ਮੁੜ ਵਿਵਾਦਾਂ 'ਚ ਗਾਇਕ ਸਿੱਧੂ ਮੂਸੇ ਵਾਲਾ, 5 ਜਨਵਰੀ ਨੂੰ ਅਦਾਲਤ 'ਚ ਪੇਸ਼ ਹੋਣ ਦਾ ਹੁਕਮ

12/15/2020 2:10:02 PM

ਸੰਗਰੂਰ (ਹਨੀ ਕੋਹਲੀ) - ਪੰਜਾਬ ਦਾ ਬਹੁਚਰਚਿਤ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇ ਵਾਲਾ ਇਕ ਵਾਰ ਮੁੜ ਵਿਵਾਦਾਂ 'ਚ ਘਿਰਦੇ ਨਜ਼ਰ ਆ ਰਹੇ ਹਨ। ਦਰਅਸਲ, ਸੰਗਰੂਰ ਦੀ ਇਕ ਅਦਾਲਤ ਨੇ ਮਾਣਹਾਨੀ ਦੇ ਮਾਮਲੇ 'ਚ ਇਕ ਵਕੀਲ ਵਲੋਂ ਦਾਅਵਾ ਕਰਨ 'ਤੇ ਸਿੱਧੂ ਮੂਸੇ ਵਾਲਾ ਨੂੰ ਮੁੜ ਤੋਂ ਸੰਮਨ ਜਾਰੀ ਕੀਤਾ ਗਿਆ ਹੈ। ਇਹ ਸੰਮਨ ਜਾਰੀ ਕਰਦਿਆਂ ਸਿੱਧੂ ਮੂਸੇ ਵਾਲਾ ਨੂੰ 5 ਜਨਵਰੀ 2021 ਨੂੰ ਅਦਾਲਤ 'ਚ ਪੇਸ਼ ਹੋਣ ਲਈ ਕਿਹਾ ਹੈ। ਦੱਸ ਦਈਏ ਕਿ ਅਦਾਲਤ ਨੇ ਇਸ ਮਾਮਲੇ 'ਚ ਪਹਿਲਾਂ ਸਿੱਧੂ ਮੂਸੇ ਵਾਲਾ ਨੂੰ 27 ਨਵੰਬਰ ਨੂੰ ਸੰਮਨ ਜਾਰੀ ਕੀਤਾ ਸੀ ਅਤੇ ਉਨ੍ਹਾਂ ਨੂੰ 11 ਦਸੰਬਰ ਨੂੰ ਅਦਾਲਤ 'ਚ ਪੇਸ਼ ਹੋਣ ਲਈ ਕਿਹਾ ਸੀ ਪਰ ਸੰਮਨ ਤਾਮੀਲ ਨਹੀਂ ਹੋ ਸਕੇ।

PunjabKesari

ਦੱਸਣਯੋਗ ਹੈ ਕਿ ਮਈ 2020 'ਚ ਗਾਇਕ ਸਿੱਧੂ ਮੂਸੇ ਵਾਲਾ ਅਤੇ ਹੋਰਨਾਂ ਖ਼ਿਲਾਫ਼ ਜ਼ਿਲ੍ਹਾ ਸੰਗਰੂਰ ਅਤੇ ਬਰਨਾਲਾ ਦੇ ਦੋ ਪੁਲਸ ਥਾਣਿਆਂ 'ਚ ਦਰਜ ਹੋਏ ਮਾਮਲਿਆਂ ਤੋਂ ਬਾਅਦ ਸਿੱਧੂ ਦੇ ਆਏ ਗੀਤ 'ਸੰਜੂ' 'ਚ ਉਨ੍ਹਾਂ ਵਲੋਂ ਵਕੀਲਾਂ ਖ਼ਿਲਾਫ਼ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਕੀਤੀ ਸੀ। ਇਸ ਨੂੰ ਲੈ ਕੇ ਸੰਗਰੂਰ ਦੇ ਵਕੀਲ ਗੁਰਿੰਦਰਪਾਲ ਕਰਤਾਰਪੁਰਾ ਨੇ ਇਸ ਨੂੰ ਵਕੀਲ ਭਾਈਚਾਰੇ ਦੇ ਇੱਜ਼ਤ ਮਾਣ ਨੂੰ ਠੇਸ ਪਹੁੰਚਾਉਣ ਵਾਸੀ ਮੰਨਦਿਆਂ ਸਿੱਧੂ ਨੂੰ ਕਾਨੂੰਨੀ ਨੋਟਿਸ ਭੇਜ ਕੇ 50 ਲੱਖ ਰੁਪਏ ਮੁਆਵਜ਼ੇ ਦੀ ਮੰਗ ਕੀਤੀ ਸੀ ਪਰ ਸਮਾਂ ਸੀਮਾ ਬੀਤ ਜਾਣ ਦੇ ਬਾਵਜੂਦ ਸਿੱਧੂ ਮੂਸੇ ਵਾਲਾ ਨੇ ਕਾਨੂੰਨੀ ਨੋਟਿਸ ਦਾ ਕੋਈ ਜਵਾਬ ਨਹੀਂ ਦਿੱਤਾ, ਜਿਸ ਤੋਂ ਬਾਅਦ ਉਸ ਨੇ ਆਪਣੇ ਵਕੀਲਾਂ ਸੰਜੀਵ ਗੋਇਲ ਅਤੇ ਗੁਰਬਚਨ ਸਿੰਘ ਨਹਿਲ ਰਾਹੀਂ ਗਾਇਕ ਮੂਸੇ ਵਾਲਾ, ਨਵਕਰਨ ਬਰਾੜ (ਵੀਡੀਓਗ੍ਰਾਫ਼ਰ) ਮੋਹਾਲੀ, ਗੋਲਡ ਮੀਡੀਆ ਪ੍ਰੋਮੋਟਰ ਤੇ ਯੂਟਿਊਬ ਖ਼ਿਲਾਫ਼ ਅਦਾਲਤ 'ਚ ਦਾਅਵਾ ਪੇਸ਼ ਕਰ ਦਿੱਤਾ।

ਨੋਟ - ਸਿੱਧੂ ਮੂਸੇ ਵਾਲਾ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ? ਕੁਮੈਂਟ ਬਾਕਸ 'ਚ ਜ਼ਰੂਰ ਦੱਸੋ।


sunita

Content Editor sunita