ਪੰਜਾਬੀ ਨੌਜਵਾਨ ਦੀ ਅਮਰੀਕਾ ''ਚ ਸੜਕ ਹਾਦਸੇ ਦੌਰਾਨ ਮੌਤ

Saturday, Sep 21, 2019 - 07:49 PM (IST)

ਪੰਜਾਬੀ ਨੌਜਵਾਨ ਦੀ ਅਮਰੀਕਾ ''ਚ ਸੜਕ ਹਾਦਸੇ ਦੌਰਾਨ ਮੌਤ

ਨਡਾਲਾ, (ਸ਼ਰਮਾ)— ਬੀਤੇ ਦਿਨੀਂ ਅਮਰੀਕਾ ਦੇ ਸ਼ਹਿਰ ਨਿਊਜਰਸੀ 'ਚ ਇਕ ਕਾਰ ਸਵਾਰ ਵਿਅਕਤੀ ਵੱਲੋਂ ਮਾਰੀ ਟੱਕਰ ਕਾਰਨ ਪਿੰਡ ਸੈਂਤਪੁਰ ਵਾਸੀ ਨੌਜਵਾਨ ਦੀ ਮੌਕੇ 'ਤੇ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਉਕਤ ਨੌਜਵਾਨ ਦੀ ਮਾਤਾ ਚਰਨਜੀਤ ਕੌਰ ਨੇ ਭਰੇ ਮਨ ਨਾਲ ਦੱਸਿਆ ਕਿ ਕਰੀਬ 3 ਸਾਲ ਪਹਿਲਾਂ ਉਨ੍ਹਾਂ ਦਾ ਪੁੱਤਰ ਹਰਜਿੰਦਰ ਸਿੰਘ ਜਿੰਦ (27) ਪੁੱਤਰ ਕਰਮ ਸਿੰਘ ਕਰੀਬ 28 ਲੱਖ ਰੁਪਏ ਖਰਚ ਕੇ ਅਮਰੀਕਾ ਗਿਆ ਸੀ। 7 ਲੱਖ ਦਾ ਬਾਂਡ ਵੀ ਭਰਿਆ ਅਤੇ ਇਸ ਵੇਲੇ ਆਪਣੇ ਪਿਤਾ ਅਤੇ ਇਕ ਹੋਰ ਭਰਾ ਨਾਲ ਨਿਊਜਰਸੀ ਰਹਿ ਰਿਹਾ ਸੀ। ਘਟਨਾ ਵੇਲੇ ਉਹ ਨਿਊਜਰਸੀ 'ਚ ਕੰਮ ਤੋਂ ਵਾਪਸ ਆ ਰਿਹਾ ਸੀ, ਤਾਂ ਸੜਕ ਪਾਰ ਕਰਦੇ ਸਮੇਂ ਇਕ ਤੇਜ਼ ਰਫਤਾਰ ਕਾਰ ਨੇ ਸਿੱਧੀ ਟੱਕਰ ਮਾਰ ਦਿੱਤੀ। ਮੌਕੇ 'ਤੇ ਸਿਰ 'ਚ ਗੰਭੀਰ ਸੱਟ ਲੱਗਣ ਤੋਂ ਬਾਅਦ ਉਹ ਡਿੱਗ ਪਿਆ ਅਤੇ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਉਕਤ ਕਾਰ ਨੂੰ ਇਕ ਗੋਰਾ ਵਿਅਕਤੀ ਚਲਾ ਰਿਹਾ ਸੀ। ਜਾਣਕਾਰੀ ਅਨੁਸਾਰ ਕਾਰ ਚਾਲਕ ਨੇ ਸ਼ਰਾਬ ਪੀਤੀ ਹੋਈ ਸੀ। ਮੌਕੇ 'ਤੇ ਪੁੱਜੀ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਚਰਨਜੀਤ ਕੌਰ ਨੇ ਦੱਸਿਆ ਕਿ ਉਸ ਦੇ 3 ਬੇਟੇ ਤੇ 2 ਬੇਟੀਆਂ ਹਨ। ਬੀ. ਏ. ਦੀ ਪੜ੍ਹਾਈ ਪੂਰੀ ਕਰਨ ਉਪਰੰਤ ਉਨ੍ਹਾਂ ਨੇ ਕਰਜ਼ਾ ਚੁੱਕ ਕੇ ਪੁੱਤ ਨੂੰ ਵਿਦੇਸ਼ ਭੇਜਿਆ ਸੀ। ਮ੍ਰਿਤਕ ਦੀ ਭੈਣ ਕੁਲਵਿੰਦਰ ਕੌਰ ਨੇ ਦੱਸਿਆ ਕਿ ਪੁਲਸ ਘਟਨਾ ਦੀ ਜਾਂਚ ਕਰ ਰਹੀ ਹੈ। ਹਰਜਿੰਦਰ ਸਿੰਘ ਦੀ ਮ੍ਰਿਤਕ ਦੇਹ ਹਸਪਤਾਲ ਦੀ ਮੋਰਚਰੀ 'ਚ ਰੱਖੀ ਗਈ ਹੈ। ਪੁਲਸ ਜਾਂਚ ਮੁਕੰਮਲ ਹੋਣ ਤੋਂ ਬਾਅਦ ਉਸ ਦੇ ਅੰਤਿਮ ਸੰਸਕਾਰ ਬਾਰੇ ਫੈਸਲਾ ਕੀਤਾ ਜਾਵੇਗਾ।


author

KamalJeet Singh

Content Editor

Related News