ਜਲੰਧਰ ਜ਼ਿਲ੍ਹੇ ਨੇ ਪੰਜਾਬ ’ਚ ਕਾਂਗਰਸ ਦੀ ਲਾਜ ਬਚਾਈ, ਦੋਆਬਾ ’ਚ ‘ਆਪ’ ਨੇ ਜਮਾਈਆਂ ਜੜ੍ਹਾਂ

03/11/2022 11:19:36 AM

ਜਲੰਧਰ (ਧਵਨ)- ਪੰਜਾਬ ’ਚ ਵਧੇਰੇ ਜ਼ਿਲ੍ਹਿਆਂ ’ਚ ਜਿੱਥੇ ਕਾਂਗਰਸ ਨੂੰ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ, ਉਥੇ ਦੂਜੇ ਪਾਸੇ ਜ਼ਿਲ੍ਹਾ ਜਲੰਧਰ ਨੇ ਪੰਜਾਬ ’ਚ ਕਾਂਗਰਸ ਦੀ ਲਾਜ ਰੱਖੀ ਹੈ। ਜਲੰਧਰ ਜ਼ਿਲ੍ਹੇ ’ਚ ਕੁਲ 9 ਸੀਟਾਂ ਪੈਂਦੀਆਂ ਹਨ, ਜਿਨ੍ਹਾਂ ਵਿਚੋਂ ਕਾਂਗਰਸ 5 ਸੀਟਾਂ ’ਤੇ ਜਿੱਤ ਹਾਸਲ ਕਰਨ ਵਿਚ ਸਫ਼ਲ ਰਹੀ ਹੈ। ਕਾਂਗਰਸ ਵੱਲੋਂ ਜਲੰਧਰ ਪੱਛਮੀ ਤੋਂ ਉਮੀਦਵਾਰ ਬਾਵਾ ਹੈਨਰੀ, ਜਲੰਧਰ ਕੈਂਟ ਤੋਂ ਪਰਗਟ ਸਿੰਘ, ਆਦਮਪੁਰ ਤੋਂ ਸੁਖਵਿੰਦਰ ਕੋਟਲੀ, ਫਿਲੌਰ ਤੋਂ ਵਿਕਰਮਜੀਤ ਸਿੰਘ ਚੌਧਰੀ ਅਤੇ ਸ਼ਾਹਕੋਟ ਤੋਂ ਹਰਦੇਵ ਸਿੰਘ ਲਾਡੀ ਚੋਣ ਜਿੱਤਣ ’ਚ ਸਫ਼ਲ ਰਹੇ ਹਨ।

PunjabKesari

'ਆਪ' ਨੇ ਜਿੱਤੀਆਂ ਚਾਰ ਸੀਟਾਂ
ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਵੀ 4 ਸੀਟਾਂ ’ਤੇ ਕਬਜ਼ਾ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਇਨ੍ਹਾਂ ਸੀਟਾਂ ਵਿਚੋਂ ਜਲੰਧਰ ਕੇਂਦਰੀ, ਜਲੰਧਰ ਪੱਛਮੀ, ਕਰਤਾਰਪੁਰ ਅਤੇ ਨਕੋਦਰ ਸ਼ਾਮਲ ਹਨ। ਦੋਆਬਾ ਜੋ ਆਮ ਤੌਰ ’ਤੇ ਕਾਂਗਰਸ ਦਾ ਗੜ੍ਹ ਮੰਨਿਆ ਜਾਂਦਾ ਹੈ, ਵਿਖੇ ਆਮ ਆਦਮੀ ਪਾਰਟੀ ਵੀ ਆਪਣੀ ਜੜ੍ਹਾਂ ਜਮਾਉਣ ’ਚ ਸਫ਼ਲ ਹੋ ਗਈ ਹੈ। ਬੀਤੇ ਸਮੇਂ ’ਚ ਦੋਆਬਾ ’ਚ ਕਾਂਗਰਸ ਦਾ ਮੁਕਾਬਲਾ ਅਕਾਲੀ ਦਲ ਜਾਂ ਭਾਜਪਾ ਨਾਲ ਹੋਇਆ ਕਰਦਾ ਸੀ। ਇਸ ਵਾਰ ਅਕਾਲੀ ਦਲ ਦੋਆਬਾ ’ਚ ਵੀ ਆਪਣੀ ਲਾਜ ਨਹੀਂ ਬਚਾ ਸਕਿਆ। ਅਕਾਲੀ ਦਲ ਕੋਲੋਂ ਉਸ ਦੀਆਂ ਰਵਾਇਤੀ ਸੀਟਾਂ ਆਦਮਪੁਰ ਅਤੇ ਨਕੋਦਰ ਆਦਿ ਖ਼ੁਸ ਗਈਆਂ ਹਨ।

ਇਹ ਵੀ ਪੜ੍ਹੋ: ਸ੍ਰੀ ਚਮਕੌਰ ਸਾਹਿਬ ਤੇ ਭਦੌੜ ਦੋਵੇਂ ਸੀਟਾਂ ਹਾਰ ਗਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ

PunjabKesari

ਦੋਆਬਾ 'ਚ 23 ਸੀਟਾਂ 'ਚੋਂ 10 ਸੀਟਾਂ ਜਿੱਤੀ 'ਆਪ', 9 'ਤੇ ਕਾਂਗਰਸ, ਭਾਜਪਾ ਨੂੰ 1 ਤੇ ਬਸਪਾ ਨੂੰ ਮਿਲੀ ਇਕ ਸੀਟ
ਆਦਮਪੁਰ ’ਚ ਪਹਿਲੀ ਵਾਰ ਚੋਣ ਮੈਦਾਨ ’ਚ ਉਤਰੇ ਕਾਂਗਰਸ ਦੇ ਉਮੀਦਵਾਰ ਸੁਖਵਿੰਦਰ ਸਿੰਘ ਕੋਟਲੀ ਨੇ ਅਕਾਲੀ ਦਲ ਦੇ ਪਵਨ ਕੁਮਾਰ ਟੀਨੂ ਨੂੰ ਹਰਾਇਆ। ਸੁਖਵਿੰਦਰ ਕੋਟਲੀ ਨੂੰ ਕਾਂਗਰਸ ਨੇ ਬਹੁਜਨ ਸਮਾਜ ਪਾਰਟੀ ਵਿਚੋਂ ਕਾਂਗਰਸ ’ਚ ਸ਼ਾਮਲ ਕੀਤਾ ਸੀ। ਦੋਆਬਾ ’ਚ 23 ਸੀਟਾਂ ’ਚੋਂ ਆਮ ਆਦਮੀ ਪਾਰਟੀ 10 ਸੀਟਾਂ ਜਿੱਤਣ ’ਚ ਸਫ਼ਲ ਹੋ ਗਈ। ਕਾਂਗਰਸ 9 ਸੀਟਾਂ ’ਤੇ ਸਿਮਟ ਕੇ ਰਹਿ ਗਈ। ਅਕਾਲੀ ਦਲ ਨੂੰ 1, ਭਾਜਪਾ ਨੂੰ 1, ਬਸਪਾ ਨੂੰ 1 ਸੀਟ ’ਚ ਜਿੱਤ ਹਾਸਲ ਹੋਈ ਜਦੋਂਕਿ ਇਕ ਸੀਟ ’ਤੇ ਆਜ਼ਾਦ ਉਮੀਦਵਾਰ ਚੋਣ ਜਿੱਤਣ ’ਚ ਸਫ਼ਲ ਰਿਹਾ। ਸਪੱਸ਼ਟ ਸੀ ਕਿ ਜਿਹੜੀ ਹਵਾ ਮਾਲਵਾ ਖੇਤਰ ’ਚ ਆਮ ਆਦਮੀ ਪਾਰਟੀ ਦੇ ਹੱਕ ’ਚ ਚੱਲ ਰਹੀ ਸੀ, ਉਸ ਦਾ ਅਸਰ ਦੋਆਬਾ ਅਤੇ ਮਾਝਾ ਖੇਤਰ ’ਚ ਵੀ ਵੇਖਣ ਨੂੰ ਮਿਲਿਆ। ਦੋਆਬਾ ’ਚ ‘ਆਪ’ ਦੇ ਹੱਕ ’ਚ ਚੱਲ ਰਹੀ ਅੰਦਰੂਨੀ ਲਹਿਰ ਨੂੰ ਸਮਝਣ ’ਚ ਵੱਖ-ਵੱਖ ਏਜੰਸੀਆਂ ਵੀ ਫੇਲ ਹੋ ਗਈਆਂ। ਵੱਖ-ਵੱਖ ਕੇਂਦਰੀ ਏਜੰਸੀਆਂ ਵੀ ਦੋਆਬਾ ਖੇਤਰ ’ਚ ਆਮ ਆਦਮੀ ਪਾਰਟੀ ਨੂੰ ਸਿਰਫ਼ 3 ਸੀਟਾਂ ਦੇ ਰਹੀਆਂ ਸਨ ਪਰ ਆਮ ਆਦਮੀ ਪਾਰਟੀ ਹੈਰਾਨੀਜਨਕ ਨਤੀਜੇ ਦੇਣ ’ਚ ਸਫ਼ਲ ਰਹੀ।

PunjabKesari

ਇਹ ਵੀ ਪੜ੍ਹੋ:  ਭਦੌੜ ਹਲਕੇ ਤੋਂ ਵੱਡੇ ਫਰਕ ਨਾਲ ਹਾਰੇ CM ਚਰਨਜੀਤ ਸਿੰਘ ਚੰਨੀ, ‘ਆਪ’ ਉਮੀਦਵਾਰ ਲਾਭ ਸਿੰਘ ਰਹੇ ਜੇਤੂ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News