ਨਿਊਜ਼ੀਲੈਂਡ 'ਚ 2 ਪੰਜਾਬਣਾਂ ਨੂੰ ਡਿੱਗੇ ਮਿਲੇ ਹਜ਼ਾਰਾਂ ਡਾਲਰ, ਈਮਾਨਦਾਰੀ ਦੇਖ ਪੁਲਸ ਵੀ ਹੋਈ ਮੁਰੀਦ

08/07/2020 1:51:20 PM

ਆਕਲੈਂਡ- ਤਾਲਾਬੰਦੀ ਤੋਂ ਪਹਿਲਾਂ ਨਿਊਜ਼ੀਲੈਂਡ ਪੜ੍ਹਨ ਗਈਆਂ ਦੋ ਪੰਜਾਬਣਾਂ ਨੇ ਆਪਣੀ ਈਮਾਨਦਾਰੀ ਨਾਲ ਸਭ ਨੂੰ ਆਪਣੇ ਮੁਰੀਦ ਬਣਾ ਲਿਆ ਤੇ ਗੋਰੇ ਵੀ ਉਨ੍ਹਾਂ ਦੀਆਂ ਸਿਫਤਾਂ ਕਰ ਰਹੇ ਹਨ। 

ਬਠਿੰਡਾ ਦੇ ਪਿੰਡ ਚੱਕ ਫਤਿਹ ਸਿੰਘ ਵਾਲਾ ਦੀ ਰਾਜਵੀਰ ਕੌਰ ਤੇ ਸੰਗਰੂਰ ਦੇ ਦਿੜ੍ਹੂਬਾ ਦੀ ਸੁਹਜਵੀਰ ਕੌਰ ਨਿਊਜ਼ੀਲੈਂਡ 'ਚ ਪੜ੍ਹ ਰਹੀਆਂ ਹਨ ਤੇ ਉਨ੍ਹਾਂ ਨੂੰ ਬੀਤੇ ਦਿਨੀਂ ਹੈਮਿਲਟਰ ਸ਼ਹਿਰ ਦੀ ਸੜਕ 'ਤੇ ਡਿੱਗਿਆ ਇਕ ਲਿਫਾਫਾ ਲੱਭਾ, ਜਿਸ ਵਿਚ 22 ਹਜ਼ਾਰ ਡਾਲਰ ਸਨ। ਉਨ੍ਹਾਂ ਨੇ ਪ੍ਰੋਫੈਸਰ ਤੇ ਪੁਲਸ ਦੀ ਮਦਦ ਨਾਲ ਪੈਸਿਆਂ ਨੂੰ ਉਸ ਦੇ ਮਾਲਕ ਤੱਕ ਪਹੁੰਚਾਇਆ। ਮਾਲਕ ਨੇ ਖੁਸ਼ ਹੋ ਕੇ ਉਨ੍ਹਾਂ ਨੂੰ 100-100 ਡਾਲਰ ਦਾ ਇਨਾਮ ਦਿੱਤਾ। ਨਿਊਜ਼ੀਲੈਂਡ ਦੀ ਪੁਲਸ ਨੇ ਫੇਸਬੁੱਕ 'ਤੇ ਲਿਖਿਆ-"ਪੰਜਾਬੀ ਭਾਈਚਾਰੇ ਦੇ ਲੋਕ ਮਿਹਨਤੀ ਤੇ ਈਮਾਨਦਾਰ ਹੁੰਦੇ ਹਨ, ਅੱਜ ਦੇਖ ਵੀ ਲਿਆ। ਇਨ੍ਹਾਂ 18-19 ਸਾਲ ਦੀਆਂ ਕੁੜੀਆਂ ਦੀ ਈਮਾਨਦਾਰੀ ਉਨ੍ਹਾਂ ਦੇ ਮਾਂ-ਬਾਪ ਦੀ ਚੰਗੀ ਪਰਵਰਿਸ਼ ਦਾ ਨਤੀਜਾ ਹੈ।"

ਪੰਜਾਬਣਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਕਾਲਜ ਦੇ ਰਾਹ ਵਿਚ ਇਕ ਲਿਫਾਫਾ ਮਿਲਿਆ ਜਿਸ 'ਤੇ ਨਿਊਜ਼ੀਲੈਂਡ ਦੀ ਬੈਂਕ ਦਾ ਨਾਂ ਲਿਖਿਆ ਸੀ। ਸ਼ਹਿਰ ਵਿਚ ਨਵੀਆਂ ਹੋਣ ਕਾਰਨ ਉਨ੍ਹਾਂ ਨੇ ਆਪਣੇ ਪ੍ਰੋਫੈਸਰ ਨੂੰ ਇਸ ਬਾਰੇ ਦੱਸਿਆ। ਉਨ੍ਹਾਂ ਨੇ ਪੁਲਸ ਦੀ ਮਦਦ ਨਾਲ ਪੈਸਿਆਂ ਦੇ ਮਾਲਕ ਨੂੰ ਪੈਸੇ ਵਾਪਸ ਦਿੱਤੇ। ਮਾਲਕ ਉਨ੍ਹਾਂ ਦੀ ਈਮਾਨਦਾਰੀ ਦੇਖ ਕੇ ਬਹੁਤ ਖੁਸ਼ ਹੋਇਆ ਤੇ ਅੰਗਰੇਜ਼ੀ ਵਿਚ ਕਿਹਾ- ਈਮਾਨਦਾਰ ਪੰਜਾਬ ਦੀਆਂ ਕੁੜੀਆਂ। ਉਸ ਨੇ ਪੁਲਸ ਤੇ ਪ੍ਰੋਫੈਸਰ ਦੇ ਸਾਹਮਣੇ ਕੁੜੀਆਂ ਨੂੰ 100-100 ਡਾਲਰ (5000-5000 ਰੁਪਏ) ਦਿੱਤੇ ਤੇ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਦੀ ਈਮਾਨਦਾਰੀ ਨੇ ਨਾ ਸਿਰਫ ਉਨ੍ਹਾਂ ਦੇ ਪਰਿਵਾਰ ਸਗੋਂ ਪੂਰੇ ਪੰਜਾਬ ਦਾ ਨਾਂ ਰੌਸ਼ਨ ਕੀਤਾ। 


 


Lalita Mam

Content Editor

Related News