ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਨੇ ਕੈਪਟਨ ਨੂੰ ਪੱਤਰ ਲਿਖਿਆ, ਕੀਤੀ ਇਹ ਅਪੀਲ

Monday, Jun 08, 2020 - 04:26 PM (IST)

ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਨੇ ਕੈਪਟਨ ਨੂੰ ਪੱਤਰ ਲਿਖਿਆ, ਕੀਤੀ ਇਹ ਅਪੀਲ

ਜਲੰਧਰ (ਚੋਪੜਾ)— ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਨੇ ਮੁੱਖ ਮੰਤਰੀ ਕੈਪਟਨ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਉਹ ਲਿੰਗਦੋਹ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਪੰਜਾਬ ਦੇ ਕਾਲਜ ਅਤੇ ਯੂਨੀਵਰਸਿਟੀਜ਼ 'ਚ ਚੋਣਾਂ ਕਰਵਾਉਣ। ਬਰਿੰਦਰ ਢਿੱਲੋਂ ਨੇ ਦੱਸਿਆ ਕਿ 1984 ਦੇ ਮੁਸ਼ਕਲ ਸਮੇਂ 'ਚ ਵਿਦਿਆਰਥੀ ਸੰਘ ਦੀਆਂ ਚੋਣਾਂ ਸਬੰਧੀ ਸੂਬੇ 'ਚ ਪਾਬੰਦੀ ਲਗਾਈ ਗਈ ਸੀ ਪਰ ਕਾਂਗਰਸ ਪਾਰਟੀ ਨੇ 2017 ਦੀਆਂ ਚੋਣਾਂ 'ਚ ਆਪਣੇ ਚੋਣ ਐਲਾਨ ਪੱਤਰ 'ਚ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਦੋਬਾਰਾ ਸ਼ੁਰੂ ਕਰਨ ਦਾ ਵਾਅਦਾ ਕੀਤਾ ਸੀ।

ਬਰਿੰਦਰ ਢਿੱਲੋਂ ਨੇ ਕਿਹਾ ਕਿ ਪੰਜਾਬ ਯੂਥ ਕਾਂਗਰਸ ਨੇ ਪ੍ਰਦੇਸ਼ ਦੇ ਹਰੇਕ ਕਾਲਜ ਅਤੇ ਯੂਨੀਵਰਸਿਟੀ ਨੂੰ ਮੰਗ ਪੱਤਰ ਸੌਂਪਣ ਦੀ ਯੋਜਨਾ ਬਣਾਈ ਹੈ, ਜਿਸ ਦੇ ਤਹਿਤ ਕੋਰੋਨਾ ਵਾਇਰਸ ਮਹਾਮਾਰੀ ਦੇ ਉਪਰੰਤ ਸਿੱਖਿਆ ਸੰਸਥਾਨਾਂ ਦੇ ਖੁੱਲ੍ਹਣ 'ਤੇ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਬਾਰੇ ਫੀਡਬੈਕ ਇਕੱਕਤਰ ਕਰਨਗੇ। ਉਨ੍ਹਾਂ ਕਿਹਾ ਕਿ ਇਸਤੋਂ ਇਲਾਵਾ ਯੂਥ ਕਾਂਗਰਸ ਜ਼ਿਲਾ ਪ੍ਰਧਾਨ ਸਾਰੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੂੰ ਇਸੇ ਤਰ੍ਹਾਂ ਦਾ ਮੰਗ ਪੱਤਰ ਸੌਂਪੇਗੀ ਤਾਂ ਜੋ ਆਗਾਮੀ ਸੈਸ਼ਨ ਦੌਰਾਨ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਨੂੰ ਕਰਵਾਉਣ ਸਬੰਧੀ ਦਬਾਅ ਬਣਾਇਆ ਜਾ ਸਕੇ।

ਉਨ੍ਹਾਂ ਕਿਹਾ ਕਿ ਪਿਛਲੇ ਸਾਲ ਚੰਡੀਗੜ੍ਹ ਅਤੇ ਹਰਿਆਣਾ ਦੇ ਕਾਲਜ ਅਤੇ ਯੂਨੀਵਰਸਿਟੀਜ਼ ਦੀਆਂ ਚੋਣਾਂ ਕਰਵਾਈਆਂ ਗਈਆਂ ਹਨ। ਪੰਜਾਬ 'ਚ ਵੀ ਚੋਣਾਂ ਕਰਵਾਉਣ ਦਾ ਉਦੇਸ਼ ਵਿਦਿਆਰਥੀਆਂ ਨੂੰ ਦੇਸ਼ ਤੇ ਸਮਾਜ ਦੇ ਨਿਰਮਾਣ ਨੂੰ ਅੱਗੇ ਲਾਉਣਾ ਅਤੇ ਉਨ੍ਹਾਂ ਦੀ ਮਜਬੂਤ ਜਵਾਬਦੇਹੀ ਨੂੰ ਨਿਰਧਾਰਿਤ ਕਰਨਾ ਹੈ। ਬਰਿੰਦਰ ਢਿੱਲੋਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੇਕਰ ਚੋਣਾਂ ਦਾ ਫੈਸਲਾ ਲੈਂਦੇ ਹਨ ਤਾਂ ਇਸ ਨਾਲ ਪ੍ਰਮਾਣਿਤ ਹੋ ਜਾਏਗਾ ਕਿ ਪੰਜਾਬ ਆਪਣੇ ਬੁਰੇ ਸਮੇਂ ਨੂੰ ਬਹੁਤ ਪਿੱਛੇ ਛੱਡ ਆਇਆ ਹੈ ਕਿਉਂਕਿ ਕੈ. ਅਮਰਿੰਦਰ ਦੀ ਅਗਵਾਈ 'ਚ ਪੰਜਾਬ ਅਮਨ ਤੇ ਸ਼ਾਂਤੀ ਵਾਲਾ ਸੂਬਾ ਬਣਿਆ ਹੈ।


author

shivani attri

Content Editor

Related News