ਇਸ ਸਾਲ ਪੰਜਾਬੀ ਕਲਾਕਾਰਾਂ ’ਚ ਦਿਸਿਆ ਏਕਾ, ਤਾਲਾਬੰਦੀ ਤੋਂ ਕਿਸਾਨੀ ਸੰਘਰਸ਼ ਤਕ ਇੰਝ ਹੋਏ ਇਕੱਠੇ

Wednesday, Dec 30, 2020 - 07:59 PM (IST)

ਇਸ ਸਾਲ ਪੰਜਾਬੀ ਕਲਾਕਾਰਾਂ ’ਚ ਦਿਸਿਆ ਏਕਾ, ਤਾਲਾਬੰਦੀ ਤੋਂ ਕਿਸਾਨੀ ਸੰਘਰਸ਼ ਤਕ ਇੰਝ ਹੋਏ ਇਕੱਠੇ

ਸਾਲ 2020 ਖ਼ਤਮ ਹੋਣ ’ਚ ਸਿਰਫ਼ ਦੋ ਦਿਨ ਬਾਕੀ ਬਚੇ ਹਨ। ਇਸ ਸਾਲ ਪੰਜਾਬੀ ਕਲਾਕਾਰ ਵਿਵਾਦਾਂ ਤੋਂ ਜ਼ਿਆਦਾ ਲੋਕ ਭਲਾਈ ਦੇ ਕੰਮਾਂ ਕਰਕੇ ਚਰਚਾ ’ਚ ਰਹੇ ਹਨ। ਇਨ੍ਹਾਂ ਕਲਾਕਾਰਾਂ ਦੇ ਨਾਂ ਦੱਸਣਾ ਥੋੜ੍ਹਾ ਮੁਸ਼ਕਿਲ ਹੋ ਜਾਵੇਗਾ ਕਿਉਂਕਿ ਲਗਭਗ ਹਰ ਕਲਾਕਾਰ ਵਲੋਂ ਤਾਲਾਬੰਦੀ ਤੋਂ ਲੈ ਕੇ ਕਿਸਾਨੀ ਸੰਘਰਸ਼ ਤਕ ਮਦਦ ਲਈ ਹੱਥ ਵਧਾਏ ਗਏ ਹਨ।

ਕੋਰੋਨਾ ਵਾਇਰਸ ਦੇ ਸਮੇਂ ’ਚ ਕੀਤੀ ਮਦਦ
ਗੱਲ ਕਰੀਏ ਸਾਲ ਦੀ ਸ਼ੁਰੂਆਤ ਦੀ ਤਾਂ ਜਿਥੇ ਕੋਰੋਨਾ ਵਾਇਰਸ ਕਰਕੇ ਦੇਸ਼ ਭਰ ’ਚ ਤਾਲਾਬੰਦੀ ਦੇਖਣ ਨੂੰ ਮਿਲੀ, ਉਥੇ ਪੰਜਾਬੀ ਕਲਾਕਾਰ ਵੀ ਘਰਾਂ ’ਚ ਬੈਠ ਗਏ। ਆਪਣੀ ਟੀਮ ਤੇ ਆਮ ਲੋਕਾਂ ਦੀਆਂ ਜ਼ਰੂਰਤਾਂ ਨੂੰ ਦੇਖ ਵੱਖ-ਵੱਖ ਕਲਾਕਾਰਾਂ ਵਲੋਂ ਆਪਣੇ ਇਲਾਕੇ ਦੇ ਜ਼ਰੂਰਤਮੰਦਾਂ ਤੇ ਨਜ਼ਦੀਕੀਆਂ ਦੀ ਮਦਦ ਕੀਤੀ ਗਈ। ਦਿਹਾੜੀਦਾਰ ਲੋਕਾਂ ਲਈ ਇਸ ਔਖੀ ਘੜੀ ’ਚ ਗੁਜ਼ਾਰਾ ਕਰਨਾ ਮੁਸ਼ਕਿਲ ਹੋਇਆ ਪਰ ਕਲਾਕਾਰਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਦਿਹਾੜੀਦਾਰ ਵਿਅਕਤੀ ਦੀ ਰੋਟੀ ਬੰਦ ਨਹੀਂ ਹੋਣ ਦਿੱਤੀ ਤੇ ਮਦਦ ਲਈ ਹਰ ਸੰਭਵ ਕੋਸ਼ਿਸ਼ ਕਰਦੇ ਰਹੇ।

ਖੇਤੀ ਕਾਨੂੰਨਾਂ ਨੇ ਇਕੋ ਮੰਚ ’ਤੇ ਇਕੱਠੇ ਕੀਤੇ ਗਾਇਕ
ਤਾਲਾਬੰਦੀ ’ਚ ਇਕ ਹੋਰ ਆਫ਼ਤ ਖੇਤੀ ਕਾਨੂੰਨਾਂ ਕਰਕੇ ਆਈ। ਪੰਜਾਬ ਦੇ ਕਿਸਾਨਾਂ ਵਲੋਂ ਲੰਮੇ ਸਮੇਂ ਤੋਂ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਵਿਰੋਧ ਦਾ ਹਿੱਸਾ ਪੰਜਾਬੀ ਕਲਾਕਾਰ ਵੀ ਬਣੇ। ਪੰਜਾਬੀ ਕਲਾਕਾਰਾਂ ਨੇ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਵੱਡੇ ਪੱਧਰ ’ਤੇ ਆਮ ਲੋਕਾਂ ਤਕ ਕਿਸਾਨਾਂ ਦੀ ਗੱਲ ਪਹੁੰਚਾਉਣ ’ਚ ਮਦਦ ਕੀਤੀ ਤੇ ਉਨ੍ਹਾਂ ਦੇ ਹੱਕਾਂ ਲਈ ਖੜ੍ਹੇ ਹੋਣ ਦੀ ਸਲਾਹ ਦਿੱਤੀ। ਅੱਜ ਵੀ ਅਸੀਂ ਦੇਖਦੇ ਹਾਂ ਕਿ ਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦੋਲਨ ’ਚ ਰੋਜ਼ਾਨਾ ਅਣਗਿਣਤ ਪੰਜਾਬੀ ਕਲਾਕਾਰ ਪਹੁੰਚ ਰਹੇ ਹਨ। ਜਿਨ੍ਹਾਂ ਕਲਾਕਾਰਾਂ ਦਾ ਕਦੇ ਆਪਸ ’ਚ ਵਿਵਾਦ ਸੀ, ਉਹ ਕਲਾਕਾਰ ਵੀ ਇਕ ਮੰਚ ’ਤੇ ਇਕੱਠੇ ਹੋ ਰਹੇ ਹਨ ਤੇ ਕਿਸਾਨਾਂ ਦੇ ਹੱਕ ’ਚ ਆਵਾਜ਼ ਬੁਲੰਦ ਕਰ ਰਹੇ ਹਨ।

ਗੀਤਾਂ ’ਚ ਦੇਖਣ ਨੂੰ ਮਿਲਿਆ ਵੱਡਾ ਬਦਲਾਅ
ਤਾਲਾਬੰਦੀ ਤੇ ਕਿਸਾਨ ਅੰਦੋਲਨ ਕਰਕੇ ਪੰਜਾਬੀ ਗਾਇਕਾਂ ਦੇ ਗੀਤਾਂ ’ਚ ਵੀ ਵੱਡਾ ਬਦਲਾਅ ਦੇਖਣ ਨੂੰ ਮਿਲਿਆ। ਜਿਥੇ ਤਾਲਾਬੰਦੀ ਕਰਕੇ ਕਈ ਗਾਇਕਾਂ ਨੇ ਘਰ ’ਚ ਹੀ ਘੱਟ ਬਜਟ ’ਚ ਮੋਬਾਇਲਾਂ ’ਤੇ ਗੀਤ ਬਣਾ ਕੇ ਰਿਲੀਜ਼ ਕੀਤੇ, ਉਥੇ ਕਿਸਾਨ ਅੰਦੋਲਨ ’ਤੇ ਹੁਣ ਤਕ ਸੈਂਕੜੇ ਦੀ ਗਿਣਤੀ ’ਚ ਗੀਤ ਰਿਲੀਜ਼ ਹੋ ਚੁੱਕੇ ਹਨ। ਇਨ੍ਹਾਂ ਗੀਤਾਂ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਪੰਜਾਬੀ ਗਾਇਕ ਸਿਰਫ਼ ਹਥਿਆਰਾਂ ਵਾਲੇ ਗੀਤ ਹੀ ਨਹੀਂ ਗਾਉਂਦੇ, ਸਗੋਂ ਸਮਾਂ ਆਉਣ ’ਤੇ ਹੱਕ-ਸੱਚ ਦੀ ਆਵਾਜ਼ ਬੁਲੰਦ ਕਰਨ ’ਚ ਵੀ ਅੱਗੇ ਹੁੰਦੇ ਹਨ।

ਉਂਝ ਵੀ ਪੰਜਾਬੀ ਕਲਾਕਾਰਾਂ ਬਾਰੇ ਇਹ ਧਾਰਨਾ ਬਣੀ ਹੋਈ ਸੀ ਕਿ ਉਹ ਆਮ ਲੋਕਾਂ ਦੇ ਹੱਕ ਦੀ ਗੱਲ ਨਹੀਂ ਕਰਦੇ ਪਰ ਇਸ ਧਾਰਨਾ ਨੂੰ ਇਸ ਸਾਲ ਪੰਜਾਬੀ ਗਾਇਕਾਂ ਨੇ ਗਲਤ ਸਾਬਿਤ ਕਰ ਦਿਖਾਇਆ ਹੈ।

ਨੋਟ– ਇਸ ਸਾਲ ਤੁਸੀਂ ਕਿਸ ਪੰਜਾਬੀ ਗਾਇਕ ਦੇ ਕੰਮ ਤੋਂ ਪ੍ਰਭਾਵਿਤ ਹੋਏ ਹੋ? ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News