ਅਮਰਿੰਦਰ ਗਿੱਲ ਦੀ ''ਲਾਹੌਰੀਏ'' ਨੇ ਜਿੱਤਿਆ ਸਰਵਉੱਤਮ ਫਿਲਮ ਐਵਾਰਡ
Sunday, Apr 01, 2018 - 07:32 AM (IST)

ਮੋਹਾਲੀ (ਨਿਆਮੀਆਂ) - ਪੀ. ਟੀ. ਸੀ. ਪੰਜਾਬੀ ਫਿਲਮ ਐਵਾਰਡ 2018 ਦੇਣ ਸਬੰਧੀ ਇਕ ਵਿਸ਼ੇਸ਼ ਸਮਾਗਮ ਜਨਤਾ ਲੈਂਡ ਪ੍ਰਮੋਟਰਜ਼ ਲਿਮਟਿਡ ਦੇ ਸੈਕਟਰ-66ਏ ਸਥਿਤ ਗਰਾਊਂਡ ਵਿਖੇ ਕਰਵਾਇਆ ਗਿਆ। ਪ੍ਰੋਗਰਾਮ ਦੌਰਾਨ ਪੰਜਾਬੀ ਫਿਲਮਾਂ ਦੇ ਨਵੇਂ ਤੇ ਪੁਰਾਣੇ ਮੰਨੇ-ਪ੍ਰਮੰਨੇ ਅਦਾਕਾਰਾਂ ਦੇ ਨਾਲ-ਨਾਲ ਗਾਇਕਾਂ, ਗੀਤਕਾਰਾਂ ਤੇ ਸੰਗੀਤਕਾਰਾਂ ਨੇ ਵੀ ਵੱਡੀ ਗਿਣਤੀ ਵਿਚ ਹਿੱਸਾ ਲਿਆ। ਗੁਰੂ ਰੰਧਾਵਾ, ਅਮਰਿੰਦਰ ਗਿੱਲ ਤੇ ਨੀਰੂ ਬਾਜਵਾ ਨੇ ਖੂਬ ਰੰਗ ਬੰਨ੍ਹਿਆ ਤੇ ਅੱਧੀ ਰਾਤ ਤਕ ਦਰਸ਼ਕਾਂ ਨੂੰ ਮੰਤਰ-ਮੁਗਧ ਕਰੀ ਰੱਖਿਆ। ਮੰਚ ਸੰਚਾਲਨ ਸਤਿੰਦਰ ਸੱਤੀ, ਬੀਨੂੰ ਢਿੱਲੋਂ ਤੇ ਗੈਵੀ ਚਾਹਲ ਨੇ ਕੀਤਾ। ਇਹ ਐਵਾਰਡ ਸਮਾਰੋਹ ਪਿਛਲੇ 7 ਸਾਲਾਂ ਤੋਂ ਲਗਾਤਾਰ ਕਰਵਾਇਆ ਜਾ ਰਿਹਾ ਹੈ। ਬਾਲੀਵੁੱਡ ਤੋਂ ਵਿਸ਼ੇਸ਼ ਤੌਰ 'ਤੇ ਇਸ ਪ੍ਰੋਗਰਾਮ ਵਿਚ ਹਿੱਸਾ ਲੈਣ ਲਈ ਪ੍ਰੇਮ ਚੋਪੜਾ, ਰਾਕੇਸ਼ ਰੌਸ਼ਨ, ਜਤਿੰਦਰ ਕਪੂਰ, ਜਿੰਮੀ ਸ਼ੇਰਗਿੱਲ, ਐਲੀ ਅਵਰਾਮ, ਸਪਨਾ ਚੌਧਰੀ, ਨਵ ਬਾਜਵਾ ਤੇ ਹੋਰ ਕਈ ਕਲਾਕਾਰ ਪਹੁੰਚੇ।
ਪੀ. ਟੀ. ਸੀ. ਪੰਜਾਬੀ ਨੈੱਟਵਰਕ ਦੇ ਮੁਖੀ ਰਵਿੰਦਰ ਨਾਰਾਇਣ ਨੇ ਦੱਸਿਆ ਕਿ ਪੰਜਾਬੀ ਸਿਨੇਮਾ ਨੇ ਇਕ ਲੰਬਾ ਸਫਰ ਤੈਅ ਕੀਤਾ ਹੈ। 'ਚੰਨ ਪ੍ਰਦੇਸੀ', 'ਅੰਗਰੇਜ਼', 'ਨਾਨਕ ਨਾਮ ਜਹਾਜ਼' ਤੋਂ 'ਸੱਜਣ ਸਿੰਘ ਰੰਗਰੂਟ' ਤਕ ਵਰਗੀਆਂ ਫਿਲਮਾਂ ਅਜਿਹੀਆਂ ਹਨ, ਜੋ ਭੁੱਲਣ ਵਾਲੀਆਂ ਨਹੀਂ। ਉਨ੍ਹਾਂ ਕਿਹਾ ਕਿ ਪੰਜਾਬੀ ਸਿਨੇਮਾ ਨੇ ਦੇਸ਼ ਵਿਚ ਹੀ ਨਹੀਂ, ਬਲਕਿ ਵਿਦੇਸ਼ਾਂ ਵਿਚ ਵੀ ਆਪਣੀ ਪੂਰੀ ਥਾਂ ਬਣਾਈ ਹੈ। ਪੀ. ਟੀ. ਸੀ. ਫਿਲਮ ਫੇਅਰ ਐਵਾਰਡਸ ਨੇ ਇਨ੍ਹਾਂ ਫਿਲਮਾਂ ਨੂੰ ਇਕ ਵੱਖਰਾ ਮੰਚ ਮੁਹੱਈਆ ਕੀਤਾ ਹੈ।
ਇਸ ਮੌਕੇ ਅਮਰਿੰਦਰ ਗਿੱਲ ਨੂੰ ਉਸ ਦੀ ਫਿਲਮ 'ਲਾਹੌਰੀਏ' ਲਈ ਸਰਵਉੱਤਮ ਅਭਿਨੇਤਾ, ਸਰਗੁਣ ਨੂੰ ਸਰਵਉੱਤਮ ਅਭਿਨੇਤਰੀ ਤੇ ਇਸ ਫਿਲਮ ਨੂੰ ਸਰਵਉਤਮ ਫਿਲਮ ਦਾ ਐਵਾਰਡ ਦਿੱਤਾ ਗਿਆ। 'ਲਾਹੌਰੀਏ' ਲਈ ਅਮਰਦੀਪ ਸਿੰਘ ਨੂੰ ਸਰਵਉੱਤਮ ਡਾਇਰੈਕਟਰ ਦਾ ਐਵਾਰਡ ਦਿੱਤਾ ਗਿਆ। ਪੰਜਾਬੀ ਰੰਗ ਮੰਚ ਦੇ ਮੰਨੇ-ਪ੍ਰਮੰਨੇ ਹਸਤਾਖਰ ਡਾ. ਸਾਹਿਬ ਸਿੰਘ ਨੂੰ 'ਸੁਲਗਦੀ ਮਿੱਟੀ' ਸ਼ਾਰਟ ਫਿਲਮ ਲਈ ਪੀ. ਟੀ. ਸੀ. ਐਵਾਰਡ ਦਿੱਤਾ ਗਿਆ।