ਪੰਜਾਬੀ ਯੂਨੀਵਰਸਿਟੀ ਵਿੱਤੀ ਸੰਕਟ ਦਾ ਮੁੱਦਾ ਪੁੱਜਿਆ ਮੁੱਖ ਮੰਤਰੀ ਦੇ ਦਰਬਾਰ
Thursday, Dec 19, 2019 - 10:29 AM (IST)

ਪਟਿਆਲਾ (ਜੋਸਨ): ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਤੀ ਸੰਕਟ ਦਾ ਮੁੱਦਾ ਹੁਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਰਬਾਰ ਵਿਚ ਪਹੁੰਚ ਗਿਆ ਹੈ। ਪੀ. ਯੂ. ਦੇ ਵੀ. ਸੀ. ਡਾ. ਬੀ. ਐੱਸ ਘੁੰਮਣ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿਘ ਨਾਲ ਮੀਟਿੰਗ ਕਰ ਕੇ ਵੱਡੇ ਆਰਥਕ ਪੈਕੇਜ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ 120 ਕਰੋੜ ਰੁਪਏ ਦਾ ਯੂਨੀਵਰਸਿਟੀ ਦੇ ਸਿਰ 'ਤੇ ਸਿਰਫ ਕਰਜ਼ਾ ਹੀ ਹੈ। ਇਸ ਨਾਲ ਯੂਨੀਵਰਸਿਟੀ ਦੀ ਵਿੱਤੀ ਹਾਲਤ ਲਗਾਤਾਰ ਪਤਲੀ ਹੁੰਦੀ ਜਾ ਰਹੀ ਹੈ।
ਵਾਈਸ ਚਾਂਸਲਰ ਡਾ. ਘੁੰਮਣ ਨੇ ਅੱਜ ਇੱਥੇ ਕਿਹਾ ਕਿ ਉਨ੍ਹਾਂ ਯੂਨੀਵਰਸਿਟੀ ਦੇ ਵਿੱਤੀ ਸੰਕਟ ਦਾ ਸਾਰਾ ਮੁੱਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ ਵਿਚ ਲਿਆਂਦਾ ਹੈ। ਯੂਨੀਵਰਸਿਟੀ ਵੱਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਵੀ ਮੁੱਖ ਮੰਤਰੀ ਨੂੰ ਦੱਸਿਆ ਹੈ ਜਿਸ ਤੋਂ ਸੀ. ਐੱਮ. ਪੂਰੀ ਤਰ੍ਹਾਂ ਸੰਤੁਸ਼ਟ ਹਨ। ਸੀ. ਐੱਮ. ਨੇ ਲੋੜੀਂਦੇ ਆਰਥਕ ਪੈਕੇਜ ਬਾਰੇ ਜਾਣਕਾਰੀ ਦੇਣ ਅਤੇ ਰਿਪੋਰਟ ਬਣਾਉਣ ਲਈ ਕਮੇਟੀ ਬਣਾ ਦਿੱਤੀ ਹੈ ਜੋ ਜਲਦੀ ਹੀ ਆਪਣੀ ਰਿਪੋਰਟ ਸੌਂਪੇਗੀ। ਡਾ. ਘੁੰਮਣ ਨੇ ਦੱਸਿਆ ਕਿ ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਯੂਨੀਵਰਸਿਟੀ ਦੀ ਪ੍ਰਾਪਤੀਆਂ ਬਾਰੇ ਦੱਸਿਆ। ਅੱਗੇ ਤੋਂ ਕੀਤੇ ਜਾ ਰਹੇ ਅਗਾਂਹਵਧੂ ਕਾਰਜਾਂ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇੰਜੀਨੀਅਰਿੰਗ ਵਿਭਾਗਾਂ ਦੇ ਸਾਰੇ ਵਿਦਿਆਰਥੀਆਂ ਦੇ 100 ਫ਼ੀਸਦੀ ਪਲੇਸਮੈਂਟ ਹੋਈ। ਡਾ. ਘੁੰਮਣ ਵੱਲੋਂ ਦਾਅਵਾ ਕੀਤਾ ਕਿ ਪੰਜਾਬੀ ਯੂਨੀਵਰਸਿਟੀ ਲਈ ਇਹ ਮਾਣ ਦੀ ਗੱਲ ਹੈ ਕਿ ਇੰਜੀਨੀਅਰਿੰਗ ਵਿਭਾਗਾਂ ਦੇ ਸਾਰੇ ਵਿਦਿਆਰਥੀਆਂ ਦੀ 100 ਫ਼ੀਸਦੀ ਪਲੇਸਮੈਂਟ ਦੇਸ਼ ਦੀਆਂ ਵੱਖ-ਵੱਖ ਕੰਪਨੀਆਂ ਵੱਲੋਂ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਇਹ ਵਿਦਿਆਰਥੀਆਂ ਦੀ ਮਿਹਨਤ ਤੋਂ ਇਲਾਵਾ ਯੂਨੀਵਰਸਿਟੀ ਵਲੋਂ ਵੀ ਮਾਰਕੀਟ ਰਿਸਰਚ ਕਰ ਕੇ ਅਜਿਹੇ ਸਿਲੇਬਸ ਦੀ ਤਿਆਰੀ ਕਾਰਵਾਈ ਗਈ ਜਿਸ ਦੀ ਮਾਰਕੀਟ ਵਿਚ ਜ਼ਰੂਰਤ ਸੀ। ਇੱਥੇ ਇਹ ਦੱਸਣਯੋਗ ਹੈ ਕਿ ਬੀਤੇ ਕਈ ਸਾਲਾਂ ਦੌਰਾਨ ਯੂਨੀਵਰਸਿਟੀ ਇੰਜੀਨੀਅਰਿੰਗ ਕਾਲਜ ਵਿਚ ਦਾਖਲੇ ਘਟ ਗਏ ਸਨ ਜੋ ਕਿ ਕਾਫ਼ੀ ਚਿੰਤਾ ਦਾ ਵਿਸ਼ਾ ਸੀ। ਡਾ. ਘੁੰਮਣ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਫੀਡਬੈਕ ਲੈ ਕੇ ਇਕ ਰੋਡ ਮੈਪ ਤਿਆਰ ਕੀਤਾ ਗਿਆ ਤਾਂ ਜੋ ਵਿਦਿਆਰਥੀਆਂ ਦੀਆਂ ਵੱਡੀਆਂ ਕੰਪਨੀਆਂ 'ਚ ਪਲੇਸਮੈਂਟ ਵੀ ਹੋ ਸਕੇ । ਉਨ੍ਹਾਂ ਦੱਸਿਆ ਕਿ ਪਹਿਲੇ ਫੇਜ਼ ਦੌਰਾਨ 240 ਵਿਦਿਆਰਥੀ ਵਿਚੋਂ 38 ਫ਼ੀਸਦੀ ਲੜਕੀਆਂ ਨੇ ਬਾਜ਼ੀ ਮਾਰੀ। ਉਨ੍ਹਾਂ ਦੱਸਿਆ ਕਿ 36 ਕੰਪਨੀਆਂ ਵੱਲੋਂ ਇਨ੍ਹਾਂ ਵਿਦਿਆਰਥੀਆਂ ਨੂੰ 366 ਪੇਸ਼ਕਸ਼ਾਂ ਕੀਤੀਆਂ ਗਈਆਂ ਸਨ। ਡਾ. ਘੁੰਮਣ ਨੇ ਦੱਸਿਆ ਕਿ ਇਨ੍ਹਾਂ ਵਿਦਿਆਰਥੀਆਂ ਨੂੰ 3 ਲੱਖ 60 ਹਜ਼ਾਰ ਤੋਂ 12 ਲੱਖ 40 ਹਜ਼ਾਰ ਦਾ ਪੈਕੇਜ ਮਿਲਿਆ ਹੈ। ਇਸ ਪੈਲੇਸਮੇਂਟ ਵਿਚ ਕੰਪਿਊਟਰ ਸਾਇੰਸ ਦੇ ਦਿਸ਼ਪ੍ਰੀਤ ਸਿੰਘ ਜਿਸ ਫਿਊਚਰ ਫਸਟ ਵਿਚ 12 ਲੱਖ 40 ਹਜ਼ਾਰ ਦਾ ਪੈਕੇਜ ਮਿਲਿਆ ਹੈ।