ਪੰਜਾਬ ਵਿਧਾਨ ਸਭਾ ਚੋਣਾਂ: ਰੂਪਨਗਰ ’ਚ ਕੁੱਲ 73.6 ਫ਼ੀਸਦੀ ਹੋਈ ਵੋਟਿੰਗ

Sunday, Feb 20, 2022 - 06:17 PM (IST)

ਰੂਪਨਗਰ (ਵਿਜੇ, ਦਲਜੀਤ)- ਪੰਜਾਬ ’ਚ ਅੱਜ 117 ਵਿਧਾਨ ਸਭਾ ਸੀਟਾਂ ’ਤੇ ਵੋਟਾਂ ਪਈਆਂ। ਇਸ ਦੌਰਾਨ ਕਈ ਜ਼ਿਲ੍ਹਿਆਂ ਵਿਚ ਕੁਝ ਅਣਸੁਖਾਵੀਆਂ ਘਟਨਾਵਾਂ ਵੀ ਵਾਪਰੀਆਂ।ਵਿਧਾਨ ਸਭਾ ਚੋਣਾਂ-2022 ਲਈ ਜ਼ਿਲ੍ਹਾ ਰੂਪਨਗਰ ਦੇ ਤਿੰਨੋਂ ਹਲਕਿਆਂ ਸ੍ਰੀ ਅਨੰਦਪੁਰ ਸਾਹਿਬ (49) ਰੂਪਨਗਰ (50) ਅਤੇ ਸ੍ਰੀ ਚਮਕੌਰ ਸਾਹਿਬ ਵਿਚ 73.6 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ। ਜ਼ਿਲ੍ਹਾ ਚੋਣ ਅਫ਼ਸਰ ਸੋਨਾਲੀ ਗਿਰਿ ਨੇ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ ਵਿਚ 73.6, ਰੂਪਨਗਰ 72.9 ਅਤੇ ਸ੍ਰੀ ਚਮਕੌਰ ਸਾਹਿਬ ਵਿਚ ਕਰੀਬ 74.2 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ ਹੈ।

ਇਸ ਮੌਕੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸੋਨਾਲੀ ਗਿਰਿ ਅਤੇ ਐੱਸ. ਐੱਸ. ਪੀ. ਵਿਵੇਕ ਐੱਸ. ਸੋਨੀ ਨੇ ਅਮਨਸ਼ਾਤੀਂ ਨੂੰ ਬਰਕਰਾਰ ਰੱਖਣ ਅਤੇ ਵੱਧ ਚੜ੍ਹ ਕੇ ਵੋਟ ਪਾਉਣ ਲਈ ਸਾਰੀਆਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਚੋਣ ਪ੍ਰਕਿਰਿਆ ਨੂੰ ਮੁਕੰਮਲ ਕੀਤਾ ਗਿਆ ਅਤੇ ਲੋਕਾਂ ਦੇ ਸਹਿਯੋਗ ਨਾਲ ਹੀ ਜ਼ਿਲ੍ਹਾ ਰੂਪਨਗਰ ਵਿਚ ਸ਼ਾਂਤੀਮਈ ਤਰੀਕੇ ਨਾਲ ਚੋਣਾਂ ਕਰਵਾਈਆਂ ਗਈਆਂ ਹਨ। ਸੋਨਾਲੀ ਗਿਰਿ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਲਈ ਡਿਊਟੀ ਨਿਭਾਉਣ ਵਾਲੇ ਅਫ਼ਸਰ ਸਾਹਿਬਾਨ ਅਤੇ ਪੋਲਿੰਗ ਸਟਾਫ਼ ਵੱਲੋਂ ਸ਼ਲਾਘਾਯੋਗ ਸੇਵਾਵਾਂ ਨਿਭਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪੋਲਿੰਗ ਸਟਾਫ਼ ਵਲੋਂ ਚੋਣਾਂ ਲਈ ਅਣਥੱਕ ਮਿਹਨਤ ਕੀਤੀ ਗਈ ਹੈ ਅਤੇ ਬਿਹਤਰੀਨ ਸੇਵਾਵਾਂ ਨਿਭਾਈਆਂ ਗਈਆਂ ਹਨ।

ਇਹ ਵੀ ਪੜ੍ਹੋ: ਚੋਣਾਂ ਤੋਂ ਪਹਿਲਾਂ ਕਾਂਗਰਸ ਛੱਡ ਭਾਜਪਾ 'ਚ ਆਏ ਗੁਰਦੇਵ ਸਿੰਘ ਨਾਮਧਾਰੀ 'ਤੇ ਜਾਨਲੇਵਾ ਹਮਲਾ

ਸੋਨਾਲੀ ਗਿਰਿ ਨੇ ਕਿਹਾ ਕਿ ਜ਼ਿਲ੍ਹੇ ਵਿਚ ਕਿਸੇ ਵੀ ਥਾਂ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ ਅਤੇ ਪੁਲਸ ਅਤੇ ਪੈਰਾ ਮਿਲਟਰੀ ਫੋਰਸ ਦੀ ਕਰਡ਼ੀ ਨਿਗਰਾਨੀ ਹੇਠ ਵੋਟਾਂ ਦਾ ਕੰਮ ਅਮਨ-ਸ਼ਾਂਤੀ ਨਾਲ ਨੇਪਰੇ ਚੜ੍ਹ ਗਿਆ ਹੈ। ਇਸ ਸਮੁੱਚੀ ਵੋਟਿੰਗ ਪ੍ਰਕਿਰਿਆ ਨੂੰ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਜ਼ਿਲ੍ਹਾ ਚੋਣ ਅਫ਼ਸਰ ਅਤੇ ਐੱਸ. ਐੱਸ. ਪੀ. ਨੇ ਵੋਟਰਾਂ, ਰਾਜਸੀ ਪਾਰਟੀਆਂ, ਅਧਿਕਾਰੀਆਂ/ਮੁਲਾਜ਼ਮਾਂ, ਪੁਲਸ ਅਤੇ ਅਰਧ ਸੈਨਿਕ ਬਲਾਂ ਦਾ ਧੰਨਵਾਦ ਕੀਤਾ। ਰੂਪਨਗਰ ਜ਼ਿਲ੍ਹੇ ’ਚ ਕੁੱਲ ਵੋਟਰਾਂ ਦੀ ਗਿਣਤੀ 5,62172 ਸੀ, ਜਿਸ ’ਚ ਸ੍ਰੀ ਅਨੰਦਪੁਰ ਸਾਹਿਬ ਤੋਂ 1, 91727, ਰੂਪਨਗਰ ਹਲਕੇ ਤੋਂ 1,83115 ਅਤੇ ਸ੍ਰੀ ਚਮਕੌਰ ਸਾਹਿਬ ਹਲਕੇ ਤੋਂ 1,97330 ਸੀ, ਜਿਨ੍ਹਾਂ ’ਚੋਂ ਔਰਤਾਂ ਦੀ ਫ਼ੀਸਦੀ ਪੋਲਿੰਗ ਵੋਟ ਮਰਦਾਂ ਦੇ ਮੁਕਾਬਲੇ ਵੱਧ ਰਹੀ ਜਦਕਿ ਨਵੇਂ ਵੋਟਰਾਂ ’ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਜਿਨ੍ਹਾਂ ਵੋਟਰਾਂ ਨੇ ਆਪਣੇ ਮਤਦਾਨ ਕੇਂਦਰ ’ਤੇ ਪਹਿਲੀ ਵੋਟ ਪਾਈ ਉਨ੍ਹਾਂ ਨੂੰ ਉਤਸ਼ਾਹਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਪ੍ਰਸ਼ੰਸਾ ਪੱਤਰ ਵੀ ਦਿੱਤੇ ਗਏ ਹਨ।

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਵਾਰ ਵੋਟਾਂ ਅਮਨ ਅਮਾਨ ਨਾਲ ਪੁਆਉਣ ਲਈ ਉਚੇਚੇ ਪ੍ਰਬੰਧ ਕੀਤੇ ਗਏ ਸਨ। ਜ਼ਿਲ੍ਹੇ ਦੇ ਸਾਰੇ ਮਤਦਾਨ ਕੇਂਦਰਾਂ ’ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚੋਣ ਅਮਲੇ ਲਈ ਭੋਜਨ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ, ਜਿਸ ਲਈ ਸਰਕਾਰੀ ਅਤੇ ਮਾਨਤਾ ਪ੍ਰਾਪਤ ਸਕੂਲਾਂ ’ਚ ਮਿਡ-ਡੇਅ-ਮੀਲ ਸਟਾਫ਼ ਦੀ ਥਾਂ-ਥਾਂ ਤਾਇਨਾਤੀ ਕੀਤੀ ਗਈ ਤਾਂ ਜੋ ਚੋਣ ਸਟਾਫ ਨੂੰ ਚਾਹ ਅਤੇ ਭੋਜਨ ਪ੍ਰਾਪਤ ਕਰਨ ’ਚ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਇਸ ਦੇ ਨਾਲ ਹੀ ਚੋਣ ਅਮਲਾ ਅਤੇ ਪੁਲਸ ਦੇ ਜਵਾਨ ਵੀ ਸ਼ਾਮਲ ਸਨ, ਨੂੰ ਕੱਲ ਦੇਰ ਸ਼ਾਮ ਹੀ ਪੋਲਿੰਗ ਬੂਥਾਂ ’ਤੇ ਭੇਜ ਦਿੱਤਾ ਗਿਆ ਸੀ। ਅੱਜ ਸਵੇਰੇ 7 ਵਜੇ ਤੋਂ ਪਹਿਲਾਂ ਉਮੀਦਵਾਰਾਂ ਦੇ ਪ੍ਰਤੀਨਿਧਾਂ ਦੇ ਸਾਹਮਣੇ ਈ. ਵੀ. ਐੱਮ. ਮਸ਼ੀਨਾਂ ਨੂੰ ਚੈੱਕ ਕਰਵਾਉਣ ਮਗਰੋਂ ਵੋਟਾਂ ਦਾ ਕੰਮ ਸ਼ੁਰੂ ਕੀਤਾ ਗਿਆ। ਪੋਲਿੰਗ ਬੂਥਾਂ ਨੇੜੇ ਵੱਖ-ਵੱਖ ਰਾਜਸੀ ਪਾਰਟੀਆਂ ਵੱਲੋਂ ਵੋਟਰਾਂ ਦੀ ਸੁਵਿਧਾ ਲਈ ਸਟਾਲ ਬਣਾਏ ਗਏ ਸਨ। ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸੋਨਾਲੀ ਗਿਰਿ ਨੇ ਦੱਸਿਆ ਕਿ ਜਿਲ੍ਹੇ ’ਚ ਵੋਟਾਂ ਪੁਵਾਉਣ ਦਾ ਕੰਮ ਸਰਕਾਰੀ ਨਿਯਮਾਂ ਅਨੁਸਾਰ ਪੂਰਾ ਕਰ ਲਿਆ ਗਿਆ ਅਤੇ ਈ. ਵੀ. ਐੱਮ. ਮਸ਼ੀਨਾਂ ਸ੍ਰੀ ਅਨੰਦਪੁਰ ਸਾਹਿਬ, ਰੂਪਨਗਰ ਅਤੇ ਸ੍ਰੀ ਚਮਕੌਰ ਸਾਹਿਬ ਦੇ ਗਿਣਤੀ ਕੇਂਦਰਾਂ ਵਿਖੇ ਪੂਰੇ ਸੁਰੱਖਿਆ ਪ੍ਰਬੰਧਾਂ ਅਧੀਨ ਜਮ੍ਹਾ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਦੀ ਨਿਗਰਾਨੀ ਵਿਸ਼ੇਸ਼ ਪੁਲਸ ਬਲਾਂ ਦੁਆਰਾ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਗੜ੍ਹਸ਼ੰਕਰ ਦੇ ਦੋ ਪਿੰਡਾਂ 'ਚ ਨਹੀਂ ਪਈ ਇਕ ਵੀ ਵੋਟ, ਜਾਣੋ ਕੀ ਰਿਹਾ ਕਾਰਨ

ਵੋਟਰਾਂ ਦੀ ਗਿਣਤੀ ਤਾਂ ਵਧੀ ਪਰ ਰੂਪਨਗਰ ’ਚ 4 ਫ਼ੀਸਦੀ ਵੋਟਾਂ ਪਈਆਂ ਘੱਟ
ਸਾਲ 2017 ’ਚ ਰੂਪਨਗਰ ਵਿਧਾਨ ਸਭਾ ਖੇਤਰ ’ਚ 76.7 ਫ਼ੀਸਦੀ ਵੋਟਾਂ ਪੋਲ ਹੋਈਆਂ ਸਨ ਜਦਕਿ 2022 ’ਚ ਇਸ ਸਾਲ ਲਗਭਗ 72 ਫ਼ੀਸਦੀ ਵੋਟਾਂ ਪੋਲ ਹੋਈਆਂ, ਜੋ ਪਿਛਲੀ ਵਿਧਾਨ ਸਭਾ ਚੋਣਾਂ ਨਾਲੋਂ ਲਗਭਗ 4 ਫ਼ੀਸਦੀ ਵੋਟਾਂ ਘੱਟ ਹਨ ਜਦੋਂ ਕਿ ਪਿਛਲੇ ਸਾਲ ਨਾਲੋਂ ਵੋਟਰਾਂ ਦੀ ਗਿਣਤੀ ਵਧੀ ਹੈ, ਜੋਕਿ ਬਹੁਤ ਹੀ ਹੈਰਾਨੀਜਨਕ ਗੱਲ ਹੈ ਅਤੇ ਰਾਜਨੀਤਕ ਮਾਹਿਰਾਂ ਵੱਲੋਂ ਹੈਰਾਨੀ ਪ੍ਰਗਟ ਕੀਤੀ ਜਾ ਰਹੀ ਹੈ।

ਪਹਿਲੀ ਪੋਲਿੰਗ ਪਾਰਟੀ ਦਾ ਰਿਟਰਨਿੰਗ ਅਫ਼ਸਰ ਜੌਹਲ ਵਲੋਂ ਫੁੱਲਾਂ ਨਾਲ ਸਵਾਗਤ
ਸਬ ਡਿਵੀਜ਼ਨਲ ਮੈਜਿਸਟ੍ਰੇਟ-ਕਮ-ਰਿਟਰਨਿੰਗ ਅਫ਼ਸਰ ਗੁਰਵਿੰਦਰ ਜੌਹਲ ਨੇ ਸਰਕਾਰੀ ਕਾਲਜ ਰੂਪਨਗਰ ਵਿਖੇ ਬਣਾਏ ਗਏ ਸਟ੍ਰਾਂਗ ਰੂਮ ਵਿਖੇ ਈ. ਵੀ. ਐੱਮ. ਨਾਲ ਪਹੁੰਚੀ ਪਹਿਲੀ ਪੋਲਿੰਗ ਪਾਰਟੀ ਦਾ ਫੁੱਲਾਂ ਨਾਲ ਸਵਾਗਤ ਕੀਤਾ। ਗੁਰਵਿੰਦਰ ਜੌਹਲ ਨੇ ਕਿਹਾ ਵਿਧਾਨ ਸਭਾ ਹਲਕਾ ਰੂਪਨਗਰ ਵਿਚ ਤਾਇਨਾਤ ਪੋਲਿੰਗ ਪਾਰਟੀਆਂ ਵਲੋਂ ਚੋਣ ਪ੍ਰਕਿਰਿਆ ਦੌਰਾਨ ਸਖਤ ਮਿਹਨਤ ਕੀਤੀ ਗਈ ਹੈ, ਜਿਸ ਸਦਕਾ ਹੀ ਅੱਜ ਇਹ ਚੋਣਾਂ ਸ਼ਾਂਤੀਮਈ ਢੰਗ ਨਾਲ ਮੁਕੰਮਲ ਹੋਈਆਂ ਹਨ। ਉਨ੍ਹਾਂ ਕਿਹਾ ਵੋਟਰਾਂ ਨੇ ਆਪਣੀ ਵੋਟ ਦੇ ਅਧਿਕਾਰ ਦੇ ਵਰਤੋਂ ਕਰਕੇ ਇਕ ਅਹਿਮ ਰੋਲ ਅਦਾ ਕੀਤਾ ਹੈ

ਪਹਿਲੀ ਵੋਟ ਪਾਉਣ ’ਤੇ ਮਹਿਲਾ ਨੂੰ ਕੀਤਾ ਸਨਮਾਨਤ
ਰੂਪਨਗਰ ਸਥਿਤ ਇਕ ਪੋਲਿੰਗ ਬੂਥ ’ਤੇ ਅੱਜ ਸਵੇਰੇ 8 ਵਜੇ ਮਹਿਲਾ ਨੇ ਪਹਿਲੀ ਵੋਟ ਪੋਲ ਕੀਤੀ, ਜਿਸ ’ਤੇ ਪੋਲਿੰਗ ਸਟਾਫ਼ ਦੁਆਰਾ ਮਹਿਲਾ ਨੂੰ ਸਨਮਾਨਤ ਕੀਤਾ ਗਿਆ।
ਜਾਣੋ ਕਿੰਨੇ ਫ਼ੀਸਦੀ ਹੋਈ ਵੋਟਿੰਗ 
ਆਨੰਦਪੁਰ ਸਾਹਿਬ-73.6 ਫ਼ੀਸਦੀ 
ਚਮਕੌਰ ਸਾਹਿਬ-74.2 ਫ਼ੀਸਦੀ
ਰੂਪਨਗਰ-72.9
ਫ਼ੀਸਦੀ

 ਇਹ ਵੀ ਪੜ੍ਹੋ: ਟਾਂਡਾ ਵਿਖੇ ਫੇਰੇ ਲੈਣ ਤੋਂ ਪਹਿਲਾਂ ਲਾੜਾ-ਲਾੜੀ ਨੇ ਵੋਟ ਦੇ ਹੱਕ ਦਾ ਕੀਤਾ ਇਸਤੇਮਾਲ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News