ਪੰਜਾਬ ਵਿਧਾਨ ਸਭਾ ''ਚ ਇਸ ਮੁੱਦੇ ''ਤੇ ਅੱਜ ਵੀ ਹੋ ਸਕਦਾ ਹੈ ਹੰਗਾਮਾ

Tuesday, Feb 25, 2020 - 09:58 AM (IST)

ਚੰਡੀਗਡ਼੍ਹ, (ਅਸ਼ਵਨੀ)— ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਮੰਗਲਵਾਰ ਨੂੰ ਵੀ ਹੰਗਾਮੇਦਾਰ ਹੋ ਸਕਦਾ ਹੈ। ਬੇਸ਼ੱਕ ਮੁੱਖ ਮੰਤਰੀ ਅਮਰਿੰਦਰ ਸਿੰਘ ਸਦਨ 'ਚ ਜਵਾਬ ਦੇਣਗੇ ਪਰ ਵਿਰੋਧੀ ਧਿਰ ਦੇ ਤੇਵਰ ਨਰਮ ਪੈਣ ਦੀ ਗੁੰਜਾਇਸ਼ ਘੱਟ ਹੈ। ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਪਹਿਲਾਂ ਹੀ ਸਾਫ਼ ਕਰ ਦਿੱਤਾ ਹੈ ਕਿ ਫੂਡ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਡੀ. ਜੀ. ਪੀ. ਦਿਨਕਰ ਗੁਪਤਾ ਨੂੰ ਬਰਖਾਸਤ ਕੀਤਾ ਜਾਵੇ।

 

ਮੰਗਲਵਾਰ ਨੂੰ ਰਾਜਪਾਲ ਦੇ ਭਾਸ਼ਣ 'ਤੇ ਦੁਬਾਰਾ ਤੋਂ ਬਹਿਸ ਦਾ ਸ਼ੁਰੂ ਹੋਣਾ ਹੈ। ਸੋਮਵਾਰ ਨੂੰ ਰਾਜਪਾਲ ਦੇ ਭਾਸ਼ਣ 'ਤੇ ਧੰਨਵਾਦ ਪ੍ਰਸਤਾਵ ਤੋਂ ਬਾਅਦ ਬਹਿਸ ਪ੍ਰਸਤਾਵਿਤ ਸੀ ਪਰ ਪੂਰਾ ਦਿਨ ਵਿਰੋਧ ਹੁੰਦਾ ਰਿਹਾ। ਮੰਨਿਆ ਜਾ ਰਿਹਾ ਹੈ ਕਿ ਮੰਗਲਵਾਰ ਨੂੰ ਵੀ ਸਦਨ ਦੀ ਸ਼ੁਰੂਆਤ ਹੰਗਾਮੇਦਾਰ ਰਹੇਗੀ। ਵਿਰੋਧੀ ਦਲ ਦੇ ਵਿਧਾਇਕਾਂ ਦੀ ਮੰਨੀਏ ਤਾਂ ਸਦਨ ਦੇ ਬਾਹਰ ਅਤੇ ਅੰਦਰ ਦੋਵੇਂ ਪੱਧਰਾਂ 'ਤੇ ਵਿਰੋਧ ਜਤਾਇਆ ਜਾਵੇਗਾ। ਇਸ ਤਰ੍ਹਾਂ ਪ੍ਰਸ਼ਨਕਾਲ 'ਚ ਵੀ ਖਲਲ ਪੈ ਸਕਦਾ ਹੈ।

ਸੋਮਵਾਰ ਨੂੰ ਚੱਲੀ ਬੈਠਕ ਦੌਰਾਨ ਵਿਰੋਧੀ ਧਿਰ ਨੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਡੀ. ਜੀ. ਪੀ. ਦਿਨਕਰ ਗੁਪਤਾ ਨੂੰ ਬਰਖਾਸਤ ਕਰਨ ਦੀ ਮੰਗ ਲਗਾਤਾਰ ਉਠਾਈ। ਵਿਰੋਧੀ ਧਿਰ ਦੇ ਜ਼ੋਰਦਾਰ ਵਿਰੋਧ ਕਾਰਨ ਸਪੀਕਰ ਨੂੰ 3 ਵਾਰ ਸਦਨ ਦੀ ਕਾਰਵਾਈ ਮੁਲਤਵੀ ਕਰਨੀ ਪਈ।

ਹਾਲਾਂਕਿ, ਵਿਰੋਧੀ ਧਿਰ 'ਚ ਬੈਠੀਆਂ ਸਾਰੀਆਂ ਪਾਰਟੀਆਂ ਦਾ ਮੁੱਦਾ ਇਕ ਸੀ ਪਰ ਇਸ ਦੇ ਬਾਵਜੂਦ ਵੀ ਵਿਰੋਧੀ ਧਿਰ 'ਚ ਵਖਰੇਵਾਂ ਵਿਖਾਈ ਦਿੱਤਾ। 'ਆਪ' ਵਿਧਾਇਕ ਜਿੱਥੇ ਸਪੀਕਰ ਦੇ ਆਸਨ ਦੇ ਬਿਲਕੁਲ ਸਾਹਮਣੇ ਨਾਅਰੇਬਾਜ਼ੀ ਕਰਦੇ ਰਹੇ, ਉਥੇ ਹੀ, ਅਕਾਲੀ-ਭਾਜਪਾ ਦੇ ਵਿਧਾਇਕ ਸੱਤਾ ਧਿਰ ਅਤੇ ਵਿਰੋਧੀ ਬੈਂਚਾਂ ਵਿਚਕਾਰ ਮੌਜੂਦ ਖਾਲ੍ਹੀ ਜਗ੍ਹਾ 'ਤੇ ਇਕੱਠੇ ਹੋ ਕੇ ਨਾਅਰੇਬਾਜ਼ੀ 'ਚ ਲੱਗੇ ਰਹੇ। ਲੋਕ ਇਨਸਾਫ ਪਾਰਟੀ ਦੇ ਵਿਧਾਇਕ ਬੈਂਸ ਭਰਾ ਆਪਣੀਆਂ ਸੀਟਾਂ 'ਤੇ ਹੀ ਮੌਜੂਦ ਰਹੇ ਅਤੇ 'ਆਪ' ਬਾਗੀ ਵਿਧਾਇਕ ਸੁਖਪਾਲ ਸਿੰਘ ਖਹਿਰਾ, ਕੰਵਰ ਸੰਧੂ, ਨਾਜਰ ਸਿੰਘ ਮਾਨਸ਼ਾਹੀਆ, ਜਗਦੇਵ ਸਿੰਘ ਕਮਾਲੂ ਤੇ ਪਿਰਮਲ ਸਿੰਘ ਖਾਲਸਾ ਵੀ ਆਪਣੀਆਂ ਸੀਟਾਂ 'ਤੇ ਹੀ ਬੈਠੇ ਰਹੇ।


Related News