ਹੁਣ ਪੰਜਾਬ ''ਚ ਹੋਵੇਗਾ ਸਭ ਤੋਂ ਸਸਤਾ ''ਕੋਰੋਨਾ'' ਟੈਸਟ
Wednesday, Jul 08, 2020 - 05:51 PM (IST)
ਅੰਮ੍ਰਿਤਸਰ (ਦੀਪਕ ਸ਼ਰਮਾ) : ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਸ੍ਰੀ ਅੰਮ੍ਰਿਤਸਰ ਵਿਖੇ ਕੋਰੋਨਾ ਵਾਇਰਸ ਦੀ ਟੈਸਟਿੰਗ ਲਈ ਐੱਨ. ਏ. ਬੀ. ਐੱਲ. ਅਤੇ ਆਈ. ਸੀ. ਐੱਮ. ਆਰ. ਵੱਲੋਂ ਪ੍ਰਮਾਣਿਤ ਮੋਲੀਕਿਊਲਰ ਡਾਇਗਨੋਸਟਿਕ ਲੈਬੋਰਟਰੀ ਦੀ ਸਥਾਪਨਾ ਭਾਈ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਕੀਤੀ ਗਈ ਹੈ। ਲੈਬੋਰਟਰੀ 'ਚ ਥਰਮੋ-ਫਿਸ਼ਰ ਆਰ. ਟੀ.-ਪੀ. ਸੀ. ਆਰ. ਮਸ਼ੀਨ ਉਪਲੱਬਧ ਹੈ। ਉਨ੍ਹਾਂ ਕਿਹਾ ਕਿ ਜਿਥੇ ਸਰਕਾਰ ਨੇ ਕੋਰੋਨਾ ਵਾਇਰਸ ਦੇ ਟੈਸਟ ਲਈ 4500/- ਰੁਪਏ ਕੀਮਤ ਨਿਰਧਾਰਤ ਕੀਤੀ ਹੈ, ਉਥੇ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਟਰੱਸਟ, ਸ੍ਰੀ ਅੰਮ੍ਰਿਤਸਰ ਨੇ ਮਰੀਜ਼ਾਂ ਦੀ ਸਹੂਲਤ ਲਈ ਪ੍ਰਤੀ ਟੈਸਟ ਦੀ ਕੀਮਤ 3500/- ਰੁਪਏ ਨਿਰਧਾਰਤ ਕੀਤੀ ਹੈ। ਉਨ੍ਹਾਂ ਕਿਹਾ ਕਿ ਆਈ ਸੀ. ਐੱਮ. ਆਰ. ਵੱਲੋਂ ਪ੍ਰਮਾਣਿਤ ਐੱਸ. ਡੀ. ਬਾਇਓਸੈਂਸਰ ਕੰਪਨੀ ਦੇ ਐਂਟੀਜਨ ਅਤੇ ਕੋਵਿਡ-ਕਵਚ ਅਲਾਈਜਾ ਆਈ. ਜੀ. ਜੀ. ਦੇ ਐਂਟੀਬਾਡੀ ਟੈਸਟ ਵੀ ਹਸਪਤਾਲ ਵਿਖੇ ਉਪਲੱਬਧ ਹਨ।
ਇਹ ਵੀ ਪੜ੍ਹੋ : ਜਲੰਧਰ ਦਾ 'ਕੋਰੋਨਾ' ਦਾ ਵੱਡਾ ਧਮਾਕਾ, ਫੌਜੀਆਂ ਸਮੇਤ 71 ਦੀ ਰਿਪੋਰਟ ਆਈ ਪਾਜ਼ੇਟਿਵ
ਇਸ ਮੌਕੇ 'ਤੇ ਬੋਲਦਿਆ ਉਪ-ਕੁਲਪਤੀ ਦਲਜੀਤ ਸਿੰਘ, ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਨੇ ਕਿਹਾ ਕਿ ਲੈਬੋਰਟਰੀ ਇੰਡੀਅਨ ਕਾਊਂਸਲ ਆਫ਼ ਮੈਡੀਕਲ ਰਿਸਰਚ ਵੱਲੋਂ ਪ੍ਰਮਾਣਿਤ ਹੈ। ਉਨ੍ਹਾਂ ਕਿਹਾ ਕਿ ਮਰੀਜ਼ ਕੋਰੋਨਾ ਵਾਇਰਸ ਟੈਸਟ ਦੇ ਲਈ ਆਨਲਾਈਨ ਵੀ ਅਪਲਾਈ ਕਰ ਸਕਦਾ ਹੈ, ਆਨ-ਲਾਈਨ ਅਪਲਾਈ ਕਰਨ 'ਤੇ ਮਰੀਜ਼ ਨੂੰ ਈ-ਪਾਸ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦੇ ਇਲਾਜ ਲਈ ਡਾਕਟਰ ਦੀ ਪ੍ਰਿਸਕਪਸ਼ਨ ਵੀ ਜ਼ਰੂਰੀ ਹੋਵੇਗੀ। ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ, ਵੱਲਾ ਵਿਖੇ ਸੈਂਪਲ ਇਕੱਠਾ ਕਰਨ ਵਾਲਾ ਕੇਂਦਰ ਵੀ ਤਿਆਰ ਕੀਤਾ ਗਿਆ ਹੈ, ਜਿਥੇ ਸੁਰੱਖਿਆ ਦੇ ਸਾਰੇ ਮਾਪਦੰਡਾਂ ਦੀ ਪਾਲਣਾ ਕਰਦੇ ਹੋਏ ਪੀ. ਪੀ. ਈ. ਕਿੱਟ ਨਾਲ ਲੈਸ ਹਸਪਤਾਲ ਦਾ ਸਟਾਫ਼ ਮਰੀਜ਼ਾਂ ਦੇ ਸੈਂਪਲ ਲਏਗਾ। ਉਨ੍ਹਾਂ ਕਿਹਾ ਕਿ ਇਲਾਜ ਕਰਵਾਉਣ ਵਾਲੇ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੂੰ ਵੀ ਮਰੀਜ਼ ਦੀ ਕਿਸੇ ਤਰ੍ਹਾਂ ਦੀ ਚਿੰਤਾ ਕਰਨ ਦੀ ਲੋੜ ਨਹੀਂ ਅਤੇ ਉਨ੍ਹਾਂ ਨੂੰ ਆਪਣੀ ਅਤੇ ਪਰਿਵਾਰ ਦੀ ਸੁਰੱਖਿਆ ਲਈ ਸਿਹਤ ਮਹਿਕਮੇ ਵੱਲੋਂ ਜਾਰੀ ਕੀਤੇ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਦੂਸਰੇ ਹਸਪਤਾਲ ਵੀ ਇਹ ਟੈਸਟ ਵੱਲਾ ਹਸਪਤਾਲ ਤੋਂ ਕਰਵਾ ਸਕਦੇ ਹਨ, ਇਸ ਦੇ ਲਈ ਉਹ ਸਰਕਾਰ ਵੱਲੋਂ ਆਰ. ਟੀ.-ਪੀ. ਸੀ.ਆਰ. ਆਨਲਾਈਨ ਐਪ ਰਾਹੀਂ ਸੈਂਪਲ ਭੇਜ ਸਕਦੇ ਹਨ ਪਰ ਪਹਿਲਾਂ ਸੰਸਥਾਂ ਨਾਲ ਇਕ ਵੱਖਰਾ ਐੱਮ. ਓ. ਯੂ. ਸਾਈਨ ਕਰਨਾ ਜ਼ਰੂਰੀ ਹੋਵੇਗਾ।
ਇਹ ਵੀ ਪੜ੍ਹੋ : ਫਿਰੋਜ਼ਪੁਰ 'ਚ ਕੋਰੋਨਾ ਦੇ 10 ਨਵੇਂ ਮਾਮਲੇ ਆਏ ਸਾਹਮਣੇ
ਡਾ. ਏ.ਪੀ. ਸਿੰਘ, ਡੀਨ, ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਨੇ ਕਿਹਾ ਕਿ ਇਸ ਟੈਸਟ 'ਚ ਕੋਰੋਨਾ ਵਾਇਰਸ ਦੇ ਜਨੈਟਿਕ ਮਟੀਰੀਅਲ ਦਾ ਪਤਾ ਲਗਾਇਆ ਜਾਂਦਾ ਹੈ, ਜਿਸ ਦੇ ਲਈ ਨੱਕ ਅਤੇ ਗਲੇ 'ਚੋਂ ਥੁੱਕ ਕੇ ਦੋ ਸੈਂਪਲ ਲਏ ਜਾਂਦੇ ਹਨ। ਇਸ ਟੈਸਟ ਦੇ ਨਾਲ-ਨਾਲ ਹਸਪਤਾਲ ਵੱਲੋਂ ਐਂਟੀਜੇਨ ਟੈਸਟਿੰਗ ਆਈ. ਜੀ. ਜੀ. ਵੀ ਆਰੰਭ ਕੀਤੀ ਗਈ ਹੈ, ਜਿਸ ਨਾਲ ਮਰੀਜ਼ ਦੀ ਰਿਪੋਰਟ ਅੱਧੇ ਘੰਟੇ ਦੇ ਅੰਦਰ ਉਪਲਬਧ ਹੋ ਜਾਂਦੀ ਹੈ। ਇਹ ਡਾਇਗਨੌਸਟਿਕ ਟੈਸਟ ਕੁਝ ਮਿੰਟਾਂ 'ਚ ਹੀ ਉਨ੍ਹਾਂ ਪ੍ਰੋਟੀਨਾਂ ਦਾ ਪਤਾ ਲਗਾ ਲੈਂਦਾ ਹੈ ਜੋ ਕੋਵਿਡ-19 ਵਾਇਰਸ ਦਾ ਹਿੱਸਾ ਹਨ।
ਇਸ ਮੌਕੇ ਭਾਈ ਰਾਜਿੰਦਰ ਸਿੰਘ ਮਹਿਤਾ, ਮੀਤ ਪ੍ਰਧਾਨ, ਐੱਸ. ਜੀ. ਪੀ. ਸੀ. ਅਤੇ ਮੈਂਬਰ ਐੱਸ. ਜੀ. ਆਰ. ਡੀ. ਟਰੱਸਟ, ਗੁਰਬਚਨ ਸਿੰਘ ਕਰਮੂੰਵਾਲਾ, ਮੈਂਬਰ ਐੱਸ. ਜੀ. ਪੀ. ਸੀ ਅਤੇ ਮੈਂਬਰ ਟਰੱਸਟ, ਮੈਂਬਰ ਐੱਸ. ਜੀ. ਪੀ. ਸੀ. ਅਤੇ ਮੈਂਬਰ ਐੱਸ. ਜੀ. ਆਰ. ਡੀ. ਟਰੱਸਟ, ਰੂਪ ਸਿੰਘ ਮੁੱਖ ਸਕੱਤਰ, ਫੈਕਲਟੀ ਮੈਂਬਰ ਅਤੇ ਹੋਰ ਪ੍ਰਮੁੱਖ ਸਖਸ਼ੀਅਤਾਂ ਹਾਜ਼ਰ ਸਨ।