ਪੰਜਾਬੀ ਯੂਨੀਵਰਸਿਟੀ ਦੇ ਕਾਂਸਟੀਚੂਐਂਟ ਕਾਲਜਾਂ ਦੇ ਗੈਸਟ ਫੈਕਲਟੀ ਅਧਿਆਪਕਾਂ ਦਾ ਧਰਨਾ ਜਾਰੀ

08/05/2020 5:43:39 PM

ਪਟਿਆਲਾ(ਵੈਬਡੈਸਕ) ਪੰਜਾਬੀ ਯੂਨੀਵਰਸਿਟੀ ਦੇ ਕਾਂਸਟੀਚੂਐਂਟ ਕਾਲਜਾਂ ਦੇ ਗੈਸਟ ਫੈਕਲਟੀ ਅਧਿਆਪਕਾਂ ਵੱਲੋਂ ਵੱਡੀ ਗਿਣਤੀ ਵਿਚ ਸੈਸ਼ਨ (2020-2021) ਲਈ ਬਿਨਾਂ ਦੇਰੀ ਕੀਤਿਆਂ ਦੁਬਾਰਾ ਜੁਆਇਨਿੰਗ, 23 ਮਾਰਚ 2020 ਨੂੰ ਹੋਈ ਸਿੰਡੀਕੇਟ ਦੀ ਬੈਠਕ ਵਿੱਚ ਪਾਸ ਹੋਈ ਤਨਖ਼ਾਹ ਵਿਚ ਵਾਧਾ ਤੇ ਗ਼ੈਰ-ਹਾਜ਼ਰੀ ਦੇ ਆਧਾਰ ਤੇ ਤਨਖ਼ਾਹ ਦੇਣ ਅਤੇ ਪਿਛਲੇ ਸੈਸ਼ਨ (2019-2020) ਦੀਆਂ ਰੁਕੀਆਂ ਤਨਖ਼ਾਹਾਂ ਜਲਦੀ ਰੀਲੀਜ ਕਰਵਾਉਣ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕੀਤਾ ਗਿਆ ਸੀ। ਅੱਜ ਦੂਜੇ ਦਿਨ ਵੀ ਗੈਸਟ ਫੈਕਲਟੀ ਅਧਿਆਪਕਾਂ ਨੂੰ ਯੂਨੀਵਰਸਿਟੀ ਦੇ ਮੁੱਖ ਦਵਾਰ ਤੇ ਹੀ ਰੋਕਿਆ ਗਿਆ। ਇਸ ਉਪਰੰਤ ਅਧਿਆਪਕਾਂ ਵੱਲੋਂ ਉੱਥੇ ਹੀ ਨਾਅਰੇਬਾਜੀ ਕਰਦਿਆਂ ਧਰਨਾ ਸ਼ੁਰੂ ਕੀਤਾ ਗਿਆ। ਗੈਸਟ ਫੈਕਲਟੀ ਅਧਿਆਪਕਾਂ ਵਲੋਂ ਨਾਅਰੇਬਾਜੀ ਕਰਦੇ ਹੋਏ ਵੀ.ਸੀ. ਦਫ਼ਤਰ ਅੱਗੇ ਪੱਕਾ ਦਿਨ ਰਾਤ ਦਾ ਧਰਨਾ ਲਗਾ ਦਿੱਤਾ ਗਿਆ। ਅਥਾਰਟੀ ਨਾਲ ਲੰਮਾਂ ਸਮਾਂ ਬੈਠਕ ਤੋਂ ਬਾਅਦ ਵੀ ਕੋਈ ਸਾਰਥਕ ਸਿੱਟਾ ਨਹੀਂ ਨਿਕਲਿਆ ਇਸ ਉਪਰੰਤ ਕਾਂਸਟੀਚੂਐਂਟ ਕਾਲਜਾਂ ਦੇ ਗੈਸਟ ਫੈਕਲਟੀ ਅਧਿਆਪਕ ਯੂਨੀਅਨ ਦੇ ਪ੍ਰਧਾਨ ਡਾ. ਗੁਰਦਾਸ ਸਿੰਘ ਤੇ ਕਮੇਟੀ ਦੇ ਹੋਰ ਮੈਂਬਰ ਬਲਵਿੰਦਰ ਸਿੰਘ, ਅਮਨਦੀਪ ਸਿੰਘ, ਰਾਜੀਵਇੰਦਰ ਸਿੰਘ, ਕੁਲਵਿੰਦਰ ਸਿੰਘ, ਸ਼ਾਹਬਾਜ ਸਿੰਘ, ਰਾਮਪਾਲ ਸਿੰਘ, ਰਾਜਵੀਰ ਕੌਰ, ਕਰਮਜੀਤ ਕੌਰ, ਕਿਰਨਜੀਤ ਕੌਰ ਆਦਿ ਨੇ ਸਾਂਝੇ ਤੌਰ ਤੇ ਕਿਹਾ ਕਿ ਜਦੋਂ ਤੱਕ ਯੂਨੀਵਰਸਿਟੀ ਅਥਾਰਟੀ ਸਾਡੀਆਂ ਸਾਰੀਆਂ ਮੰਗਾਂ ਲਿਖਤੀ ਰੂਪ ਵਿਚ ਨਹੀਂ ਮੰਨਦੀ ਉਦੋਂ ਤੱਕ ਧਰਨਾ ਦਿਨ ਰਾਤ ਜਾਰੀ ਰੱਖਿਆ ਜਾਵੇਗਾ। ਅੱਜ ਇਸ ਧਰਨੇ ਦੌਰਾਨ ਵਿਦਿਆਰਥੀ ਜਥੇਬੰਦੀਆਂ ਪੀਐਸਯੂ ਸ਼ਹੀਦ ਰੰਧਾਵਾ, ਪੀਆਰਐਸ ਯੂ, ਪੀਐਸਯੂ ਲਲਕਾਰ ਤੇ ਡੀਐਸੋ ਅਤੇ ਅਧਿਆਪਕ ਜਥੇਬੰਦੀਆਂ ਪ੍ਰੋਗਰੈਸਿਵ ਟੀਚਰ ਅਲਾਇੰਸ ਤੇ ਡੈਮੋਕਰੇਟਿਕ ਟੀਚਰ ਅਲਾਇੰਸ ਵੱਲੋਂ ਆਪਣਾ ਪੂਰਾ ਸਮਰਥਨ ਦਿੱਤਾ ਗਿਆ।


Harnek Seechewal

Content Editor

Related News