ਮਸਕਟ ''ਚ ਫਸੀ ਪੰਜਾਬੀ ਕੁੜੀ ਸੰਤ ਸੀਚੇਵਾਲ ਦੇ ਯਤਨਾਂ ਸਦਕਾ ਪਰਤੀ ਘਰ, ਸੁਣਾਈ ਦਰਦਭਰੀ ਦਾਸਤਾਨ
Sunday, Oct 05, 2025 - 07:39 PM (IST)

ਲੋਹੀਆਂ ਖਾਸ ( ਸੁਖਪਾਲ ਰਾਜਪੂਤ)- ਘਰ ਦੀ ਮਾੜੀ ਹਾਲਤ ਬਦਲਣ ਦੇ ਸੁਫ਼ਨੇ ਸਜਾ ਕੇ ਆਪਣੀ ਸਹੇਲੀ ਦੇ ਕਹਿਣ ‘ਤੇ ਓਮਾਨ ਗਈ ਜਲੰਧਰ ਜਿਲ੍ਹੇ ਦੀ ਇਕ ਕੁੜੀ ਲਈ ਵਿਦੇਸ਼ ਜਾਣਾ ਜ਼ਿੰਦਗੀ ਦਾ ਸਭ ਤੋਂ ਵੱਡਾ ਦੁੱਖ਼ਦਾਈ ਅਨੁਭਵ ਸਾਬਤ ਹੋਇਆ। ਮਸਕਟ (ਓਮਾਨ) ‘ਚੋਂ ਮੁਸ਼ਕਲ ਨਾਲ ਵਾਪਸ ਪਰਤੀ ਇਸ ਪੀੜਤ ਕੁੜੀ ਨੇ ਕਿਹਾ ਕਿ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੀ ਮਦਦ ਨਾਲ ਉਸਨੂੰ ਦੂਜਾ ਜਨਮ ਮਿਲਿਆ ਹੈ।
ਇਹ ਵੀ ਪੜ੍ਹੋ: ਪੰਜਾਬ 'ਚ 3 ਦਿਨ ਅਹਿਮ! ਪਵੇਗਾ ਭਾਰੀ ਮੀਂਹ, ਮੌਸਮ ਵਿਭਾਗ ਵੱਲੋਂ Alert ਜਾਰੀ
ਪੀੜਤਾ ਨੇ ਦੱਸਿਆ ਕਿ ਉਹ 15 ਜੂਨ ਨੂੰ ਅੰਮ੍ਰਿਤਸਰ ਤੋਂ ਮੁੰਬਈ ਰਾਹੀਂ ਮਸਕਟ ਪਹੁੰਚੀ ਸੀ। ਉੱਥੇ ਪਹੁੰਚਦਿਆਂ ਹੀ ਉਸ ਨੂੰ ਅਹਿਸਾਸ ਹੋ ਗਿਆ ਕਿ ਉਹ ਕਿਸੇ ਫੰਧੇ ‘ਚ ਫਸ ਗਈ ਹੈ। ਦਫ਼ਤਰ ਵਰਗੇ ਇਕ ਸਥਾਨ ‘ਤੇ ਉਸ ਨੂੰ ਰੱਖਿਆ ਗਿਆ, ਜਿੱਥੇ 10 ਤੋਂ ਵੱਧ ਹੋਰ ਭਾਰਤੀ ਕੁੜੀਆਂ ਵੀ ਕੈਦ ਵਰਗੀਆਂ ਹਾਲਤਾਂ ‘ਚ ਸੀ। ਹਰ ਰੋਜ਼ 12 ਘੰਟੇ ਤੱਕ ਬਿਨਾਂ ਰੁਕਾਵਟ ਕੰਮ ਕਰਵਾਇਆ ਜਾਂਦਾ ਤੇ ਥੋੜ੍ਹੀ ਜਿਹੀ ਗਲਤੀ ‘ਤੇ ਬੇਰਹਿਮੀ ਨਾਲ ਕੁੱਟਮਾਰ ਕੀਤੀ ਜਾਂਦੀ ਸੀ। ਖਾਣ ਲਈ ਢੰਗ ਦਾ ਭੋਜਨ ਵੀ ਨਹੀਂ ਮਿਲਦਾ ਸੀ। ਉਸਨੇ ਦੱਸਿਆ ਕਿ 1 ਮਹੀਨੇ ਤੱਕ ਸਿਰਫ਼ ਉਸ ਨੇ ਪਾਣੀ ਪੀ ਕੇ ਗੁਜ਼ਾਰਾ ਕੀਤਾ ਸੀ। 5 ਮਹੀਨੇ ਨਰਕ ਵਰਗੀ ਜ਼ਿੰਦਗੀ ਬਤੀਤ ਕਰਕੇ ਵਾਪਸ ਆਈ ਪੀੜਤਾ ਨੇ ਓਮਾਨ 'ਚ ਚੱਲ ਰਹੀ ਮਨੁੱਖੀ ਤਸਕਰੀ ਦੀ ਪੋਲ ਖੋਲ੍ਹੀ। ਉਸ ਨੇ ਦੱਸਿਆ ਕਿ ਲੜਕੀਆਂ ਨੂੰ ਪਹਿਲਾਂ ਵੱਡੇ ਸੁਪਨੇ ਦਿਖਾ ਕੇ ਓਥੇ ਬੁਲਾਇਆ ਜਾਂਦਾ ਹੈ, ਪਰ ਵੀਜ਼ਾ ਖਤਮ ਹੋਣ ’ਤੇ ਅਸਲੀਅਤ ਸਾਹਮਣੇ ਆਉਂਦੀ ਹੈ। ਏਜੰਟ ਉਨ੍ਹਾਂ ਨੂੰ ਜਬਰ ਨਾਲ ਗਲਤ ਕੰਮ ਲਈ ਮਜਬੂਰ ਕਰਦੇ ਹਨ ਜਾਂ ਹੋਰ ਲੜਕੀਆਂ ਲਿਆਉਣ ਦੀ ਸ਼ਰਤ ਰੱਖਦੇ ਹਨ ਜਾ ਫਿਰ ਲੱਖਾਂ ਵਿੱਚ ਪੈਸਿਆਂ ਦੀ ਮੰਗ ਕਰਦੇ ਹਨ। ਇਸੇ ਤਰ੍ਹਾਂ ਹੀ ਉਹ ਵੀ ਆਪਣੀ ਸਹੇਲੀ ਰਾਹੀ ਉਹ ਵੀ ਇਸ ਜਾਲ 'ਚ ਫਸ ਗਈ ਸੀ।
ਇਹ ਵੀ ਪੜ੍ਹੋ: ਪੰਜਾਬ 'ਚ ਮਸ਼ਹੂਰ ਗਾਇਕ ਦੀ ਮੌਤ, ਛਾਈ ਸੋਗ ਦੀ ਲਹਿਰ
ਉਸ ਨੇ ਦੱਸਿਆ ਕਿ ਕੁਝ ਕੁੜੀਆਂ ਤੋਂ ਗਲਤ ਕੰਮ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਅਤੇ ਇਨਕਾਰ ਕਰਨ ‘ਤੇ ਉਨ੍ਹਾਂ ਨੂੰ ਬੇਹੱਦ ਤਸ਼ੱਦਦ ਦਾ ਸ਼ਿਕਾਰ ਬਣਾਇਆ ਜਾਂਦਾ ਸੀ। ਕਈ ਵਾਰ ਤਾਂ ਕੁੱਟਮਾਰ ਕਰਕੇ ਅੱਧਮੋਈ ਹਾਲਤ ਵਿੱਚ ਸੁੱਟ ਦਿੱਤਾ ਜਾਂਦਾ ਸੀ। ਉਨ੍ਹਾਂ ਨੂੰ ਕਿਸੇ ਤੇ ਤਰਸ ਨਹੀਂ ਸੀ ਆਉਂਦਾ, ਗਰੀਬ ਕੁੜੀਆਂ ਦੀ ਮਜ਼ਬੂਰੀ ਦਾ ਨਾਜਾਇਜ਼ ਫਾਇਦਾ ਚੁੱਕਦੇ ਸਨ। ਉਸ ਦਾ ਪਾਸਪੋਰਟ ਤੇ ਮੋਬਾਈਲ ਵੀ ਉਥੇ ਪਹੁੰਚਦਿਆਂ ਹੀ ਖੋਹ ਲਿਆ ਗਿਆ ਸੀ। ਉਸ ਦੀ ਮਾਤਾ ਵੱਲੋਂ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨਾਲ ਸੰਪਰਕ ਕੀਤਾ ਗਿਆ, ਜਿਨ੍ਹਾਂ ਨੇ ਵਿਦੇਸ਼ ਮੰਤਰਾਲੇ ਨੂੰ ਪੱਤਰ ਲਿਖ ਕੇ ਇਸ ਮਾਮਲੇ ਨੂੰ ਉੱਥੇ ਪਹੁੰਚਾਇਆ। ਉਨ੍ਹਾਂ ਦੇ ਯਤਨਾਂ ਅਤੇ ਵਿਦੇਸ਼ ਮੰਤਰਾਲੇ ਨਾਲ ਨਾਲ ਓਮਾਨ ਵਿੱਚ ਭਾਰਤੀ ਦੂਤਾਵਾਸ ਦੇ ਸਹਿਯੋਗ ਨਾਲ ਇਹ ਲੜਕੀ ਅਖੀਰਕਾਰ ਸੁਰੱਖਿਅਤ ਤੌਰ ‘ਤੇ ਵਾਪਸ ਆ ਸਕੀ। ਸੰਤ ਸੀਚੇਵਾਲ ਨੇ ਇਸ ਮੌਕੇ ‘ਤੇ ਅਪੀਲ ਕੀਤੀ ਕਿ ਅਰਬ ਦੇਸ਼ਾਂ ਜਾਂ ਹੋਰ ਵਿਦੇਸ਼ ਜਾਣ ਤੋਂ ਪਹਿਲਾਂ ਨੌਜਵਾਨ ਆਪਣਾ ਵੀਜ਼ਾ ਜਰੂਰ ਚੈੱਕ ਕਰਨ ਕਿ ਉਹ ਵਰਕ ਵੀਜ਼ਾ ਹੈ ਜਾਂ ਟੂਰਿਸਟ ਵੀਜ਼ਾ। ਉਨ੍ਹਾਂ ਕਿਹਾ ਕਿ ਬਹੁਤੇ ਟ੍ਰੈਵਲ ਏਜੰਟ ਟੂਰਿਸਟ ਵੀਜ਼ੇ ‘ਤੇ ਕੁੜੀਆਂ ਨੂੰ ਲੈ ਜਾਂਦੇ ਹਨ ਤੇ ਉੱਥੇ ਜਾ ਕੇ ਉਨ੍ਹਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ: ਪੰਜਾਬ ਵਾਸੀਆਂ ਨੂੰ ਟਰੈਫਿਕ ਜਾਮ ਤੋਂ ਮਿਲੇਗੀ ਵੱਡੀ ਰਾਹਤ! ਨਵੇਂ ਪੁਲ ਦਾ ਮੰਤਰੀ ਅਰੋੜਾ ਨੇ ਕੀਤਾ ਉਦਘਾਟਨ
ਕੰਬੋਡੀਆ ਵਿੱਚ ਭਾਰਤੀ ਨੌਜਵਾਨਾਂ ਤੋਂ ਕਰਵਾਏ ਜਾ ਰਹੇ ਹਨ ਗੈਰ-ਕਾਨੂੰਨੀ ਕੰਮ
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਕੁਝ ਦਿਨ ਪਹਿਲਾਂ ਕੰਬੋਡੀਆ ਤੋਂ ਵਾਪਸ ਪਰਤੇ ਜਲੰਧਰ ਦੇ ਇਕ ਨੌਜਵਾਨ ਨੇ ਖ਼ੁਲਾਸਾ ਕੀਤਾ ਕਿ ਉੱਥੇ ਭਾਰਤੀਆਂ ਤੋਂ ਸਾਇਬਰ ਸੰਬੰਧੀ ਗੈਰਕਾਨੂੰਨੀ ਕੰਮ ਕਰਵਾਏ ਜਾ ਰਹੇ ਹਨ। ਏਜੰਟਾਂ ਵੱਲੋਂ ਥਾਈਲੈਂਡ ਵਿੱਚ ਉੱਚ ਤਨਖ਼ਾਹ ਵਾਲੇ ਕੰਮ ਦਾ ਲਾਲਚ ਦੇ ਕੇ ਨੌਜਵਾਨਾਂ ਨੂੰ ਕੰਬੋਡੀਆ ਦੀਆਂ ਕੰਪਨੀਆਂ ਵਿੱਚ ਵੇਚ ਦਿੱਤਾ ਜਾਂਦਾ ਹੈ। ਉੱਥੇ ਇਨਕਾਰ ਕਰਨ ਵਾਲਿਆਂ ਨਾਲ ਬੇਹੱਦ ਕੁੱਟਮਾਰ ਕੀਤੀ ਜਾਂਦੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸੰਤ ਸੀਚੇਵਾਲ ਜੀ ਦੇ ਯਤਨਾਂ ਨਾਲ ਮਿਆਂਮਾਰ ‘ਚੋਂ ਚਾਰ ਨੌਜਵਾਨਾਂ ਦੀ ਵਾਪਸੀ ਹੋ ਚੁੱਕੀ ਹੈ, ਜੋ ਇਸੇ ਤਰ੍ਹਾਂ ਦੇ ਗੈਰ-ਕਾਨੂੰਨੀ ਗਿਰੋਹਾਂ ਦੇ ਜਾਲ ਵਿੱਚ ਫਸੇ ਹੋਏ ਸਨ।
ਇਹ ਵੀ ਪੜ੍ਹੋ: ਮਾਤਾ ਦੀ ਭਗਤ ਸੀ ਕੁੜੀ, ਮੁੰਡਾ ਜਾਂਦਾ ਸੀ ਪੰਜਾਬ ਦੇ ਮਸ਼ਹੂਰ ਡੇਰੇ, ਬਸ ਇਸੇ ਗੱਲ ਤੋਂ ਪੈ ਗਿਆ 'ਪੰਗਾ', ਹੋਇਆ...
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8