''ਤੁਝੇ ਯਾਦ ਨਾ ਮੇਰੀ ਆਈ'' ਗਾ ਕੇ ਸਦਾ ਲਈ ਲੋਕ-ਯਾਦਾਂ ''ਚ ਵੱਸ ਗਈ ਸੀ ''ਮਨਪ੍ਰੀਤ ਅਖਤਰ'' (ਤਸਵੀਰਾਂ)
Monday, Jan 18, 2016 - 10:52 AM (IST)

ਜਲੰਧਰ— ਪੰਜਾਬੀ ਸੰਗੀਤ ਜਗਤ ਦੀ ਬੁਲੰਦ ਅਤੇ ਲੋਕ ਗੀਤਾਂ ਦੀ ਮਿਠਾਸ ਵਾਲੀ ਆਵਾਜ਼ ਮਨਪ੍ਰੀਤ ਅਖਤਰ ਅੱਜ ਸਦਾ ਲਈ ਖਾਮੋਸ਼ ਹੋ ਗਈ। ਸਾਹ ਦੀ ਬੀਮਾਰੀ ਦੇ ਚੱਲਦੇ ਮਨਪ੍ਰੀਤ ਅਖਤਰ ਦਾ ਅੱਜ ਪਟਿਆਲਾ ਦੇ ਹਸਪਤਾਲ ਵਿਖੇ ਦਿਹਾਂਤ ਹੋ ਗਿਆ। ਮਨਪ੍ਰੀਤ ਨੂੰ ਜੇਕਰ ਪੰਜਾਬ ਦੀ ''ਕੋਇਲ'' ਕਿਹਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਉੱਚੇ ਸੁਰਾਂ ਵਿਚ ਗਾਉਣ ਵਾਲੀ ਮਨਪ੍ਰੀਤ ਦੀ ਆਵਾਜ਼ ਵਿਚ ਇਕ ਅਜੀਬ ਜਿਹੀ ਮਿਠਾਸ ਤੇ ਠਹਿਰਾਅ ਸੀ, ਜਿਸ ਨੇ ਉਸ ਨੂੰ ਪੰਜਾਬੀ ਸੰਗੀਤ ਜਗਤ ਤੇ ਪਾਲੀਵੁੱਡ ਹੀ ਨਹੀਂ ਸਗੋਂ ਬਾਲੀਵੁੱਡ ਵਿਚ ਵੀ ਇਕ ਵੱਖਰੀ ਪਛਾਣ ਦਿਵਾਈ। ਹਿੰਦੀ ਫਿਲਮ ''ਕੁਛ-ਕੁਛ ਹੋਤਾ ਹੈ'' ਵਿਚ ''ਤੁਝੇ ਯਾਦ ਨਾ ਮੇਰੀ ਆਈ'' ਗੀਤ ਗਾ ਕੇ ਤਾਂ ਉਹ ਸਦਾ ਲਈ ਲੋਕ ਚੇਤਿਆਂ ਵਿਚ ਵੱਸ ਗਈ।
ਮਰਹੂਮ ਮਨਪ੍ਰੀਤ ਅਖਤਰ ਨੂੰ ਗਾਇਕੀ ਦਾ ਖਜ਼ਾਨਾ ਵਿਰਾਸਤ ਵਿਚ ਮਿਲਿਆ ਸੀ। ਮਰਹੂਮ ਪਿਤਾ ਉਸਤਾਦ ਕੀੜੇ ਖਾਨ ਸ਼ੌਕੀਨ ਦੀ ਲਾਡਲੀ ਧੀ ਮਨਪ੍ਰੀਤ ਨੇ ਉਨ੍ਹਾਂ ਤੋਂ ਗੁੜ੍ਹਤੀ ਵਿਚ ਸੰਗੀਤ ਹਾਸਲ ਕੀਤਾ ਅਤੇ ਇਸ ਵਿਰਾਸਤ ਨੂੰ ਮਰਦੇ ਦਮ ਤੱਕ ਸਾਂਭ ਕੇ ਰੱਖਿਆ। ਇਸ ਪਰਿਵਾਰ ਦੀ ਪੰਜਾਬੀ ਸੰਗੀਤ ਜਗਤ ਨੂੰ ਵੱਡੀ ਦੇਣ ਹੈ। ਮਨਪ੍ਰੀਤ ਅਖਤਰ ਦਾ ਛੋਟਾ ਭਰਾ ਦਿਲਸ਼ਾਦ ਅਖਤਰ ਵੀ ਇਕ ਉੱਘਾ ਪੰਜਾਬੀ ਲੋਕ ਗਾਇਕ ਸੀ ਅਤੇ ਗਾਉਂਦੇ ਹੋਏ ਹੀ ਛੋਟੀ ਉਮਰ ਵਿਚ ਉਸ ਨੇ ਸਟੇਜ ''ਤੇ ਦਮ ਤੋੜਿਆ ਸੀ। ਮਨਪ੍ਰੀਤ ਨੇ ਗਾਇਕੀ ਦਾ ਸਫਰ ਉਨ੍ਹਾਂ ਸਮਿਆਂ ਵਿਚ ਸ਼ੁਰੂ ਕੀਤਾ ਜਦੋਂ ਕੁੜੀਆਂ ਨੂੰ ਗਾਉਣ ਦਾ ਮੌਕਾ ਨਹੀਂ ਦਿੱਤਾ ਜਾਂਦਾ ਸੀ। ਗਾਇਕੀ ਮਨਪ੍ਰੀਤ ਲਈ ਉਸ ਦਾ ਪੇਸ਼ਾ ਨਹੀਂ ਸਗੋਂ ਪੂਜਾ ਸੀ। ਗਾਇਕੀ ਤੋਂ ਇਲਾਵਾ ਉਹ ਉਹ ਇਕ ਮਿਊਜ਼ਿਕ ਟੀਚਰ ਸੀ। ਉਸ ਨੇ ''ਗਿਆਨੀ'' ਤੋਂ ਬਾਅਦ ਸੰਗੀਤ ਵਿਚ ਐੱਮ. ਏ. ਐੱਮ. ਫਿਲ, ਐੱਮ. ਐੱਡ. ਕੀਤੀ। ਮਨਪ੍ਰੀਤ ਆਪਣੇ ਪਿੱਛੇ ਸੰਗੀਤ ਦੀ ਇਹ ਮਹਾਨ ਵਿਰਾਸਤ ਆਪਣੇ ਬੇਟਿਆਂ ਨਵੀਦ ਅਤੇ ਲਵਦੀਪ ਨੂੰ ਸੌਂਪ ਕੇ ਜਾ ਰਹੀ ਹੈ, ਜੋ ਹੁਣੇ-ਹੁਣੇ ਗਾਇਕੀ ਦੇ ਖੇਤਰ ਵਿਚ ਪੈਰ ਧਰਨ ਜਾ ਰਿਹਾ ਹੈ।
ਸਟੇਜ ਦੀ ਗਾਇਕੀ ਤੋਂ ਲੈ ਕੇ ਪੰਜਾਬੀ ਫਿਲਮਾਂ ਵਿਚ ਉਸ ਦੀ ਆਵਾਜ਼ ਸਦਾ ਗੂੰਜਦੀ ਰਹੇਗੀ। ਮਨਪ੍ਰੀਤ ਨੇ ਸੰਗੀਤ ਜਗਤ ਨੂੰ ''ਨਿਕੜੀ ਸੂਈ'' (ਲੋਕਗੀਤ), ਬੇਰੀਏ ਨੀਂ ਤੈਨੂੰ ਬੇਰ ਲੱਗਣਗੇ, ਬਸ ਇਕ ਗੇੜਾ ਗਿੱਧੇ ਵਿਚ, ਤੈਨੂੰ ਸੁੱਤਿਆ ਖ਼ਬਰ ਨਾ ਕਾਈ ਆਦਿ ਵਰਗੇ ਖੂਬਸੂਰਤ ਗੀਤ ਦਿੱਤੇ, ਉੱਥੇ ਫਿਲਮਾਂ ਵਿਚ ਉਸ ਦੇ ਗਾਏ ਗੀਤ- ''ਮੈਂ ਵਾਰੀ ਮੈਂ ਵਾਰੀ ਮੇਰੀ ਸੰਮੀਏ'' (ਫਿਲਮ-ਜੀ ਆਇਆਂ ਨੂੰ), ''ਤੁਮ ਗਏ ਗਮ ਨਹੀਂ'' (ਫਿਲਮ-ਜ਼ਿੰਦਗੀ ਖੂਬਸੂਰਤ ਹੈ), ''ਤੇਰੀ ਮੇਰੀ ਜੋੜੀ'' (ਪੰਜਾਬ ਬੋਲਦਾ), ''ਜਾਗੋ'' (ਫਿਲਮ-ਹਾਣੀ), ''ਤੁਝੇ ਯਾਦ ਨਾ ਮੇਰੀ ਆਈ'' (ਫਿਲਮ ਕੁਛ-ਕੁਛ ਹੋਤਾ ਹੈ) ਆਦਿ ਵੀ ਕਾਫੀ ਮਕਬੂਲ ਹੋਏ।
ਅੰਤ ਇਸ ਮਰਹੂਮ ਗਾਇਕਾ ਦੇ ਭਰਾ ਦਿਲਸ਼ਾਦ ਅਖਤਰ ਦੇ ਗੀਤ ਦੇ ਬੋਲਾਂ ਰਾਹੀਂ ਅਸੀਂ ਇਹ ਹੀ ਕਹਿਣਾ ਚਾਹੁੰਦੇ ਹਾਂ— ''ਨਹੀਂਓ ਭੁੱਲਣਾ ਵਿਛੋੜਾ ਸਾਨੂੰ ਤੇਰਾ, ਸਾਰੇ ਦੁੱਖ ਭੁੱਲ ਜਾਣਗੇ''।