ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ, ਹੈਰਾਨ ਕਰੇਗੀ ਕੇਂਦਰ ਸਰਕਾਰ ਵਲੋਂ ਜਾਰੀ ਕੀਤੀ ਇਹ ਰਿਪੋਰਟ

Friday, Feb 10, 2023 - 06:35 PM (IST)

ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ, ਹੈਰਾਨ ਕਰੇਗੀ ਕੇਂਦਰ ਸਰਕਾਰ ਵਲੋਂ ਜਾਰੀ ਕੀਤੀ ਇਹ ਰਿਪੋਰਟ

ਚੰਡੀਗੜ੍ਹ : ਕੇਂਦਰੀ ਗਰਾਊਂਡ ਵਾਟਰ ਬੋਰਡ ਵੱਲੋਂ ਪੰਜਾਬ ਸੰਬੰਧੀ ਜਾਰੀ ਨਵੀਂ ਰਿਪੋਰਟ ਵਿਚ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਇਸ ਖ਼ੁਲਾਸੇ ਨੇ ਪੰਜਾਬ ਲਈ ਖ਼ਤਰੇ ਦੀ ਘੰਟੀ ਵਜਾ ਦਿੱਤੀ ਹੈ। ਕੇਂਦਰੀ ਗਰਾਊਂਡ ਵਾਟਰ ਬੋਰਡ ਵੱਲੋਂ ਜਾਰੀ ਕੀਤੀ ਗਈ 2022 ਦੀ ਤਾਜ਼ਾ ਰਿਪੋਰਟ ਅਨੁਸਾਰ ਦੇਸ਼ ਭਰ ’ਚੋਂ ਪੰਜਾਬ ਇਕਲੌਤਾ ਸੂਬਾ ਹੈ ਜਿੱਥੇ ਸਾਲਾਨਾ ਸੇਫ਼ ਮਿਕਦਾਰ ਤੋਂ ਕਿਤੇ ਵੱਧ ਧਰਤੀ ਹੇਠੋਂ ਪਾਣੀ ਕੱਢਿਆ ਜਾ ਰਿਹਾ ਹੈ। ਕੇਂਦਰੀ ਰਿਪੋਰਟ ਅਨੁਸਾਰ ਪੰਜਾਬ ਵਿਚ ਧਰਤੀ ਹੇਠਲੇ ਪਾਣੀ ਦਾ ਸਾਲਾਨਾ ਰਿਚਾਰਜ 18.94 ਬਿਲੀਅਨ ਕਿਊਬਿਕ ਮੀਟਰ ਹੈ। ਜੇ ਪੰਜਾਬ ਸਾਲਾਨਾ 17.07 ਬਿਲੀਅਨ ਕਿਊਬਿਕ ਮੀਟਰ ਪਾਣੀ ਧਰਤੀ ਹੇਠੋਂ ਕੱਢਦਾ ਹੈ ਤਾਂ ਸੂਬੇ ਦੇ ਧਰਤੀ ਹੇਠਲੇ ਪਾਣੀ ਸੁਰੱਖਿਅਤ ਜ਼ੋਨ ਵਿਚ ਰਹਿਣਗੇ ਪਰ ਅਸਲ ਵਿਚ ਪੰਜਾਬ ’ਚ ਸਾਲਾਨਾ 28.02 ਬਿਲੀਅਨ ਕਿਊਬਿਕ ਮੀਟਰ ਪਾਣੀ ਧਰਤੀ ਹੇਠੋਂ ਕੱਢਿਆ ਜਾ ਰਿਹਾ ਹੈ। ਭਾਵ ਸਾਲਾਨਾ 10.95 ਬਿਲੀਅਨ ਕਿਊਬਿਕ ਮੀਟਰ ਪਾਣੀ ਵੱਧ ਕੱਢਿਆ ਜਾ ਰਿਹਾ ਹੈ। 

ਇਹ ਵੀ ਪੜ੍ਹੋ : ਕੜਾਕੇ ਦੀ ਠੰਡ ਤੋਂ ਬਾਅਦ ਪੰਜਾਬ ’ਚ ਇਸ ਵਾਰ ਪਵੇਗੀ ਬੇਤਹਾਸ਼ਾ ਗਰਮੀ, ਟੁੱਟਣਗੇ ਸਾਰੇ ਰਿਕਾਰਡ

ਦੇਸ਼ ਭਰ ਦੀ ਗੱਲ ਕਰੀਏ ਤਾਂ ਦੇਸ਼ ਵਿਚੋਂ ਸਾਲਾਨਾ 398.08 ਬਿਲੀਅਨ ਕਿਊਬਿਕ ਮੀਟਰ ਪਾਣੀ ਧਰਤੀ ਹੇਠੋਂ ਕੱਢਿਆ ਜਾ ਸਕਦਾ ਹੈ ਪ੍ਰੰਤੂ ਦੇਸ਼ ਭਰ ’ਚ ਧਰਤੀ ਹੇਠੋਂ ਸਾਲਾਨਾ 239.16 ਬਿਲੀਅਨ ਕਿਊਬਿਕ ਮੀਟਰ ਪਾਣੀ ਹੀ ਕੱਢਿਆ ਜਾ ਰਿਹਾ ਹੈ। ਇਸ ਕਰਕੇ ਇਹ ਕੋਈ ਖ਼ਤਰੇ ਵਾਲੀ ਗੱਲ ਨਹੀਂ ਕਿਉਂਕਿ ਨਿਸ਼ਚਿਤ ਮਿਕਦਾਰ ਤੋਂ ਕਿਤੇ ਘੱਟ ਪਾਣੀ ਦੀ ਨਿਕਾਸੀ ਹੋ ਰਹੀ ਹੈ। ਦੇਸ਼ ਦੇ ਸਿਰਫ਼ ਤਿੰਨ ਸੂਬੇ ਹੀ ਹਨ ਜੋ ਧਰਤੀ ਹੇਠੋਂ ਕਿਤੇ ਵੱਧ ਪਾਣੀ ਕੱਢ ਰਹੇ ਹਨ। ਹਰਿਆਣਾ ਸਾਲਾਨਾ 8.16 ਬਿਲੀਅਨ ਕਿਊਬਿਕ ਮੀਟਰ ਦੀ ਥਾਂ 11.54 ਬਿਲੀਅਨ ਕਿਊਬਿਕ ਮੀਟਰ ਅਤੇ ਰਾਜਸਥਾਨ 10.96 ਬਿਲੀਅਨ ਕਿਊਬਿਕ ਮੀਟਰ ਦੀ ਜਗ੍ਹਾ 16.56 ਬਿਲੀਅਨ ਕਿਊਬਿਕ ਮੀਟਰ ਪਾਣੀ ਦਾ ਧਰਤੀ ਹੇਠੋਂ ਨਿਕਾਸ ਕਰ ਰਿਹਾ ਹੈ। ਦੂਜੇ ਪਾਸੇ ਇਕੱਲਾ ਪੰਜਾਬ ਹੀ ਅਜਿਹਾ ਸੂਬਾ ਹੈ ਜਿਹੜਾ ਬੇਕਿਰਕੀ ਨਾਲ ਧਰਤੀ ਹੇਠੋਂ ਪਾਣੀ ਨਿਕਾਸ ਕਰ ਰਿਹਾ ਹੈ। ਪੰਜਾਬ ’ਚ 28.02 ਬਿਲੀਅਨ ਕਿਊਬਿਕ ਮੀਟਰ ਵਿਚੋਂ ਸਾਲਾਨਾ 26.69 ਬਿਲੀਅਨ ਕਿਊਬਿਕ ਮੀਟਰ (ਬੀਸੀਐਮ) ਸਿੰਜਾਈ, 1.17 ਬੀਸੀਐਮ ਸਾਲਾਨਾ ਘਰੇਲੂ ਵਰਤੋਂ ਅਤੇ 0.16 ਬੀਸੀਐਮ ਸਾਲਾਨਾ ਸਨਅਤੀ ਖੇਤਰ ਲਈ ਪਾਣੀ ਵਰਤਿਆ ਜਾ ਰਿਹਾ ਹੈ। 

ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਸਕੂਲਾਂ ਲਈ ਕੇਂਦਰ ਸਰਕਾਰ ਨੇ ਕੀਤਾ ਵੱਡਾ ਐਲਾਨ

ਪੰਜਾਬ ਵਿਚ ਕਰੀਬ 14.50 ਲੱਖ ਟਿਊਬਵੈੱਲ ਕੁਨੈਕਸ਼ਨ ਹਨ। ਪਾਣੀ ਦੀ ਸਭ ਤੋਂ ਵੱਡੀ ਖਪਤ ਝੋਨੇ ਦੀ ਫ਼ਸਲ ਵਿੱਚ ਹੁੰਦੀ ਹੈ। ਉੱਤਰ ਪ੍ਰਦੇਸ਼ ਸਭ ਤੋਂ ਵੱਡਾ ਸੂਬਾ ਹੈ ਜਿਹੜਾ ਸਾਲਾਨਾ 46.14 ਬਿਲੀਅਨ ਕਿਊਬਿਕ ਮੀਟਰ ਪਾਣੀ ਧਰਤੀ ਹੇਠਾਂ ਤੋਂ ਕੱਢ ਰਿਹਾ ਹੈ ਜਦੋਂ ਕਿ ਇਹ ਸੂਬਾ ਸਾਲਾਨਾ 65.30 ਬਿਲੀਅਨ ਕਿਊਬਿਕ ਮੀਟਰ ਪਾਣੀ ਧਰਤੀ ’ਚੋਂ ਨਿਕਾਸ ਕਰਨ ਦੇ ਯੋਗ ਹੈ। ਸਾਲ 2022 ਦੀ ਰਿਪੋਰਟ ਮੁਤਾਬਿਕ ਪੰਜਾਬ ਵਿਚ 153 ਬਲਾਕਾਂ ਵਿਚੋਂ 117 ਬਲਾਕ ਡਾਰਕ ਜ਼ੋਨ ਵਿਚ ਸ਼ਾਮਿਲ ਹੋ ਗਏ ਹਨ ਜਿੱਥੇ ਸਭ ਤੋਂ ਵੱਧ ਪਾਣੀ ਦੀ ਨਿਕਾਸੀ ਹੋ ਰਹੀ ਹੈ। ਸਿਰਫ਼ 17 ਬਲਾਕ ਹੀ ਸੁਰੱਖਿਅਤ ਜ਼ੋਨ ਵਿਚ ਹਨ। ਸੰਗਰੂਰ ਜ਼ਿਲ੍ਹੇ ਵਿਚ ਸਾਲਾਨਾ 62837 ਬਿਲੀਅਨ ਕਿਊਬਿਕ ਮੀਟਰ ਪਾਣੀ ਕੱਢਿਆ ਜਾ ਸਕਦਾ ਹੈ ਪ੍ਰੰਤੂ ਇਸ ਜ਼ਿਲ੍ਹੇ ਵਿਚ ਤਿੰਨ ਗੁਣਾ ਵੱਧ ਭਾਵ 196452 ਬਿਲੀਅਨ ਕਿਊਬਿਕ ਮੀਟਰ ਪਾਣੀ ਨਿਕਾਸ ਹੋ ਰਿਹਾ ਹੈ। ਜੇ ਜ਼ਿਲ੍ਹਾ ਲੁਧਿਆਣਾ ਦੀ ਗੱਲ ਕਰੀਏ ਤਾਂ ਇਥੇ ਸਾਲਾਨਾ 140280 ਬੀ. ਸੀ. ਐੱਮ. ਦੇ ਮੁਕਾਬਲੇ 302012 ਬੀ. ਸੀ. ਐੱਮ ਪਾਣੀ ਅਤੇ ਬਰਨਾਲਾ ਜ਼ਿਲ੍ਹੇ ਵਿਚ 49602 ਦੀ ਥਾਂ 109237 ਬੀ. ਸੀ. ਐੱਮ. ਪਾਣੀ ਦੀ ਨਿਕਾਸੀ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ : ਕਪੂਰਥਲਾ ਅਗਵਾ ਕਾਂਡ ’ਤੇ ਖ਼ਤਰਨਾਕ ਗੈਂਗਸਟਰ ਅੰਮ੍ਰਿਤ ਬੱਲ ਨੇ ਫੇਸਬੁਕ ’ਤੇ ਪਾਈ ਪੋਸਟ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News