀ ਨਵੀਂ ਬਿਲਡਿੰਗ ਬਣਾਉਣ ਦਾ ਕੰਮ ਸ਼ੁਰੂ ਕੀਤਾ ਜਾਵੇ। 
ਪੀ. ਐੱਸ. ਯੂ. ਦੇ ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੀ 23 ਅਪ੍ਰੈਲ ਨੂੰ ਡੀ. ਸੀ. ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਕਰਮਜੀਤ ਸਿੰਘ ਭਾਗਸਰ, ਜਸਵਿੰਦਰ, ਜਸਪ੍ਰੀਤ ਕੌਰ, ਅਮਨਪ੍ਰੀਤ ਕੌਰ, ਗੁਰਪ੍ਰੀਤ ਕੌਰ ਆਦਿ ਮੌਜੂਦ ਸਨ।


Related News