ਜ਼ਹਿਰੀਲਾ ਅਨਾਜ ਖਾ ਰਹੇ ਪੰਜਾਬੀ, ਕੀਟਨਾਸ਼ਕਾਂ ਦੀ ਵਰਤੋਂ ਕਰਨ 'ਚ ਪੂਰੇ ਦੇਸ਼ 'ਚੋਂ ਮੋਹਰੀ

Thursday, May 11, 2023 - 01:02 PM (IST)

ਜ਼ਹਿਰੀਲਾ ਅਨਾਜ ਖਾ ਰਹੇ ਪੰਜਾਬੀ, ਕੀਟਨਾਸ਼ਕਾਂ ਦੀ ਵਰਤੋਂ ਕਰਨ 'ਚ ਪੂਰੇ ਦੇਸ਼ 'ਚੋਂ ਮੋਹਰੀ

ਚੰਡੀਗੜ੍ਹ (ਹਰੀਸ਼ਚੰਦਰ) : ਇਕ ਅਧਿਐਨ ਵਿਚ ਸਾਹਮਣੇ ਆਇਆ ਸੀ ਕਿ ਦੇਸ਼ਭਰ ਵਿਚ ਕੀਟਨਾਸ਼ਕਾਂ ਦੀ ਪ੍ਰਤੀ ਹੈਕਟੇਅਰ ਖ਼ਪਤ ਦੇ ਮਾਮਲੇ ਵਿਚ ਪੰਜਾਬ ਪਹਿਲੇ ਨੰਬਰ ’ਤੇ ਹੈ। ਆਪਣੀਆਂ ਫ਼ਸਲਾਂ ਨੂੰ ਕੀੜਿਆਂ ਆਦਿ ਤੋਂ ਬਚਾਉਣ ਲਈ ਇੱਥੇ ਦੇ ਕਿਸਾਨ ਕੀਟਨਾਸ਼ਕਾਂ ਦੀ ਤਾਬੜਤੋੜ ਵਰਤੋਂ ਕਰਦੇ ਹਨ ਪਰ ਅਧਿਐਨ ਦੱਸਦੇ ਹਨ ਕਿ ਇਸ ਦਾ ਵਾਤਾਵਰਣ ਨੂੰ ਜੋ ਨੁਕਸਾਨ ਹੁਣ ਤੱਕ ਹੋ ਚੁੱਕਿਆ ਹੈ, ਉਸ ਤੋਂ ਉਭਰਨ ਵਿਚ ਕਈ ਵਰ੍ਹੇ ਲੱਗ ਸਕਦੇ ਹਨ ਅਤੇ ਉਹ ਵੀ ਉਦੋਂ, ਜਦੋਂ ਇਨ੍ਹਾਂ ਦੀ ਵਰਤੋਂ ਹੁਣੇ ਰੋਕ ਦਿੱਤੀ ਜਾਵੇ। ਆਲਮ ਇਹ ਹੈ ਕਿ ਇਹ ਕੀਟਨਾਸ਼ਕ ਮਿੱਟੀ, ਪਾਣੀ, ਹਵਾ ਅਤੇ ਬਨਸਪਤੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਹੇ ਹਨ। ਫ਼ਸਲਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੀੜਿਆਂ ਜਾਂ ਜੰਗਲੀ ਬੂਟੀ ਲਈ ਵਰਤੋਂ ਵਿਚ ਲਿਆਏ ਜਾਂਦੇ ਕੀਟਨਾਸ਼ਕ ਪੰਛੀਆਂ, ਕੀੜਿਆਂ ਅਤੇ ਪੌਦਿਆਂ ਲਈ ਜ਼ਹਿਰੀਲੇ ਵੀ ਸਾਬਤ ਹੋ ਰਹੇ ਹਨ। ਇੰਝ ਤਾਂ ਪੂਰੇ ਪੰਜਾਬ ਵਿਚ ਹੀ ਕੀਟਨਾਸ਼ਕਾਂ ਦੀ ਕਿਸਾਨ ਖ਼ੂਬ ਵਰਤੋਂ ਕਰਦੇ ਹਨ ਪਰ ਮਾਲਵਾ ਖੇਤਰ ਸੂਬੇ ਦੇ ਕੁਲ ਕੀਟਨਾਸ਼ਕਾਂ ਦਾ ਕਰੀਬ 75 ਫ਼ੀਸਦੀ ਖ਼ਪਤ ਕਰਦਾ ਹੈ ਅਤੇ ਇਸ ਨਾਲ ਸਥਾਨਕ ਆਬਾਦੀ ਦੀ ਸਿਹਤ ਅਤੇ ਖੇਤਰ ਵਿਚ ਵਾਤਾਵਰਣ ਨੂੰ ਖ਼ਤਰਾ ਲਗਾਤਾਰ ਵਧਦਾ ਜਾ ਰਿਹਾ ਹੈ। ਕੈਂਸਰ ਦੇ ਮਾਮਲਿਆਂ ਵਿਚ ਬੀਤੇ 2-3 ਦਹਾਕੇ ਦੌਰਾਨ ਮਾਲਵਾ ਵਿਚ ਆਏ ਉਛਾਲ ਅਤੇ ਪ੍ਰਜਣਨ ਸਬੰਧੀ ਬੀਮਾਰੀਆਂ ਵਿਚ ਹੋਏ ਵਾਧੇ ਕਾਰਣ ਉਸ ਇਲਾਕੇ ਵਿਚ ਕੀਟਨਾਸ਼ਕਾਂ ਨੂੰ ਹੀ ਸ਼ੱਕ ਦੇ ਦਾਇਰੇ ਵਿਚ ਰੱਖਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ- ਜੰਮੂ ਵਿਖੇ ਡਿਊਟੀ ਦੌਰਾਨ ਸ਼ਹੀਦ ਹੋਇਆ ਸੰਗਰੂਰ ਜ਼ਿਲ੍ਹੇ ਦਾ ਨੌਜਵਾਨ ਜਸਵੀਰ, ਮਾਪਿਆਂ ਦਾ ਸੀ ਇਕਲੌਤਾ ਪੁੱਤ

ਮਿੱਟੀ ਦੀ ਗੁਣਵੱਤਾ ’ਤੇ ਵੀ ਪੈ ਰਿਹਾ ਅਸਰ

ਬਹੁਤ ਜ਼ਿਆਦਾ ਕੀਟਨਾਸ਼ਕਾਂ ਦੀ ਵਰਤੋਂ ਨਾਲ ਭੂਮੀ ਵਿਚ ਫ਼ਸਲਾਂ ਲਈ ਲਾਭਕਾਰੀ ਸੂਖਸ਼ਮਜੀਵਾਂ ਵਿਚ ਵੀ ਕਮੀ ਆ ਰਹੀ ਹੈ ਅਤੇ ਨਾਲ ਹੀ ਲੰਬੇ ਸਮੇਂ ਤੋਂ ਇਨ੍ਹਾਂ ਦੀ ਵਰਤੋਂ ਨਾਲ ਮਿੱਟੀ ਦੀ ਗੁਣਵੱਤਾ ਵੀ ਖ਼ਰਾਬ ਹੋ ਰਹੀ ਹੈ। ਖ਼ਾਸ ਗੱਲ ਇਹ ਹੈ ਕਿ ਕੀਟਨਾਸ਼ਕ ਸਿਰਫ਼ ਉਸੇ ਖੇਤਰ ਨੂੰ ਪ੍ਰਭਾਵਿਤ ਨਹੀਂ ਕਰਦੇ, ਜਿੱਥੇ ਉਹ ਪਾਏ ਜਾਂਦੇ ਹਨ, ਸਗੋਂ ਸਪ੍ਰੇਅ ਕਰਨ ’ਤੇ ਉਹ ਹਵਾ ਰਾਹੀਂ ਤੇਜ਼ੀ ਨਾਲ ਆਸਪਾਸ ਫੈਲ ਕੇ ਦੂਰ ਦੇ ਖੇਤਰਾਂ ਵਿਚ ਵੀ ਜੋਖਮ ਪੈਦਾ ਕਰ ਸਕਦੇ ਹਨ। ਕੀਟਨਾਸ਼ਕ ਮਿੱਟੀ ਅਤੇ ਸਿੰਚਾਈ ਦੇ ਸਮੇਂ ਦਿੱਤੇ ਗਏ ਪਾਣੀ ਨਾਲ ਭੂਜਲ ਨੂੰ ਵੀ ਪ੍ਰਦੂਸ਼ਿਤ ਕਰ ਰਹੇ ਹਨ। ਇਕ ਤਰ੍ਹਾਂ ਨਾਲ ਕੀਟਨਾਸ਼ਕ ਸਾਡੀ ਖੁਰਾਕ ਲੜੀ ਵਿਚ ਦਾਖ਼ਲ ਹੋ ਚੁੱਕੇ ਹਨ। ਭਾਵ ਅਸੀਂ ਜੋ ਵੀ ਸਬਜ਼ੀ, ਫ਼ਲ ਜਾਂ ਅਨਾਜ ਖਾਂਦੇ ਹਾਂ, ਉਸ ਰਾਹੀਂ ਕੀਟਨਾਸ਼ਕ ਵੀ ਲੈ ਰਹੇ ਹਾਂ, ਜਿਸ ਦਾ ਅਸਰ ਹੌਲੀ-ਹੌਲੀ ਸਾਹਮਣੇ ਆ ਰਿਹਾ ਹੈ।

ਤਾਂ ਤੈਅ ਮਾਨਦੰਡਾਂ ਤੋਂ ਜ਼ਿਆਦਾ ਪਾਈਆਂ ਗਈਆਂ ਸਬਜ਼ੀਆਂ ਵਿਚ ਭਾਰੀ ਧਾਤਾਂ

ਕੀਟਨਾਸ਼ਕ ਅਵਸ਼ੇਸ਼ਾਂ ਵਿਚ ਭਾਰੀ ਧਾਤਾਂ ਸ਼ਾਮਲ ਹੋ ਸਕਦੀਆਂ ਹਨ ਜੋ ਪਾਣੀ, ਮਿੱਟੀ ਵਿੱਚ ਛੱਡੀਆਂ ਜਾਂਦੀਆਂ ਹਨ। ਵੱਖ-ਵੱਖ ਅਧਿਐਨਾਂ ਨਾਲ ਇਹ ਗੱਲ ਵੀ ਸਾਹਮਣੇ ਆਈ ਕਿ ਭਾਰੀ ਧਾਤਾਂ ਵਾਲੇ ਭੋਜਨ ਅਤੇ ਪਾਣੀ ਦਾ ਲੰਬੇ ਸਮੇਂ ਤੱਕ ਸੇਵਨ ਸਿਹਤ ਲਈ ਬੇਹੱਦ ਨੁਕਸਾਨਦਾਇਕ ਹੋ ਸਕਦਾ ਹੈ, ਜਿਸ ਨਾਲ ਫੇਫੜੇ, ਗੁਰਦੇ ਸਮੇਤ ਸਰੀਰ ਦੇ ਪ੍ਰਮੁੱਖ ਅੰਗਾਂ ਨੂੰ ਨੁਕਸਾਨ ਹੋ ਸਕਦਾ ਹੈ। ਹਾਲਾਂਕਿ ਬਹੁਤ ਘੱਟ ਅਧਿਐਨਾਂ ਨੇ ਖੇਤਰ ਵਿਚ ਵਾਤਾਵਰਣ, ਭੋਜਨ, ਸਬਜ਼ੀਆਂ ਅਤੇ ਪਾਣੀ ’ਤੇ ਕੀਟਨਾਸ਼ਕਾਂ ਦੇ ਪ੍ਰਭਾਵ ਅਤੇ ਸਥਾਨਕ ਲੋਕਾਂ ਵਲੋਂ ਸਾਹਮਣਾ ਕੀਤੀਆਂ ਜਾਣ ਵਾਲੀਆਂ ਕਮਜ਼ੋਰ ਸਿਹਤ ਸਮੱਸਿਆਵਾਂ ਦੇ ਨਾਲ ਇਸ ਦੇ ਸਬੰਧ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਹੈ।

ਇਹ ਵੀ ਪੜ੍ਹੋ- ਗਰੀਬ ਪਰਿਵਾਰਾਂ 'ਤੇ ਟੁੱਟਾ ਦੁੱਖਾਂ ਦਾ ਪਹਾੜ, ਦਰਦਨਾਕ ਹਾਦਸੇ ਨੇ ਖੋਹ ਲਏ ਮਾਪਿਆਂ ਦੇ ਜਵਾਨ ਪੁੱਤ

ਘੱਗਰ ਨਦੀ ਦੇ ਕੰਢੇ ਵਸੇ ਇਲਾਕੇ ਵਿਚ ਸਬਜ਼ੀਆਂ ’ਤੇ ਹੋਏ ਇਕ ਅਧਿਐਨ ਵਿਚ ਉਨ੍ਹਾਂ ਵਿਚ ਕਰੋਮੀਅਮ, ਯੂਰੇਨੀਅਮ, ਸੀਸਾ, ਤਾਂਬਾ, ਨਿੱਕਲ ਅਤੇ ਮੈਗਨੀਜ਼ ਵਰਗੀਆਂ ਨੁਕਸਾਨਦਾਇਕ ਭਾਰੀ ਧਾਤਾਂ ਬਹੁਤਾਤ ਵਿਚ ਪਾਈਆਂ ਗਈਆਂ। ਇਨ੍ਹਾਂ ਸਾਰੀਆਂ ਸਬਜ਼ੀਆਂ ਦੇ ਜਿੰਨੇ ਵੀ ਨਮੂਨੇ ਪਰਖੇ ਗਏ, ਉਨ੍ਹਾਂ ਵਿਚ ਭਾਰੀ ਧਾਤਾਂ ਵਿਸ਼ਵ ਸਿਹਤ ਸੰਗਠਨ ਅਤੇ ਭਾਰਤੀ ਮਾਨਦੰਡ ਬਿਊਰੋ (ਬੀ.ਆਈ.ਐੱਸ.) ਵਲੋਂ ਤੈਅ ਮੁੱਲਾਂ ਤੋਂ ਜ਼ਿਆਦਾ ਪਾਈਆਂ ਗਈਆਂ। ਇਸ ਦਾ ਵੱਡਾ ਕਾਰਣ ਇਹ ਸੀ ਕਿ ਘੱਗਰ ਨਦੀ ਦੇ ਪਾਣੀ ਵਿਚ ਇਨ੍ਹਾਂ ਧਾਤਾਂ ਦੇ ਨਾਲ-ਨਾਲ ਕੈਡਮੀਅਮ, ਜਿੰਕ, ਟਿਨ, ਐਟੀਮਨੀ, ਟਾਈਟੇਨੀਅਮ, ਲੈੱਡ, ਟਾਈਟੇਨੀਅਮ ਜਿਹੀਆਂ ਜ਼ਹਿਰੀਲੀਆਂ ਭਾਰੀ ਧਾਤਾਂ ਦੀ ਭਾਰੀ ਮਾਤਰਾ ਪਾਈ ਗਈ ਸੀ।

ਇਹ ਵੀ ਪੜ੍ਹੋ- ਵੱਡੀ ਲਾਪ੍ਰਵਾਹੀ! ਬਿਨਾਂ ਕਾਰਡ ਪੜ੍ਹੇ ਸਿਹਤ ਕਰਮੀਆਂ ਨੇ ਬੱਚੇ ਦੇ ਲਗਾਏ 4 ਟੀਕੇ, ਹੋਈ ਮੌਤ

ਇਸ ਵਿਚ ਦੋ ਰਾਏ ਨਹੀਂ ਕਿ ਕੀਟਨਾਸ਼ਕ ਖੇਤੀਬਾੜੀ ਉਤਪਾਦਕਤਾ ਵਧਾਉਣ ਵਿਚ ਵੱਡੀ ਭੂਮਿਕਾ ਨਿਭਾਉਂਦੇ ਹਨ ਪਰ ਇਨ੍ਹਾਂ ਨਾਲ ਸਿਹਤ ਅਤੇ ਵਾਤਾਵਰਣ ਨੂੰ ਹੋਣ ਵਾਲੇ ਖ਼ਤਰਨਾਕ ਪ੍ਰਭਾਵ ਨੂੰ ਵੀ ਨਜ਼ਰਅੰਦਾਜ ਨਹੀਂ ਕੀਤਾ ਜਾ ਸਕਦਾ। ਪੰਜਾਬ ਵਿਚ ਜਦੋਂ ਤੱਕ ਕਿਸਾਨਾਂ ਨੂੰ ਕੀਟਨਾਸ਼ਕਾਂ ਦੀ ਸੁਰੱਖਿਅਤ ਵਰਤੋਂ ਦੀ ਜਾਣਕਾਰੀ, ਜਾਗਰੂਕਤਾ ਅਤੇ ਸਿਖਲਾਈ, ਪ੍ਰਭਾਵਸ਼ਾਲੀ ਨਿਯਮ-ਕਾਇਦੇ ਨਹੀਂ ਹੋਣਗੇ, ਖਤਰਨਾਕ ਕੀਟਨਾਸ਼ਕਾਂ ’ਤੇ ਰੋਕ ਨਹੀਂ ਹੋਵੇਗੀ, ਉਦੋਂ ਤੱਕ ਵਾਤਾਵਰਣ ਅਤੇ ਸਿਹਤ ਲਈ ਜੋਖਮ ਵਧਦਾ ਹੀ ਰਹੇਗਾ।

ਕਿਸਾਨ ਦੇ ਨਜ਼ਰੀਏ ਨਾਲ ਦੇਖੀਏ ਤਾਂ ਇਹ ਗ਼ਲਤ ਨਹੀਂ

ਦਰਅਸਲ ਕੀਟਨਾਸ਼ਕਾਂ ਦੀ ਵਰਤੋਂ ਕਰਕੇ ਅਸੀ ਜਿਸ ਪੱਧਰ ’ਤੇ ਵਾਤਾਵਰਣ ਨੂੰ ਲੈ ਆਏ ਹਾਂ, ਉਸ ਵਿਚ ਹਰ ਸਾਲ ਕੀਟਨਾਸ਼ਕ ਸਪ੍ਰੇਅ ਜ਼ਰੂਰੀ ਹੋ ਗਈ ਹੈ। ਹਰ ਸਾਲ ਸੁੰਡੀਆਂ-ਕੀਟ ਵਧ ਜਾਂਦੇ ਹਨ ਅਤੇ ਉਨ੍ਹਾਂ ਦੀ ਤਾਦਾਦ ਕੰਟਰੋਲ ਤੋਂ ਬਾਹਰ ਹੋ ਜਾਂਦੀ ਹੈ। ਖੇਤਾਂ ਤੋਂ ਜੰਗਲੀ ਬੂਟੀ ਨਾ ਹਟਾਈਏ ਤਾਂ ਉਤਪਾਦਨ ਘੱਟ ਹੁੰਦਾ ਹੈ ਅਤੇ ਇਸ ਨੂੰ ਕੱਢਣ ਲਈ ਜੇਕਰ ਲੇਬਰ ਲਗਾਈਏ ਤਾਂ ਉਸਦੀ ਕੀਮਤ ਜ਼ਿਆਦਾ ਪੈਂਦੀ ਹੈ ਜਦੋਂ ਕਿ ਸਮਾਂ ਵੀ ਜ਼ਿਆਦਾ ਲੱਗਦਾ ਹੈ। ਅਜਿਹੇ ਵਿਚ ਕਿਸਾਨ ਨੂੰ ਇਕ ਸਪ੍ਰੇਅ ਮਾਰਨਾ ਹੀ ਠੀਕ ਲੱਗਦਾ ਹੈ।

ਇਕ ਸਾਲ ਸਪ੍ਰੇਅ ਨਾ ਕੀਤੀ ਜਾਵੇ ਤਾਂ ਜੰਗਲੀ ਬੂਟੀ ਅਤੇ ਕੀਟ ਵਧ ਜਾਂਦੇ ਹਨ, ਉਤਪਾਦਨ ਘੱਟ ਹੁੰਦਾ ਹੈ

ਇਕ ਹੋਰ ਖ਼ਾਸ ਗੱਲ ਇਹ ਹੈ ਕਿ ਵਾਤਾਵਰਣ ਵਿਚ ਹੋ ਰਹੇ ਬਦਲਾਅ ਦੇ ਚਲਦੇ ਹੁਣ ਪੰਛੀ ਘੱਟ ਹੋ ਗਏ ਹਨ। ਧਰਤੀ ’ਤੇ ਰਹਿਣ ਵਾਲੇ ਕੀੜਿਆਂ ਨੂੰ ਪਹਿਲਾਂ ਪੰਛੀ ਖਾ ਜਾਂਦੇ ਸਨ ਪਰ ਹੁਣ ਪੰਛੀ ਘੱਟ ਅਤੇ ਕੀੜੇ ਜ਼ਿਆਦਾ ਹੋ ਗਏ ਹਨ। ਅਜਿਹੇ ਵਿਚ ਕਿਸਾਨ ਇਹ ਸਹਿਣ ਨਹੀਂ ਕਰ ਸਕਦਾ ਕਿਉਂਕਿ ਇਕ ਸਾਲ ਵੀ ਸਪ੍ਰੇਅ ਨਾ ਕੀਤੀ ਜਾਵੇ ਤਾਂ ਜੰਗਲੀ ਬੂਟੀ ਅਤੇ ਕੀਟ ਵਧ ਜਾਂਦੇ ਹਨ, ਜਿਸ ਨਾਲ ਫ਼ਸਲ ਦਾ ਉਤਪਾਦਨ ਘੱਟ ਹੋ ਜਾਂਦਾ ਹੈ। ਇਹ ਇਕੱਲੇ ਕਿਸਾਨ ਦੀ ਜ਼ਿੰਮੇਵਾਰੀ ਨਹੀਂ, ਸਰਕਾਰ ਨੂੰ ਵੀ ਇਸ ਦਾ ਕੋਈ ਵਿਕਲਪ ਲੱਭਣਾ ਹੋਵੇਗਾ। ਲੋਕ ਕਿਸਾਨ ਨੂੰ ਇਸ ਲਈ ਜ਼ਿੰਮੇਵਾਰ ਠਹਿਰਾਉਂਦੇ ਹਨ ਪਰ ਜੇਕਰ ਕਿਸਾਨ ਦੇ ਨਜ਼ਰੀਏ ਨਾਲ ਦੇਖੀਏ ਤਾਂ ਇਹ ਗ਼ਲਤ ਨਹੀਂ ਹੈ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News