ਪੰਜਾਬ ਦੇ 15 ਜ਼ਿਲ੍ਹਿਆਂ ਲਈ ਅਲਰਟ ਜਾਰੀ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ
Thursday, Nov 28, 2024 - 09:12 AM (IST)
ਲੁਧਿਆਣਾ/ਜਲੰਧਰ (ਵੈੱਬ ਡੈਸਕ/ਪੁਨੀਤ)- ਸੂਬੇ ਵਿਚ ਭਾਵੇਂ ਠੰਡ ਆਪਣਾ ਪੂਰਾ ਜ਼ੋਰ ਨਹੀਂ ਦਿਖਾ ਰਹੀ ਪਰ ਧੁੰਦ ਨੇ ਆਪਣਾ ਜ਼ੋਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ, ਜਿਸ ਕਾਰਨ ਹਾਈਵੇਅ ’ਤੇ ਚੱਲਣ ਵਾਲੇ ਵਾਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਵੇਰੇ ਤੜਕੇ ਪੈ ਰਹੀ ਧੁੰਦ ਕਾਰਨ ਨਾ ਸਿਰਫ਼ ਵਾਹਨਾਂ ਦੀ ਰਫ਼ਤਾਰ ਹੌਲੀ ਹੋ ਰਹੀ ਹੈ, ਸਗੋਂ ਵਿਜ਼ੀਬਿਲਿਟੀ ਵਿਚ ਵੀ ਦਿੱਕਤਾਂ ਆ ਰਹੀਆਂ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਬਿਜਲੀ ਖਪਤਕਾਰਾਂ ਲਈ ਅਹਿਮ ਖ਼ਬਰ, ਦੇਣਾ ਪੈ ਸਕਦੈ ਮੋਟਾ ਜੁਰਮਾਨਾ
ਇਸ ਦੇ ਨਾਲ ਹੀ ਮੌਸਮ ਵਿਭਾਗ ਨੇ 29 ਨਵੰਬਰ ਤੱਕ (2 ਦਿਨਾਂ ਲਈ) ਯੈਲੋ ਅਲਰਟ ਜਾਰੀ ਕੀਤਾ ਹੈ, ਜਿਸ ਦੇ ਮੁਤਾਬਕ ਅਗਲੇ 2-3 ਦਿਨਾਂ ’ਚ ਧੁੰਦ ਦਾ ਕਾਫੀ ਅਸਰ ਪਵੇਗਾ। ਇਸ ਦਾ ਪ੍ਰਭਾਵ ਖਾਸ ਤੌਰ ’ਤੇ ਖੁੱਲ੍ਹੇ ਮੈਦਾਨਾਂ ਅਤੇ ਹਾਈਵੇਅ ’ਤੇ ਜ਼ਿਆਦਾ ਹੋਵੇਗਾ, ਜਦ ਕਿ ਸ਼ਹਿਰੀ ਖੇਤਰਾਂ ’ਚ ਵੀ ਧੁੰਦ ਆਪਣਾ ਅਸਰ ਦਿਖਾ ਰਹੀ ਹੈ। ਇਸ ਕਾਰਨ ਜਨਜੀਵਨ ਪ੍ਰਭਾਵਿਤ ਹੋਣ ਦੇ ਆਸਾਰ ਹਨ ਜਦ ਕਿ ਇਸ ਦਾ ਸਿੱਧਾ ਅਸਰ ਟਰਾਂਸਪੋਰਟ ਸੇਵਾਵਾਂ ’ਤੇ ਦੇਖਣ ਨੂੰ ਮਿਲ ਰਿਹਾ ਹੈ। ਅਲਰਟ ਦੇ 2 ਦਿਨਾਂ ਬਾਅਦ ਵੀ ਧੁੰਦ ਦਿਖਾਈ ਦੇਵੇਗੀ, ਮਾਹਿਰਾਂ ਦਾ ਕਹਿਣਾ ਹੈ ਕਿ ਮੁੱਖ ਤੌਰ ’ਤੇ 3-4 ਦਿਨਾਂ ਬਾਅਦ ਪੰਜਾਬ ਭਰ ’ਚ ਧੁੰਦ ਅਤੇ ਠੰਡ ਦੋਵਾਂ ਦਾ ਅਸਰ ਦੇਖਿਆ ਜਾ ਸਕਦਾ ਹੈ।
ਅੱਜ 15 ਜ਼ਿਲ੍ਹਿਆਂ ਲਈ ਅਲਰਟ ਜਾਰੀ
ਮੌਸਮ ਵਿਭਾਗ ਵੱਲੋਂ ਅੱਜ ਪੰਜਾਬ ਦੇ 15 ਜ਼ਿਲ੍ਹਿਆਂ ਲਈ ਧੁੰਦ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇੱਥੇ ਵਿਜ਼ੀਬਿਲਟੀ 50 ਮੀਟਰ ਤੋਂ ਵੀ ਘੱਟ ਸਕਦੀ ਹੈ। ਮੌਸਮ ਵਿਗਿਆਨ ਕੇਂਦਰ ਮੁਤਾਬਕ ਅੱਜ ਜਲੰਧਰ, ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਮੋਗਾ, ਲੁਧਿਆਣਾ, ਸੰਗਰੂਰ, ਪਟਿਆਲਾ, ਬਠਿੰਡਾ, ਬਰਨਾਲਾ, ਮਾਨਸਾ ਤੇ ਮਾਲੇਰਕੋਟਲਾ ਵਿਚ ਸੰਘਣੀ ਧੁੰਦ ਦੀ ਸੰਭਾਵਨਾ ਹੈ। ਇੱਥੇ ਸੰਘਣੀ ਧੁੰਦ ਦੀ ਚੇਤਾਵਨੀ ਦਿੱਤੀ ਗਈ ਹੈ, ਜਿਸ ਕਾਰਨ ਵਾਹਨ ਚਾਲਕਾਂ ਨੂੰ ਸੜਕਾਂ 'ਤੇ ਆਪਣੀ ਰਫ਼ਤਾਰ ਹੌਲ਼ੀ ਰੱਖਣੀ ਪਵੇਗੀ।
ਇਹ ਖ਼ਬਰ ਵੀ ਪੜ੍ਹੋ - Positive News: ਪਾਸਪੋਰਟ ਬਣਵਾਉਣ ਵਾਲਿਆਂ ਲਈ ਰਾਹਤ ਭਰੀ ਖ਼ਬਰ
ਪਹਾੜੀ ਇਲਾਕਿਆਂ 'ਚ ਬਰਫ਼ਬਾਰੀ ਕਾਰਨ ਸੂਬੇ 'ਚ ਵਧੇਗੀ ਠੰਡ
ਮਾਹਿਰਾਂ ਦਾ ਕਹਿਣਾ ਹੈ ਕਿ ਠੰਢ ਹੌਲੀ-ਹੌਲੀ ਵਧ ਰਹੀ ਹੈ, ਜਿਸ ਕਾਰਨ ਆਉਣ ਵਾਲੇ ਕੁਝ ਦਿਨਾਂ ’ਚ ਤਾਪਮਾਨ 7 ਡਿਗਰੀ ਤੋਂ ਹੇਠਾਂ ਜਾਣ ਦੇ ਆਸਾਰ ਹਨ। ਪਿਛਲੇ 24 ਘੰਟਿਆਂ ਵਿਚ ਪੰਜਾਬ ਦੇ ਤਾਪਮਾਨ ਵਿਚ 1 ਡਿਗਰੀ ਤੇ ਚੰਡੀਗੜ੍ਹ ਵਿਚ 1.5 ਡਿਗਰੀ ਗਿਰਾਵਟ ਦਰਜ ਕੀਤੀ ਗਈ ਹੈ। ਦੂਜੇ ਪਾਸੇ ਪਾਕਿਸਤਾਨ-ਇਰਾਨ ਬਾਰਡਰ 'ਤੇ ਵੈਸਟਰਨ ਡਿਸਟਰਬੈਂਸ ਐਕਟਿਵ ਹੋ ਗਿਆ ਹੈ, ਜਿਸ ਕਾਰਨ 30 ਨਵੰਬਰ ਤੋਂ ਪਹਾੜੀ ਇਲਾਕਿਆਂ ਵਿਚ ਬਾਰਿਸ਼ ਤੇ ਬਰਫ਼ਬਾਰੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਇਸ ਕਾਰਨ ਮੈਦਾਨੀ ਇਲਾਕਿਆਂ ਵਿਚ ਤਾਪਮਾਨ ਹੋਰ ਘੱਟ ਸਕਦਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8