ਵਿੱਤੀ ਸੰਕਟ ’ਚ ਘਿਰੀ ਪੰਜਾਬੀ ਯੂਨੀਵਰਸਿਟੀ, ਪੰਜਾਬ ਸਰਕਾਰ ਕੋਲੋਂ ਕੀਤੀ ਵਿਸ਼ੇਸ਼ ਪੈਕੇਜ ਦੀ ਮੰਗ
Sunday, Jul 10, 2022 - 11:29 AM (IST)
ਪਟਿਆਲਾ(ਜੋਸਨ) : ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਪੰਜਾਬ ਦੇ ਉਚੇਰੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨਾਲ ਵਿਸ਼ੇਸ਼ ਮੁਲਾਕਾਤ ਕਰ ਕੇ ਪੀ. ਯੂ. ਨੂੰ ਬਚਾਉਣ ਲਈ ਵਿਸ਼ੇਸ਼ ਵਿੱਤੀ ਪੈਕੇਜ ਦੀ ਮੰਗ ਕੀਤੀ ਹੈ। ਇਸ ਮੀਟਿੰਗ ’ਚ ਯੂਨੀਵਰਸਿਟੀ ਦੀ ਵਿੱਤੀ ਸਮੱਸਿਆ ਦੇ ਨਾਲ ਅਕਾਦਮਿਕ ਮਾਹੌਲ ਦੀ ਸਿਰਜਣਾ ਨਾਲ ਜੁੜੇ ਵੱਖ-ਵੱਖ ਪਹਿਲੂ ਇਸ ਮੀਟਿੰਗ ’ਚ ਵਿਚਾਰੇ ਗਏ। ਜ਼ਿਕਰਯੋਗ ਹੈ ਕਿ ਹਾਲ ’ਚ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਗਏ ਆਪਣੇ ਬਜਟ ’ਚ ਯੂਨੀਵਰਸਿਟੀ ਦੀ 200 ਕਰੋੜ ਰੁਪਏ ਦੀ ਸਾਲਾਨਾ ਗਰਾਂਟ ਦੇ ਬਜਟ ’ਚ ਸ਼ਾਮਲ ਕੀਤੇ ਜਾਣ ਤੋਂ ਇਲਾਵਾ ਯੂਨੀਵਰਸਿਟੀ ਦੇ ਸਮੁੱਚੇ ਕਰਜ਼ੇ ਦੇ ਨਿਪਟਾਰੇ ਲਈ ਵੱਖਰੇ ਤੌਰ ਉੱਤੇ ਵਿਚਾਰ ਕੀਤੇ ਜਾਣ ਦਾ ਐਲਾਨ ਕੀਤਾ ਸੀ। ਪ੍ਰੋ. ਅਰਵਿੰਦ ਵੱਲੋਂ ਇਸ ਸਬੰਧੀ ਵੀ ਪੰਜਾਬ ਸਰਕਾਰ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਅਤੇ ਯੂਨੀਵਰਸਿਟੀ ਦੇ ਕਰਜ਼ੇ ਦੀ ਅਦਾਇਗੀ ਸਬੰਧੀ ਜਲਦੀ ਵਿਚਾਰ ਕੀਤੇ ਜਾਣ ਬਾਰੇ ਕਿਹਾ।
ਇਹ ਵੀ ਪੜ੍ਹੋ- CM ਮਾਨ ਦੀ ਕੇਂਦਰ ਸਰਕਾਰ ਤੋਂ ਕੀਤੀ ਮੰਗ 'ਤੇ ਰਾਜਾ ਵੜਿੰਗ ਨੇ ਲਈ ਚੁਟਕੀ, ਟਵੀਟ ਕਰਕੇ ਆਖੀ ਵੱਡੀ ਗੱਲ
ਉਚੇਰੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਹਾਲ ਹੀ ਵਿਚ ਜਾਰੀ ਕੀਤੇ ਗਏ ਇਕ ਪੱਤਰ ’ਚ ਸਾਰੇ ਸੰਕੇਤ-ਬੋਰਡਾਂ ਉੱਪਰ ਪੰਜਾਬੀ ਭਾਸ਼ਾ ’ਚ ਸੂਚਨਾਵਾਂ ਲਿਖੇ ਜਾਣ ਨੂੰ ਯਕੀਨੀ ਬਣਾਏ ਜਾਣ ਸਬੰਧੀ ਲਿਖਿਆ ਗਿਆ ਸੀ। ਪੰਜਾਬ ਸਰਕਾਰ ਦੇ ਇਸ ਫ਼ੈਸਲੇ ਨੂੰ ਅਮਲੀ ਰੂਪ ਦੇਣ ਸਬੰਧੀ ਲੋੜੀਂਦੇ ਕਦਮ, ਲੋੜੀਂਦੀ ਜਾਗਰੂਕਤਾ ਅਤੇ ਇਸ ਦਿਸ਼ਾ ’ਚ ਆਉਣ ਵਾਲੀਆਂ ਸੰਭਾਵੀ ਸਮੱਸਿਆਵਾਂ ਅਤੇ ਚੁਣੌਤੀਆਂ ਬਾਰੇ ਗੱਲਬਾਤ ਕੀਤੀ ਗਈ। ਮੀਤ ਹੇਅਰ ਉੱਚ ਸਿੱਖਿਆ ਦੇ ਨਾਲ-ਨਾਲ ਭਾਸ਼ਾ, ਖੇਡਾਂ ਅਤੇ ਯੂਵਕ ਸੇਵਾਵਾਂ ਦੇ ਵੀ ਮੰਤਰੀ ਹਨ। ਉਨ੍ਹਾਂ ਨੇ ਵਾਤਾਵਰਣ ਨਾਲ ਜੁੜੇ ਮਸਲਿਆਂ ਸਬੰਧੀ ਵਿਚਾਰ ਚਰਚਾ ਕੀਤੀ ਅਤੇ ਪ੍ਰੋ. ਅਰਵਿੰਦ ਨੇ ਪੰਜਾਬੀ ਯੂਨੀਵਰਸਿਟੀ ਦੀਆਂ ਪਹਿਲਕਦਮੀਆਂ ’ਚ ‘ਪੰਜਾਬ ਦਾ ਵਣਤ੍ਰਿਣ ਜੀਵਜੰਤ ਸੰਤੁਲਨ ਮੁੜ ਬਹਾਲੀ ਕੇਂਦਰ’ ਸਥਾਪਿਤ ਕਰਨ ਦਾ ਉਚੇਚਾ ਜ਼ਿਕਰ ਕੀਤਾ।
ਮੀਤ ਹੇਅਰ ਨੇ ਇਸ ਗੱਲ ’ਚ ਇਸ ਪੱਖ ਵਿਚ ਦਿਲਚਸਪੀ ਦਿਖਾਈ ਅਤੇ ਚਿੰਤਾ ਜ਼ਾਹਿਰ ਕੀਤੀ ਕਿ ਪੰਜਾਬ ਦਾ ਆਪਣਾ ਵਿਲੱਖਣ ਪੌਣਪਾਣੀ ਹੈ, ਜਿਸ ਨੂੰ ਹੁਣ ਢਾਅ ਲੱਗ ਰਹੀ ਹੈ। ਪ੍ਰੋ. ਅਰਵਿੰਦ ਨੇ ਦੱਸਿਆ ਕਿ ਇਹ ਕੇਂਦਰ ਜਿੱਥੇ ਪੰਜਾਬ ਦੇ ਮੁਕਾਮੀ ਪ੍ਰਸੰਗ ’ਚ ਵੱਖ-ਵੱਖ ਪਹਿਲੂਆਂ ਤੋਂ ਗਤੀਵਿਧੀਆਂ ਕਰ ਰਿਹਾ ਹੈ, ਉੱਥੇ ਹੀ ਆਲਮੀ ਜਲਵਾਯੂ ਤਬਦੀਲੀਆਂ ਅਤੇ ਚੁਣੌਤੀਆਂ ਬਾਬਤ ਵੱਖ-ਵੱਖ ਕਾਰਜ ਕਰ ਰਿਹਾ ਹੈ। ਉੱਚ ਸਿੱਖਿਆ ਮੰਤਰੀ ਨੇ ਉਚੇਚੇ ਤੌਰ ਉੱਤੇ ਇਸ ਕੇਂਦਰ ਅਤੇ ਪੰਜਾਬ ਸਰਕਾਰ ’ਚ ਸਹਿਯੋਗ ਦੀ ਲੋੜ ਉੱਤੇ ਜ਼ੋਰ ਦਿੱਤਾ।
ਇਹ ਵੀ ਪੜ੍ਹੋ- ਪੰਜਾਬ ਸਰਕਾਰ ਦੀ ਸਲਾਹਕਾਰ ਕਮੇਟੀ 'ਤੇ ਸੁਖਪਾਲ ਖਹਿਰਾ ਦਾ ਬਿਆਨ, ਕਿਹਾ ਰਾਘਵ ਚੱਢਾ ਲਈ ਹੋਵੇਗਾ ਰਾਹ ਪੱਧਰਾ
ਮੀਤ ਹੇਅਰ ਨੇ ਆਪਣੇ ਮਹਿਕਮੇ ਖੇਡਾਂ ਦੇ ਖੇਤਰ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਅਤੇ ਪੰਜਾਬੀ ਯੂਨੀਵਰਸਿਟੀ ਦੇ ਖੇਡਾਂ ’ਚ ਯੋਗਦਾਨ ਦੀ ਪ੍ਰਸ਼ੰਸਾ ਕੀਤੀ ਅਤੇ ਆਪਣੀ ਪੁਰਾਣੀ ਸਾਂਝ ਦੀ ਯਾਦ ਸਾਂਝੀ ਕੀਤੀ। ਸੂਬੇ ’ਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਿਤ ਕੀਤੇ ਜਾਣ ਸਬੰਧੀ ਪੰਜਾਬ ਸਰਕਾਰ ਵੱਲੋਂ ਕੀਤੇ ਜਾਣ ਵਾਲੇ ਉਪਰਾਲਿਆਂ ਅਤੇ ਯੂਨੀਵਰਸਿਟੀਆਂ ਵੱਲੋਂ ਇਸ ’ਚ ਨਿਭਾਈ ਜਾਣ ਲਈ ਭੂਮਿਕਾ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਸੂਬਾ ਸਰਕਾਰ ਅਤੇ ਪੰਜਾਬੀ ਯੂਨੀਵਰਸਿਟੀ ਦੀ ਆਪਸ ’ਚ ਸਾਂਝ ਸਿਰਜੇ ਜਾਣ ਦੀਆਂ ਵੱਖ-ਵੱਖ ਸੰਭਾਵਨਾਵਾਂ ਉੱਤੇ ਚਰਚਾ ’ਚ ਉਪਰੋਕਤ ਤਮਾਮ ਨੁਕਤੇ ਵਿਚਾਰੇ ਗਏ। ਉੱਚ ਸਿੱਖਿਆ ਮੰਤਰੀ ਨੇ ਪੰਜਾਬੀ ਯੂਨੀਵਰਸਿਟੀ ਦੇ ਸਮਰੱਥਾ ਅਤੇ ਸੇਧ ’ਚ ਭਰੋਸਾ ਜਤਾਇਆ ਅਤੇ ਨਵੀਂਆਂ ਪਹਿਲਕਦਮੀਆਂ ਦੀ ਗੁੰਜਾਇਸ਼ ਫਰੋਲਣ ਦੀ ਗੱਲ ਉੱਤੇ ਜ਼ੋਰ ਦਿੱਤਾ।
ਇਸ ਸਮੁੱਚੀ ਗੱਲਬਾਤ ਦੌਰਾਨ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਪੰਜਾਬੀ ਯੂਨੀਵਰਸਿਟੀ ਦੇ ਸਾਰੇ ਮਸਲਿਆਂ ’ਚ ਹਰ ਸੰਭਵ ਹਮਾਇਤ ਕੀਤੇ ਜਾਣ ਬਾਰੇ ਭਰੋਸਾ ਦਿਵਾਇਆ ਗਿਆ। ਅੰਤ ’ਚ ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਪੰਜਾਬੀ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਪੁਸਤਕਾਂ ਦਾ ਇਕ ਸੈੱਟ ਗੁਰਮੀਤ ਸਿੰਘ ਮੀਤ ਹੇਅਰ ਨੂੰ ਭੇਟ ਕੀਤਾ ਗਿਆ। ਇਸ ਮੀਟਿੰਗ ਤੋਂ ਬਾਅਦ ਪ੍ਰੋ. ਅਰਵਿੰਦ ਨੇ ਕਿਹਾ ਕਿ ਉੱਚ ਸਿੱਖਿਆ ਅਤੇ ਖੇਡ ਮੰਤਰੀ ਦਾ ਪੰਜਾਬੀ ਯੂਨੀਵਰਸਿਟੀ ’ਚ ਯਕੀਨ ਇਹ ਆਸ ਜਗਾਉਂਦਾ ਹੈ ਕਿ ਇਹ ਅਦਾਰਾ ਤਰੱਕੀ ਦੇ ਰਾਹਾਂ ਉੱਤੇ ਅੱਗੇ ਵਧਣ ਵਾਲਾ ਹੈ ਅਤੇ ਇਸ ਦੇ ਮੁਸ਼ਕਲ ਭਰੇ ਦਿਨ ਖ਼ਤਮ ਹੋਣ ਵਾਲੇ ਹਨ।
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।