ਪੰਜਾਬ ਵਿਧਾਨ ਸਭਾ ਚੋਣਾਂ: ਤਾਂ ਕੀ ਕਾਂਗਰਸ ਤੇ ਭਾਜਪਾ ਦਾ ਇਹ ਦਾਅ ਹੋ ਗਿਆ ਹੈ ਫਲਾਪ ?

Wednesday, Mar 09, 2022 - 04:27 PM (IST)

ਪੰਜਾਬ ਵਿਧਾਨ ਸਭਾ ਚੋਣਾਂ: ਤਾਂ ਕੀ ਕਾਂਗਰਸ ਤੇ ਭਾਜਪਾ ਦਾ ਇਹ ਦਾਅ ਹੋ ਗਿਆ ਹੈ ਫਲਾਪ ?

ਜਲੰਧਰ (ਜਗ ਬਾਣੀ ਟੀਮ)- ਪੰਜਾਬ ’ਚ ਹੋਈਆਂ ਚੋਣਾਂ ਪਿਛੋਂ ਜਾਰੀ ਐਗਜ਼ਿਟ ਪੋਲ ਜਿਸ ਤਰ੍ਹਾਂ ਦੀ ਸੰਭਾਵਨਾ ਪ੍ਰਗਟਾ ਰਹੇ ਹਨ, ਨੂੰ ਵੇਖਦਿਆਂ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਪੰਜਾਬ ’ਚ ਕਾਂਗਰਸ ਦਾ ਅਨੂਸੁਚਿਤ ਕਾਰਡ ਅਤੇ ਭਾਜਪਾ ਦਾ ਪੀ. ਐੱਮ. ਮੋਦੀ ਦੀ ਸੁਰੱਖਿਆ ਬਾਰੇ ਦਾਅ ਫਲਾਪ ਹੋ ਗਏ ਹਨ ਅਤੇ ਲੋਕਾਂ ਨੇ ਇਸ ਵੱਲ ਬਿਲਕੁਲ ਧਿਆਨ ਨਹੀਂ ਦਿੱਤਾ। ਪੰਜਾਬ ’ਚ ਲੋਕ ਸ਼ਾਇਦ ਇਸ ਵਾਰ ਤਬਦੀਲੀ ਦੇ ਮੂਡ ’ਚ ਸਨ, ਇਸ ਲਈ ਐਗਜ਼ਿਟ ਪੋਲ ’ਚ ਜੋ ਅੰਕੜੇ ਸਾਹਮਣੇ ਆਏ, ਉਹ ਕਾਫ਼ੀ ਹੈਰਾਨ ਕਰਨ ਵਾਲੇ ਹਨ।

ਕਾਂਗਰਸ ਦਾ ਅਨੂਸੂਚਿਤ ਜਾਤੀ ਦਾ ਕਾਰਡ
ਪੰਜਾਬ ’ਚ ਕਾਂਗਰਸ ਨੇ ਚੋਣਾਂ ਤੋਂ 111 ਦਿਨ ਪਹਿਲਾਂ ਮੁੱਖ ਮੰਤਰੀ ਦਾ ਚਿਹਰਾ ਬਦਲ ਕੇ ਦਲਿਤ ਨੇਤਾ ਚਰਨਜੀਤ ਸਿੰਘ ਚੰਨੀ ਨੂੰ ਅੱਗੇ ਲਿਆਂਦਾ ਅਤੇ ਪੰਜਾਬ ’ਚ ਨਵੀਂ ਸਿਆਸਤ ਦੀ ਸ਼ੁਰੂਆਤ ਕੀਤੀ। ਕਾਂਗਰਸ ਦਾ ਇਹ ਤਜਰਬਾ ਸੀ ਅਤੇ ਪਹਿਲੀ ਵਾਰ ਕਿਸੇ ਦਲਿਤ ਨੂੰ ਮੁੱਖ ਮੰਤਰੀ ਬਣਾ ਕੇ ਸੂਬੇ ’ਚ 32 ਫੀਸਦੀ ਦਲਿਤ ਵੋਟ ਬੈਂਕ ਨੂੰ ਖਿੱਚਣ ਦੀ ਕੋਸ਼ਿਸ਼ ਕੀਤੀ। ਪੰਜਾਬ ਦੇ ਦੌਰੇ ਦੌਰਾਨ ਵੀ ਰਾਹੁਲ ਗਾਂਧੀ ਨੇ ਚੰਨੀ ਨੂੰ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਐਲਾਨ ਕੇ ਇਕ ਵਾਰ ਦੋਬਾਰਾ ਅਨੂਸੁਚਿਤ ਜਾਤੀ ਦੇ ਵੋਟ ਬੈਂਕ ਨੂੰ ਆਪਣੇ ਹੱਕ ’ਚ ਕਰਨ ਦੀ ਕੋਸ਼ਿਸ਼ ਕੀਤੀ। ਉਂਝ ਪੰਜਾਬ ਦਾ ਦਲਿਤ ਵੋਟ ਵਧੇਰੇ ਕਰ ਕੇ ਪਹਿਲਾਂ ਵੀ ਕਾਂਗਰਸ ਦੇ ਹੱਕ ’ਚ ਹੀ ਰਿਹਾ ਹੈ ਪਰ ਐਗਜ਼ਿਟ ਪੋਲ ਦੇ ਜੋ ਨਤੀਜੇ ਸਾਹਮਣੇ ਆ ਰਹੇ ਹਨ, ਉਸ ’ਚ ਕਾਂਗਰਸ ਦਾ ਇਹ ਤਜਰਬਾ ਫੇਲ ਹੁੰਦਾ ਨਜ਼ਰ ਆ ਰਿਹਾ ਹੈ। ਇਸ ਪਿਛੇ ਕਈ ਕਾਰਨ ਹੋਣਗੇ, ਜਿਨਾਂ ਸਬੰਧੀ ਨਤੀਜਿਆਂ ਤੋਂ ਬਾਅਦ ਹੀ ਚਰਚਾ ਕੀਤੀ ਜਾ ਸਕਦੀ ਹੈ। ਕਾਂਗਰਸ ਨੂੰ ਜੇ ਐਗਜ਼ਿਟ ਪੋਲ ਮੁਤਾਬਕ ਸੀਟਾਂ ਮਿਲਦਿਆਂ ਹਨ ਅਤੇ ਸਰਕਾਰ ਬਣਾਉਣ ’ਚ ਪਾਰਟੀ ਨਾਕਾਮ ਰਹਿੰਦੀ ਹੈ ਤਾਂ ਉਸ ਪਿਛੇ ਇਕ ਵੱਡਾ ਕਾਰਨ ਕਾਂਗਰਸ ਦੇ ਮੁੱਖ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਅਤੇ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਰਮਿਆਨ ਟਸਲ ਵੀ ਹੋ ਸਕਦੀ ਹੈ। ਪਾਰਟੀ ਦੋ ਗਰੁੱਪਾਂ ’ਚ ਵੰਡੀ ਗਈ, ਜਿਸ ਕਾਰਨ ਪਾਰਟੀ ਨੂੰ ਇਹ ਨੁਕਸਾਨ ਹੁੰਦਾ ਨਜ਼ਰ ਆ ਰਿਹਾ ਹੈ।

ਇਹ ਵੀ ਪੜ੍ਹੋ: ਤਾਂ ਕੀ ਪੰਜਾਬ ’ਚ ਪਹਿਲੀ ਵਾਰ ਬਣੇਗੀ ਗੈਰ ਪੰਥਕ ਪਾਰਟੀ ਦੀ ਸਰਕਾਰ?

ਪੰਜਾਬ ’ਚ ਅਨੂਸੂਚਿਤ ਜਾਤੀ ਦਾ ਵੋਟ ਫੈਕਟਰ
ਪੰਜਾਬ ’ਚ ਕੁਲ ਆਬਾਦੀ ਦਾ ਲੱਗਭਗ 32 ਫੀਸਦੀ ਦਲਿਤ ਵੋਟ ਬੈਂਕ ਹੈ ਪਰ ਕਦੇ ਵੀ ਇਹ ਵੋਟ ਬੈਂਕ ਫੈਕਟਰ ਨਹੀਂ ਬਣ ਸਕਿਆ। ਜਿਸ ਤਰ੍ਹਾਂ ਉੱਤਰ ਪ੍ਰਦੇਸ਼ ਅਤੇ ਬਿਹਾਰ ’ਚ ਦਲਿਤ ਵੋਟ ਇਕਮੁੱਠ ਹਨ, ਉਹੋ ਜਿਹੀ ਇਕਮੁੱਠਤਾ ਪੰਜਾਬ ’ਚ ਨਜ਼ਰ ਨਹੀਂ ਆਉਂਦੀ। ਪੰਜਾਬ ’ਚ ਦਲਿਤਾਂ ਵਿਚੋਂ ਲੱਗਭਗ 26 ਫ਼ੀਸਦੀ ਮਜ਼ਹਬੀ ਸਿੱਖ ਹਨ। 20 ਫ਼ੀਸਦੀ ਦੇ ਲੱਗਭਗ ਰਵੀਦਾਸੀਆ ਵੋਟਰ ਹਨ। ਇਸ ਤੋਂ ਇਲਾਵਾ ਵਾਲਮਿਕ ਵੋਟਰ ਵੀ ਹਨ। ਇਹ ਸਭ ਵੱਖ-ਵੱਖ ਵੰਡੇ ਹੋਏ ਹਨ। ਆਪਣੇ-ਆਪਣੇ ਮੁੱਦਿਆ ਨੂੰ ਲੈ ਕੇ ਦਲਿਤ ਵਰਗ ਵੰਡਿਆ ਹੋਇਆ ਹੈ। ਉੱਪਰ ਤੋਂ ਪੰਜਾਬ ਦੇ ਦਲਿਤ ਯੂ. ਪੀ. ਅਤੇ ਬਿਹਾਰ ਦੇ ਮੁਕਾਬਲੇ ਆਰਥਿਕ ਪੱਖੋਂ ਵਧੇਰੇ ਮਜ਼ਬੂਤ ਹਨ। ਦੋਆਬਾ ਖੇਤਰ ਦੇ ਕਈ ਇਲਾਕਿਆਂ ’ਚ ਤਾਂ ਅਨੂਸੂਚਿਤ ਜਾਤੀ ਦਾ ਪਰਿਵਾਰ ਵਿਦੇਸ਼ਾਂ ’ਚ ਵੀ ਜਾ ਵਸੇ ਹਨ। ਇਸ ਤੋਂ ਇਲਾਵਾ ਜਲੰਧਰ, ਫਗਵਾੜਾ ਅਤੇ ਆਸ-ਪਾਸ ਦੇ ਕਈ ਇਲਾਕਿਆਂ ’ਚ ਕਈ ਵੱਡੇ ਹੋਟਲ ਮਾਲਕ ਅਤੇ ਵਪਾਰੀ ਦਲਿਤ ਸਮਾਜ ਵਿਚੋਂ ਹਨ। ਇਹ ਵਿਅਕਤੀ ਆਪਣੇ-ਆਪ ਨੂੰ ਮਾਣ ਨਾਲ ਅਨੂਸੁਚਿਤ ਭਾਈਚਾਰਾ ਕਹਾਉਂਦੇ ਹਨ। ਕਾਂਗਰਸ ਦਾ ਅਨੂਸੁਚਿਤ ਜਾਤੀ ਦਾ ਕਾਰਡ ਸ਼ਾਇਦ ਇਸੇ ਕਾਰਨ ਫਲਾਪ ਹੋ ਗਿਆ ਹੈ।

ਇਹ ਵੀ ਪੜ੍ਹੋ: ਪੰਜਾਬ ਵਿਧਾਨ ਸਭਾ ਚੋਣਾਂ: ਐਗਜ਼ਿਟ ਪੋਲ ਅਨੁਸਾਰ ਆਏ ਨਤੀਜੇ ਤਾਂ ਪੰਜਾਬ ’ਚ ਫੇਲ ਸਾਬਿਤ ਹੋਵੇਗਾ ਡੇਰਾ ਫੈਕਟਰ

ਭਾਜਪਾ ਦਾ ਪੀ. ਐੱਮ. ਸੁਰੱਖਿਆ ਬਾਰੇ ਦਾਅ
ਪੰਜਾਬ ’ਚ ਫ਼ਿਰੋਜ਼ਪੁਰ ਵਿਖੇ ਰੈਲੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਏ ਤਾਂ ਉਨ੍ਹਾਂ ਦੇ ਕਾਫਲੇ ਨੂੰ ਰੋਕੇ ਜਾਣ ਦੇ ਨਾਂ ’ਤੇ ਪੰਜਾਬ ’ਚ ਭਾਜਪਾ ਨੇ ਇਸ ਮੁੱਦੇ ਨੂੰ ਖੂਬ ਉਛਾਲਿਆ। ਕਈ ਲੋਕਾਂ ਨੇ ਲਾਈਵ ਵੀਡੀਓ ਤਾਂ ਕੁਝ ਨੇ ਸੋਸ਼ਲ ਮੀਡੀਆ ’ਤੇ ਇਸ ਮਾਮਲੇ ਨੂੰ ਕੌਮੀ ਸੁਰੱਖਿਆ ਨਾਲ ਜੋੜ ਦਿੱਤਾ। ਖੁਦ ਪ੍ਰਧਾਨ ਮੰਤਰੀ ਮੋਦੀ ਨੇ ਇਸ ਸਬੰਧੀ ਕੁਝ ਨਹੀਂ ਕਿਹਾ ਪਰ ਭਾਜਪਾ ਚੋਣਾਂ ਦੌਰਾਨ ਇਸ ਮੁੱਦੇ ਨੂੰ ਕੈਸ਼ ਕਰਨ ’ਚ ਜੁਟੀ ਰਹੀ। ਦੂਜੀ ਵਾਰ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਆਏ ਤਾਂ ਉਨ੍ਹਾਂ ਕਿਹਾ ਕਿ ਉਹ ਮੰਦਰ ਜਾਣਾ ਚਾਹੁੰਦੇ ਹਨ ਪਰ ਉਨ੍ਹਾਂ ਨੂੰ ਸੁਰੱਖਿਆ ਨਹੀਂ ਦਿੱਤੀ ਗਈ। ਇਸ ਮੁੱਦੇ ਨੂੰ ਵੀ ਬਹੁਤ ਉਛਾਲਿਆ ਗਿਆ ਪਰ ਪੰਜਾਬ ਦੇ ਲੋਕਾਂ ’ਤੇ ਸ਼ਾਇਦ ਇਨ੍ਹਾਂ ਗੱਲਾਂ ਦਾ ਕੁਝ ਖ਼ਾਸ ਫਰਕ ਨਹੀਂ ਪਿਆ। ਇਸੇ ਲਈ ਉਨ੍ਹਾਂ ਨੇ ਭਾਜਪਾ ਦੇ ਇਸ ਮੁੱਦੇ ਨੂੰ ਚੋਣ ਸਟੰਟ ਮੰਨ ਕੇ ਵਧੇਰੇ ਅਹਿਮੀਅਤ ਨਹੀਂ ਦਿੱਤੀ।

ਇਹ ਵੀ ਪੜ੍ਹੋ: ਜਲੰਧਰ ਵਿਖੇ ਨਿੱਜੀ ਹਸਪਤਾਲ ਦੀ ਨਰਸ ਨੇ ਕੀਤੀ ਖ਼ੁਦਕੁਸ਼ੀ, ਹੋਸਟਲ ਦੇ ਕਮਰੇ ’ਚ ਲਟਕਦੀ ਮਿਲੀ ਲਾਸ਼

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News