ਪੰਜਾਬ ਯੂਥ ਭਾਜਪਾ ਨੇ ਪੀ. ਐਮ. ਮੋਦੀ ਨੂੰ ਜਲੰਧਰ ਦੀ ਬਹਾਦਰ ਧੀ ’ਤੇ ਹੋਏ ਹਮਲੇ ਸਬੰਧੀ ਲਿਖਿਆ ਪੱਤਰ
Wednesday, Sep 02, 2020 - 09:53 PM (IST)
ਜਲੰਧਰ : ਬੀਤੇ ਐਤਵਾਰ ਜਲੰਧਰ ’ਚ ਸਿਰਫ 15 ਸਾਲ ਦੀ ਆਮ ਪਰਿਵਾਰ ਦੀ ਨਾਬਾਲਿਗ ਕੁੜੀ ਕੁਸਮ ’ਤੇ ਲੁਟੇਰਿਆਂ ਵਲੋਂ ਜਾਨਲੇਵਾ ਹਮਲੇ ਦੇ ਬਾਵਜੂਦ ਉਨ੍ਹਾਂ ਦਾ ਮੁਕਾਬਲਾ ਕਰ ਆਪਣਾ ਮੋਬਾਇਲ ਬਚਾ ਕੇ ਉਨ੍ਹਾਂ ਨੂੰ ਕਾਬੂ ਕਰ ਕੇ ਸਮਾਜ ਦੇ ਲਈ ਮਿਸਾਲ ਬਣੀ। ਇਸ ਬਹਾਦਰ ਧੀ ’ਤੇ ਹੋਏ ਜਾਨਲੇਵਾ ਹਮਲੇ ਨੂੰ ਲੈ ਕੇ ਪੰਜਾਬ ਯੂਥ ਭਾਜਪਾ ਦੇ ਪ੍ਰਧਾਨ ਰਾਣਾ ਭਾਨੂ ਪ੍ਰਤਾਪ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ। ਜਿਸ ਦੀ ਕਾਪੀ ਕੇਂਦਰੀ ਗ੍ਰਹਿ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮਰਿਤੀ ਈਰਾਨੀ, ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ, ਮੁੱਖ ਮੰਤਰੀ ਅਮਰਿੰਦਰ ਸਿੰਘ, ਪੰਜਾਬ ਦੇ ਚੀਫ ਸੈਕਟਰੀ ਤੇ ਡੀ. ਜੀ. ਪੀ. ਨੂੰ ਭੇਜੀ ਗਈ ਹੈ।
ਭਾਨੁ ਨੇ ਕਿਹਾ ਕਿ ਸਿਰਫ ਅਸੀਂ ਪੰਜਾਬੀਆਂ ਨੇ ਹੀ ਨਹੀਂ ਕੁਸਮ ਦੀ ਭਾਰਤ ਸਰਕਾਰ ਦੇ ਸਿਹਤ ਮੰਤਰੀ ਹਰਸ਼ਵਰਧਨ ਨੇ ਵੀ ਖੁਦ ਆਪਣੇ ਸੋਸ਼ਲ ਮੀਡੀਆ ’ਤੇ ਉਸ ਦੇ ਹੌਂਸਲੇ ਨੂੰ ਸਲਾਮ ਕੀਤਾ ਹੈ। ਪੰਜਾਬ ਦੀ ਇਹ ਬੱਚੀ ਦੇਸ਼ ਦੇ ਨੌਜਵਾਨਾਂ ਅਤੇ ਲੜਕੀਆਂ ਦੀ ਰੋਲ ਮਾਡਲ ਬਣ ਕੇ ਉਭਰੀ ਹੈ, ਜਿਸ ਦਾ ਸਨਮਾਨ ਬੇਹੱਦ ਜ਼ਰੂਰੀ ਹੈ। ਇਸ ਲਈ ਪੰਜਾਬ ਯੂਥ ਭਾਜਪਾ ਵਲੋਂ ਪੱਤਰ ਲਿਖਿਆ ਗਿਆ ਹੈ।
ਭਾਨੂ ਨੇ ਪੰਜਾਬ ਦੀ ਚਰਮਰਾਈ ਕਾਨੂੰਨ ਵਿਵਸਥਾ ਦੀ ਜਾਣਕਾਰੀ ਵੀ ਪ੍ਰਧਾਨ ਮੰਤਰੀ ਸਮੇਤ ਸਭ ਨੂੰ ਭੇਜੀ ਗਈ ਕਿਉਂਕਿ ਪੰਜਾਬ ’ਚ ਹਰ ਰੋਜ਼ ਦੇਸ਼ ਵਿਰੋਧੀ ਘਟਨਾਵਾਂ, ਭ੍ਰਿਸ਼ਟਾਚਾਰ, ਨਸ਼ਾਖੋਰੀ, ਕਤਲਾਂ ਦੀਆਂ ਘਟਨਾਵਾਂ ਘੱਟ ਨਹੀਂ ਰਹੀਆਂ, ਜਿਨ੍ਹਾਂ ਨੂੰ ਰੋਕਣ ’ਚ ਪੰਜਾਬ ਸਰਕਾਰ ਪੂਰੀ ਤਰ੍ਹਾਂ ਅਸਫਲ ਰਹੀ ਹੈ। ਭਾਨੂ ਨੇ ਅੰਤ ’ਚ ਕਿਹਾ ਕਿ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਕੁਸਮ ਦਾ ਸਨਮਾਨ ਸਰਕਾਰ ਵਲੋਂ ਲਾਜ਼ਮੀ ਹੋਵੇਗਾ ਅਤੇ ਜੇਕਰ ਕਿਸੇ ਪ੍ਰਕਾਰ ਤੋਂ ਮੈਡੀਕਲ ਸਹਿਯੋਗ ਤੇ ਕਾਨੂੰਨੀ ਲੜਾਈ ਲੜਨ ’ਚ ਬੱਚੀ ਨੂੰ ਲੋੜ ਹੋਵੇਗੀ ਤਾਂ ਜ਼ਿਲ੍ਹਾ ਅਦਾਲਤ ਨਾਲ ਸੁਪਰੀਮ ਕੋਰਟ ਤਕ ਯੂਥ ਭਾਜਪਾ ਦੀ ਲੀਗਲ ਟੀਮ ਸਹਿਯੋਗ ਕਰੇਗੀ।