ਸਪੀਕਰ ਰਾਣਾ ਦੀ ਸੰਤੁਸ਼ਟੀ ਤੋਂ ਬਿਨਾਂ 'ਆਪ' ਦੇ ਵਿਧਾਇਕਾਂ ਦੇ ਅਸਤੀਫੇ ਪ੍ਰਵਾਨ ਹੋਣੇ ਔਖੇ

Thursday, Jul 11, 2019 - 10:23 AM (IST)

ਸਪੀਕਰ ਰਾਣਾ ਦੀ ਸੰਤੁਸ਼ਟੀ ਤੋਂ ਬਿਨਾਂ 'ਆਪ' ਦੇ ਵਿਧਾਇਕਾਂ ਦੇ ਅਸਤੀਫੇ ਪ੍ਰਵਾਨ ਹੋਣੇ ਔਖੇ

ਜਲੰਧਰ (ਧਵਨ) - ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਦੀ ਸੰਤੁਸ਼ਟੀ ਤੋਂ ਬਿਨਾਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਅਸਤੀਫੇ ਪ੍ਰਵਾਨ ਹੋਣੇ ਔਖੇ ਲੱਗ ਰਹੇ ਹਨ। ਸਰਕਾਰੀ ਹਲਕਿਆਂ 'ਚ ਕਿਹਾ ਜਾ ਰਿਹਾ ਹੈ ਕਿ ਰਾਣਾ ਨੇ ਭਾਵੇਂ ਰੋਪੜ ਤੋਂ 'ਆਪ' ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੂੰ 20 ਅਗਸਤ ਨੂੰ ਨਿੱਜੀ ਤੌਰ 'ਤੇ ਪੇਸ਼ ਹੋਣ ਲਈ ਕਿਹਾ ਹੈ ਪਰ ਇੰਨੀ ਜਲਦਬਾਜ਼ੀ 'ਚ ਉਨ੍ਹਾਂ ਦਾ ਅਸਤੀਫਾ ਸ਼ਾਇਦ ਹੀ ਪ੍ਰਵਾਨ ਹੋਵੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕ ਸਭਾ ਦੀਆਂ ਚੋਣਾਂ ਸਮੇਂ ਆਮ ਆਦਮੀ ਪਾਰਟੀ ਦੇ 2 ਵਿਧਾਇਕਾਂ ਨੂੰ ਕਾਂਗਰਸ 'ਚ ਸ਼ਾਮਲ ਕਰ ਲਿਆ ਸੀ, ਜਿਨ੍ਹਾਂ ਦੇ ਉਸੇ ਸਮੇਂ ਆਪਣੇ ਅਹੁਦਿਆਂ ਤੋਂ ਅਸਤੀਫੇ ਭੇਜ ਦਿੱਤੇ ਸਨ।

ਸਰਕਾਰੀ ਨਿਯਮਾਂ ਮੁਤਾਬਕ ਜੇ ਕਿਸੇ ਵਿਧਾਇਕ ਨੇ ਆਪਣੀ ਵਿਧਾਇਕੀ ਤੋਂ ਅਸਤੀਫਾ ਦੇਣਾ ਹੁੰਦਾ ਹੈ ਤਾਂ ਉਸ ਨੂੰ ਨਿੱਜੀ ਤੌਰ 'ਤੇ ਸੂਬਾਈ ਵਿਧਾਨ ਸਭਾ ਦੇ ਸਪੀਕਰ ਦੇ ਸਾਹਮਣੇ ਪੇਸ਼ ਹੋਣਾ ਪੈਂਦਾ ਹੈ। ਉਸ ਤੋਂ ਬਾਅਦ ਸਪੀਕਰ ਵਲੋਂ ਇਹ ਫੈਸਲਾ ਲਿਆ ਜਾਂਦਾ ਹੈ ਕਿ ਸਬੰਧਤ ਵਿਧਾਇਕ ਦਾ ਅਸਤੀਫਾ ਪ੍ਰਵਾਨ ਕੀਤਾ ਜਾਏ ਜਾਂ ਨਾ । ਸਪੀਕਰ ਵਲੋਂ ਨਿੱਜੀ ਤੌਰ 'ਤੇ ਪੇਸ਼ ਹੋਣ ਵਾਲੇ ਵਿਧਾਇਕ ਕੋਲੋਂ ਇਕ ਗੱਲ ਪੁੱਛੀ ਜਾਂਦੀ ਹੈ ਕਿ ਕੀ ਉਸ ਨੇ ਅਸਤੀਫਾ ਕਿਸੇ ਦੇ ਦਬਾਅ ਹੇਠ ਆ ਕੇ ਦਿੱਤਾ ਹੈ? ਦੱਸਿਆ ਜਾਂਦਾ ਹੈ ਕਿ ਕੈਪਟਨ ਦੀ ਰਣਨੀਤੀ ਮੁਤਾਬਕ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਅਸਤੀਫੇ ਸ਼ਾਇਦ ਹੀ ਪ੍ਰਵਾਨ ਹੋਣ। ਸਰਕਾਰ ਅਜੇ ਸਿਰਫ ਦੋ ਅਸੈਂਬਲੀ ਹਲਕਿਆਂ ਫਗਵਾੜਾ ਅਤੇ ਜਲਾਲਾਬਾਦ ਤੋਂ ਹੀ ਉਪ ਚੋਣਾਂ ਕਰਵਾਉਣਾ ਚਾਹੁੰਦੀ ਹੈ। ਅਗਲੇ ਪੜਾਅ 'ਚ ਹੀ ਮੁੱਖ ਮੰਤਰੀ ਇਹ ਫੈਸਲਾ ਕਰਨਗੇ ਕਿ ਉਕਤ ਦੋਹਾਂ ਵਿਧਾਇਕਾਂ ਦੇ ਅਸਤੀਫੇ ਕਦੋਂ ਪ੍ਰਵਾਨ ਕੀਤੇ ਜਾਣਗੇ। ਐੱਚ.ਐੱਸ. ਫੂਲਕਾ ਨੇ ਵੀ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਹੋਇਆ ਹੈ ਪਰ ਸਪੀਕਰ ਨੇ ਉਸ ਨੂੰ ਪ੍ਰਵਾਨ ਨਹੀਂ ਕੀਤਾ। ਫੂਲਕਾ ਦੇ ਅਸਤੀਫੇ ਦੀ ਚਿੱਠੀ ਨੂੰ ਨਿਯਮਾਂ ਮੁਤਾਬਕ ਠੀਕ ਨਹੀਂ ਮੰਨਿਆ ਗਿਆ ਸੀ।

ਮਾਨਸਾ ਤੋਂ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਵੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ 'ਚ ਸ਼ਾਮਲ ਹੋਣ ਦਾ ਐਲਾਨ ਕੀਤਾ ਸੀ। ਮਾਨਸ਼ਾਹੀਆ ਨੂੰ 30 ਜੁਲਾਈ ਨੂੰ ਨਿੱਜੀ ਤੌਰ 'ਤੇ ਪੇਸ਼ ਹੋਣ ਲਈ ਸਪੀਕਰ ਨੇ ਕਿਹਾ ਕਿ ਜੇ ਕੋਈ ਹੋਰ ਸਰਕਾਰੀ ਰੁਝੇਵੇਂ ਆ ਗਏ ਤਾਂ ਮਿਤੀਆਂ 'ਚ ਤਬਦੀਲੀ ਹੋ ਸਕਦੀ ਹੈ। ਪਤਾ ਲੱਗਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੀ ਮੌਜੂਦਾ ਹਾਲਤ 'ਚ ਉਪ ਚੋਣਾਂ ਦਾ ਸਾਹਮਣਾ ਕਰਨ ਲਈ ਤਿਆਰ ਨਹੀਂ। ਕੁਲ ਮਿਲਾ ਕਿ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਦੇ ਅਹੁਦੇ 'ਚ ਤਬਦੀਲੀ ਹੋਣ ਦੀ ਕੋਈ ਸੰਭਾਵਨਾ ਨਹੀ। ਇਹ ਅਹੁਦਾ ਅਜੇ ਆਮ ਆਦਮੀ ਪਾਰਟੀ 'ਚ ਰਹਿਣ ਦੀ ਸੰਭਾਵਨਾ ਹੈ ਕਿਉਂਿਕ ਵਿਧਾਨ ਸਭਾ 'ਚ ਉਸ ਦੇ ਵਿਧਾਇਕਾਂ ਦੀ ਗਿਣਤੀ ਅਕਾਲੀ ਦਲ ਨਾਲੋਂ ਵੱਧ ਹੈ।


author

rajwinder kaur

Content Editor

Related News