ਪੰਜਾਬੀਆਂ ਨੇ ਮੁੱਖ ਮੰਤਰੀ ਦਾ ਪਹਿਲੀ ਵਾਰ ਵੇਖਿਆ ਵਿਆਹ! CM ਰਿਹਾਇਸ਼ 'ਤੇ ਹੋਏ ਅਨੰਦ ਕਾਰਜ

Friday, Jul 08, 2022 - 02:44 PM (IST)

ਪੰਜਾਬੀਆਂ ਨੇ ਮੁੱਖ ਮੰਤਰੀ ਦਾ ਪਹਿਲੀ ਵਾਰ ਵੇਖਿਆ ਵਿਆਹ! CM ਰਿਹਾਇਸ਼ 'ਤੇ ਹੋਏ ਅਨੰਦ ਕਾਰਜ

ਲੁਧਿਆਣਾ(ਮੁੱਲਾਂਪੁਰੀ) : ਪੰਜਾਬ ਦੇ ਲੋਕਾਂ ਲਈ ਕੱਲ੍ਹ ਦਾ ਦਿਨ ਇਤਿਹਾਸਕ ਸੀ ਕਿ ਉਨ੍ਹਾਂ ਨੂੰ 1966 ਤੋਂ ਲੈ ਕੇ ਹੁਣ ਤੱਕ ਬਣੇ 13 ਮੁੱਖ ਮੰਤਰੀਆਂ ’ਚੋਂ ਜੇਕਰ ਕਿਸੇ ਦੇ ਵਿਆਹ ਦੀਆਂ ਰਸਮਾਂ ਲਾਈਵ ਵੇਖਣ ਦਾ ਸੁਭਾਗ ਪ੍ਰਾਪਤ ਹੋਇਆ ਹੈ ਤਾਂ ਉਹ ਪੰਜਾਬ ਦੇ 13ਵੇਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਨ। ਇਹ ਪਹਿਲਾਂ ਮੌਕਾ ਹੋਵੇਗਾ ਜਿਸ 'ਚ ਪੰਜਾਬ ਦੇ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਵਿਖੇ ਕਿਸੇ ਮੁੱਖ ਮੰਤਰੀ ਦੇ ਗੁਰੂ ਮਹਾਰਾਜ ਦੀ ਹਾਜ਼ਰੀ ’ਚ ਆਨੰਦ ਕਾਰਜ ਹੋਏ ਹੋਣ, ਜਦੋਂਕਿ ਗਿਆਨੀ ਜੈਲ ਸਿੰਘ ਦੀ ਸਰਕਾਰ ਮੌਕੇ ਸ੍ਰੀ ਅਖੰਡ ਪਾਠ ਵੀ ਹੋ ਚੁੱਕਾ ਹੈ। ਬਾਕੀ ਇਸ ਤੋਂ ਪਹਿਲਾਂ ਜਿੰਨੇ ਵੀ ਮੁੱਖ ਮੰਤਰੀ ਰਹੇ, ਉਹ 60 ਸਾਲਾਂ ਦੇ ਨੇੜੇ ਸਨ ਪਰ ਮੌਜੂਦਾ ਮੁੱਖ ਮੰਤਰੀ ਸ. ਮਾਨ 48 ਸਾਲ ਦੇ ਹਨ ਅਤੇ ਇਹ ਉਨ੍ਹਾਂ ਦਾ ਦੂਜਾ ਵਿਆਹ ਹੈ।

ਇਹ ਵੀ ਪੜ੍ਹੋ- SGPC ਦਾ ਅਹਿਮ ਫ਼ੈਸਲਾ, ਗੁਰਦੁਆਰਿਆਂ ਨਾਲ ਲਗਦੀ ਜ਼ਮੀਨ 'ਤੇ ਲਗਾਏ ਜਾਣਗੇ ਬਾਗ

ਜਦੋਂਕਿ ਬਾਦਲ ਸਰਕਾਰ ਦੇ ਚਲਦਿਆਂ ਉਸ ਵੇਲੇ ਦੇ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਦਾ ਬਤੌਰ ਮੰਤਰੀ ਹੁੰਦਿਆਂ ਚੰਡੀਗੜ੍ਹ ਲਾਗੇ ਵਿਆਹ ਹੋਇਆ ਸੀ, ਜਿਸ ਦੀਆਂ ਕਾਫ਼ੀ ਧੁੰਮਾਂ ਪਈਆਂ ਸਨ ਕਿਉਂਕਿ ਸ. ਮਜੀਠੀਆ ਉਸ ਵੇਲੇ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦਾ ਜੀਜਾ ਤਾਕਤਵਰ ਅਹੁਦੇ ’ਤੇ ਸਨ। ਬਾਕੀ ਪੰਜਾਬ ਦੇ ਹੁਣ ਤੱਕ ਦੇ 13 ਮੁੱਖ ਮੰਤਰੀਆਂ ’ਚੋਂ ਜੇਕਰ ਕਿਸੇ ਨੂੰ ਆਪਣੇ ਪੁੱਤਰ ਦੇ ਵਿਆਹ ਦੇ ਜਸ਼ਨ ਮਨਾਉਣ ਤੇ ਘੋੜੀ ਚੜ੍ਹਾਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ ਤਾਂ ਉਨ੍ਹਾਂ ਵਿਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹਨ। ਜਿਨ੍ਹਾਂ ਨੇ ਮੁੱਖ ਮੰਤਰੀ ਹੁੰਦਿਆਂ ਆਪਣੇ ਪੁੱਤ ਦਾ ਵਿਆਹ ਸ਼ਾਹੀ ਅੰਦਾਜ਼ ’ਚ ਕਰਵਾਇਆ ਸੀ।

ਇਹ ਵੀ ਪੜ੍ਹੋ- ਡੇਰਾ ਸਲਾਬਤਪੁਰਾ ਦੀਆਂ ਕੰਧਾਂ ’ਤੇ ਲਿਖੇ ਖਾਲਿਸਤਾਨੀ ਨਾਅਰੇ, ਬਦਲਾ ਲੈਣ ਦੀ ਦਿੱਤੀ ਚਿਤਾਵਨੀ

ਜਦੋਂਕਿ ਇਸੇ ਤਰ੍ਹਾਂ ਬੇਅੰਤ ਸਿੰਘ ਮੁੱਖ ਮੰਤਰੀ ਨੂੰ ਆਪਣੇ ਕਾਰਜਕਾਲ ਦੌਰਾਨ ਆਪਣੀ ਦੋਹਤੀ ਦਾ ਵਿਆਹ ਕਰਨ ਦਾ ਸ਼ੁਭ ਮੌਕਾ ਮਿਲਿਆ ਸੀ। ਇਸੇ ਤਰ੍ਹਾਂ ਬੀਬੀ ਰਜਿੰਦਰ ਕੌਰ ਭੱਠਲ ਸਾਬਕਾ ਮੁੱਖ ਮੰਤਰੀ ਪੰਜਾਬ ਨੂੰ ਉਸ ਵੇਲੇ ਆਪੋਜ਼ੀਸ਼ਨ ਨੇਤਾ ਹੋਣ ਮੌਕੇ ਆਪਣੀ ਧੀ ਦੇ ਹੱਥ ਪੀਲੇ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਸੀ। ਇਸ ਤੋਂ ਇਲਾਵਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਆਪਣੇ ਦੋਹਤੇ ਦਾ ਵਿਆਹ ਚੰਡੀਗੜ੍ਹ ’ਚ ਕਰ ਕੇ ਤਹਿਲਕਾ ਮਚਾਇਆ ਸੀ। ਗੱਲ ਇਹ ਹੈ ਕੀ, ਸੱਤਾ ’ਚ ਹੁੰਦਿਆਂ ਤੇ ਵੱਡੇ ਅਹੁਦਿਆਂ ’ਤੇ ਰਹਿੰਦਿਆਂ ਇਸ ਤਰ੍ਹਾਂ ਦੀਆਂ ਸ਼ਹਿਨਾਈਆਂ ਵੱਡੇ ਆਗੂਆਂ ਦੇ ਘਰ ਘੱਟ ਹੀ ਵੱਜੀਆਂ ਸਨ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

Anuradha

Content Editor

Related News