'ਪੰਜਾਬੀ ਯੂਨੀਵਰਸਿਟੀ' 'ਚ ਮੁੜ ਹਾਜ਼ਰ ਹੋਵੇਗਾ ਪੂਰਾ ਸਟਾਫ਼, ਨਿਰਦੇਸ਼ ਜਾਰੀ

07/02/2020 1:30:25 PM

ਪਟਿਆਲਾ (ਜੋਸਨ) : ਕੋਰੋਨਾ ਮਹਾਮਾਰੀ ਦੇ ਚੱਲਦਿਆਂ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਬੰਦ ਕੀਤੇ ਗਏ ਵਿੱਦਿਅਕ ਅਦਾਰੇ ਹੌਲੀ-ਹੌਲੀ ਖੁੱਲ੍ਹਣੇ ਸ਼ੁਰੂ ਹੋ ਚੁੱਕੇ ਹਨ, ਜਿਸ ਦੇ ਤਹਿਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਵੀ ਪੰਜਾਬ ਸਰਕਾਰ ਦੇ ਗ੍ਰਹਿ ਅਤੇ ਨਿਆ ਮਹਿਕਮੇ ਦੇ ਹੁਕਮਾਂ ਮੁਤਾਬਕ ਯੂਨੀਵਰਸਿਟੀ ਕੈਂਪਸ ਪੂਰੇ ਸਟਾਫ ਨਾਲ ਖੋਲ੍ਹਣ ਦੇ ਹੁਕਮ ਦਿੱਤੇ ਗਏ ਹਨ। ਇਹ ਹੁਕਮ ਪੰਜਾਬੀ ਯੂਨੀਵਰਸਿਟੀ ਦੇ ਡਿਪਟੀ ਰਜਿਸਟਰਾਰ (ਅਮਲਾ) ਵੱਲੋਂ ਜਾਰੀ ਕੀਤੇ ਗਏ ਹਨ।
ਅਧਿਆਪਕ ਸੰਘ ਦਾ ਵੀ. ਸੀ. ਦਫਤਰ ਮੂਹਰੇ ਧਰਨਾ ਜਾਰੀ
ਪੰਜਾਬੀ ਯੂਨੀਵਰਸਿਟੀ ਅਧਿਆਪਕ ਸੰਘ (ਪੂਟਾ) ਵੱਲੋਂ ਲਗਾਤਾਰ ਚੱਲ ਰਿਹਾ ਧਰਨਾ ਵਾਈਸ-ਚਾਂਸਲਰ ਦਫ਼ਤਰ ਅੱਗੇ 11 ਤੋਂ 1 ਵਜੇ ਤੱਕ ਬੁੱਧਵਾਰ ਵੀ ਜਾਰੀ ਰਿਹਾ। ਆਪਣੀਆਂ ਮੰਗਾਂ ਨੂੰ ਲੈ ਕੇ ਅਧਿਆਪਕ ਸੰਘ ਵੱਲੋਂ 2 ਜੂਨ ਤੋਂ ਲਗਾਤਾਰ ਸ਼ੁਰੂ ਕੀਤੇ ਧਰਨੇ ਨੂੰ ਪੂਰਾ ਇਕ ਮਹੀਨਾ ਹੋ ਗਿਆ ਹੈ। ਅਧਿਆਪਕ ਸੰਘ ਦੇ ਇਸ ਧਰਨੇ 'ਚ ਪੈਨਸ਼ਨਰਜ਼ ਨੇ ਵੀ ਵੱਡੀ ਗਿਣਤੀ 'ਚ ਸ਼ਿਰੱਕਤ ਕੀਤੀ ਅਤੇ ਪੈਨਸ਼ਨ ਨਾ ਮਿਲਣ ਦੇ ਰੋਸ ਵਜੋਂ ਯੂਨੀਵਰਸਿਟੀ ਅਧਿਕਾਰੀਆਂ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਪੂਟਾ ਪ੍ਰਧਾਨ ਜਸਵਿੰਦਰ ਸਿੰਘ ਬਰਾੜ ਅਤੇ ਸਕੱਤਰ ਗੁਰਨਾਮ ਸਿੰਘ ਵਿਰਕ ਨੇ ਕਿਹਾ ਕਿ ਮੌਜੂਦਾ ਸਮੇਂ 'ਚ ਯੂਨੀਵਰਸਿਟੀ ਪ੍ਰਸ਼ਾਸਨ ਪ੍ਰਸ਼ਾਸਨਿਕ ਅਤੇ ਵਿੱਤੀ ਮਸਲਿਆਂ ਨੂੰ ਹੱਲ ਕਰਨ 'ਚ ਅਸਫਲ ਹੋ ਚੁੱਕਾ ਹੈ ਅਤੇ ਮਾਲਵੇ ਦੀ ਧਰਤੀ ’ਤੇ ਪੰਜਾਬੀ ਭਾਸ਼ਾ, ਸੱਭਿਆਚਾਰ ਦੇ ਪ੍ਰਚਾਰ-ਪ੍ਰਸਾਰ ਲਈ ਬਣੀ ਇਸ ਯੂਨੀਵਰਸਿਟੀ ਨੂੰ ਬਚਾਉਣ ਲਈ ਪੰਜਾਬ ਸਰਕਾਰ ਨੂੰ ਦਖ਼ਲ ਦੇਣੀ ਚਾਹੀਦੀ ਹੈ ਅਤੇ ਲੋੜੀਂਦੇ ਕਦਮ ਚੁੱਕਣੇ ਚਾਹੀਦੇ ਹਨ।
 


Babita

Content Editor

Related News