ਪੰਜਾਬ ’ਚ ‘ਅਪਕਮਿੰਗ ਸਰਕਾਰ’ ਨੂੰ ਲੈ ਕੇ ਸ਼ਸ਼ੋਪੰਜ ’ਚ ਅਫ਼ਸਰਸ਼ਾਹੀ
Wednesday, Feb 23, 2022 - 06:58 PM (IST)
ਜਲੰਧਰ (ਅਨਿਲ ਪਾਹਵਾ)–ਇਸ ਵਾਰ ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਸੂਬੇ ਵਿਚ ਚੋਣਾਂ ਦੀ ਹਿਸਟਰੀ ਵਿਚ ਸਭ ਤੋਂ ਵਧ ਰੋਮਾਂਚਕਾਰੀ ਸਨ। ਰੋਜ਼ ਸਵੇਰੇ ਇਕ ਨਵੀਂ ਖ਼ਬਰ ਦਿਨ ਦਾ ਇੰਤਜ਼ਾਰ ਕਰ ਰਹੀ ਹੁੰਦੀ ਸੀ। ਪਾਰਟੀ ਦੇ ਨੇਤਾ ਦੂਜੀ ਪਾਰਟੀ ਵਿਚ ਸ਼ਾਮਲ ਹੋ ਰਹੇ ਸਨ ਤਾਂ ਉਥੇ ਹੀ ਨੇਤਾਵਾਂ ਦੇ ਸੋਸ਼ਲ ਮੀਡੀਆ ਅਕਾਊਂਟਸ ’ਤੇ ਸ਼ਬਦੀ ਤੀਰ ਚਲਾਏ ਜਾ ਰਹੇ ਸਨ। ਪਰ ਹੁਣ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਤੋਂ ਬਾਅਦ ਪੂਰੀ ਤਰ੍ਹਾਂ ਨਾਲ ਮਾਹੌਲ ਸ਼ਾਂਤੀਪੂਰਨ ਹੈ। ਚੋਣਾਂ ਵਿਚ ਭੱਜਦੌੜ ਕਰਨ ਤੋਂ ਬਾਅਦ ਥੱਕ ਚੁੱਕੇ ਉਮੀਦਵਾਰ ਆਪਣੇ-ਆਪਣੇ ਘਰਾਂ ਵਿਚ ਪਰਿਵਾਰਾਂ ਅਤੇ ਹਮਾਇਤੀਆਂ ਦੇ ਨਾਲ ਚਾਹ ਦੀਆਂ ਚੁਸਕੀਆਂ ਲੈ ਰਹੇ ਹਨ। ਜਿਥੇ ਨੇਤਾ ਆਰਾਮ ਫਰਮਾ ਰਹੇ ਹਨ, ਉਥੇ ਹੀ ਅਫ਼ਸਰਸ਼ਾਹੀ ਅਜੇ ਵੀ ਆਪਣੇ ਘੋੜੇ ਦੌੜਾ ਰਹੀ ਹੈ ਕਿਉਂਕਿ ਇਸ ਵਾਰ ਚੋਣਾਂ ਦੇ ਨਤੀਜੇ ਕੀ ਹੋਣਗੇ, ਇਹ ਇਸ ਸਮੇਂ ਦਾ ਸਭ ਤੋਂ ਵੱਡਾ ਸਵਾਲ ਹੈ ਕਿਉਂਕਿ ਇਸ ਗੱਲ ਜਵਾਬ ਕਿਸੇ ਦੇ ਕੋਲ ਨਹੀਂ ਹੈ।
ਜਲਦਬਾਜ਼ੀ ਤੋਂ ਕਤਰਾ ਰਹੀ ਅਫ਼ਸਰਸ਼ਾਹੀ
ਪੰਜਾਬ ਵਿਚ ਸਾਲ 2012 ਦੀਆਂ ਚੋਣਾਂ ਤੋਂ ਬਾਅਦ ਦੀ ਸਥਿਤੀ ਬੇਹੱਦ ਅਸਮੰਜਸ ਭਰੀ ਸੀ। 2007 ਤੋਂ 2012 ਤੱਕ ਸੂਬੇ ਵਿਚ ਅਕਾਲੀ-ਭਾਜਪਾ ਦੀ ਸਰਕਾਰ ਸੀ। ਸਾਰਿਆਂ ਨੂੰ ਲੱਗ ਰਿਹਾ ਸੀ ਕਿ ਇਸ ਵਾਰ ਸੱਤਾ ਤਬਦੀਲੀ ਹੋਵੇਗੀ। ਸੂਬੇ ਦੀ ਅਫ਼ਸਰਸ਼ਾਹੀ ਲਗਭਗ ਅਕਾਲੀ-ਭਾਜਪਾ ਸਰਕਾਰ ਨੂੰ ਰੁਖ਼ਸਤ ਕਰਨ ਦੀ ਤਿਅਰੀ ਕਰ ਚੁੱਕੀ ਸੀ। ਕਿਹਾ ਤਾਂ ਇਹ ਵੀ ਜਾ ਰਿਹਾ ਸੀ ਕਿ ਕੁਝ ਅਫ਼ਸਰ ਸੰਭਾਵਿਤ ਸੀ. ਐੱਮ. ਵਜੋਂ ਕੈਪਟਨ ਅਮਰਿੰਦਰ ਸਿੰਘ ਨੂੰ ਬੁੱਕੇ ਵੀ ਦੇ ਆਏ ਸਨ ਪਰ ਚੋਣਾਂ ਦੇ ਨਤੀਜਿਆਂ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਸੂਬੇ ਵਿਚ ਅਕਾਲੀ-ਭਾਜਪਾ ਸਰਕਾਰ ਪਰਤ ਆਈ ਸੀ ਅਤੇ ਇਸ ਕਾਰਨ ਕੈਪਟਨ ਨੂੰ ਬੁੱਕੇ ਪਹੁੰਚਾਉਣ ਵਾਲੇ ਲੋਕਾਂ ਦੇ ਚਿਹਰੇ ਫੁੱਲਾਂ ਤੋਂ ਵੀ ਪਹਿਲਾਂ ਮੁਰਝਾ ਗਏ। ਪਿਛਲੇ ਦੌਰ ਵਿਚ ਹੋਈਆਂ ਇਨ੍ਹਾਂ ਘਟਨਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਵਾਰ ਅਫਸਰਸ਼ਾਹੀ ਵੀ ਖਾਮੋਸ਼ ਹੈ ਪਰ ਸੂਬੇ ਵਿਚ ਸੱਤਾ ਕਿਸ ਦੀ ਆ ਰਹੀ ਹੈ, ਉਸ ਦੀ ਤਲਾਸ਼ ਲਈ ਖੂਬ ਘੋੜੇ ਦੌੜਾ ਰਹੀ ਹੈ। ਅਜੇ ਤੱਕ ਸਥਿਤੀ ਸਾਫ ਨਹੀਂ ਹੈ।
ਇਹ ਵੀ ਪੜ੍ਹੋ: ਮੁਕੰਦਪੁਰ: ਇਕਤਰਫ਼ਾ ਪਿਆਰ 'ਚ ਸਿਰਫਿਰੇ ਆਸ਼ਿਕ ਦਾ ਕਾਰਾ, ਕੁੜੀ ਦੇ ਪਿਓ ਨੂੰ ਦਿੱਤੀ ਰੂਹ ਕੰਬਾਊ ਮੌਤ
ਦਿੱਲੀ ਦੇ ਅਫ਼ਸਰਾਂ ਦੇ ਸੰਪਰਕ ’ਚ ਅਫ਼ਸਰਸ਼ਾਹੀ
ਪੰਜਾਬ ਵਿਚ ਕਿਸਮਤ ਅਜ਼ਮਾਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਦਿੱਲੀ ਵਿਚ ਸੱਤਾ ਵਿਚ ਆ ਚੁੱਕੀ ਸੀ। ਪੰਜਾਬ ਦੇ ਕਈ ਅਫਸਰ ਲਗਾਤਾਰ ਦਿੱਲੀ ਨਾਲ ਸਬੰਧਤ ਆਪਣੇ ਸਾਥੀ ਅਫਸਰਾਂ ਦੇ ਸੰਪਰਕ ਵਿਚ ਹਨ ਅਤੇ ਬਾਕਾਇਦਾ ਉਨ੍ਹਾਂ ਕੋਲੋਂ ਆਮ ਆਦਮੀ ਪਾਰਟੀ ਦੇ ਕੰਮ ਕਰਨ ਦੇ ਤੌਰ-ਤਰੀਕਿਆਂ ਬਾਰੇ ਰਾਏ ਇਕੱਠੀ ਕਰ ਰਹੇ ਹਨ। ਜੇਕਰ ਸੂਬੇ ਵਿਚ ਆਮ ਆਦਮੀ ਪਾਰਟੀ ਆਉਂਦੀ ਹੈ ਤਾਂ ਕਿਸ ਨੇਤਾ ਦੇ ਮਾਧਿਅਮ ਨਾਲ ਬਿਹਤਰ ਅਹੁਦਾ ਲਿਆ ਜਾ ਸਕਦਾ ਹੈ, ਇਸ ਬਾਰੇ ਵੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਜੇਕਰ ਸੂਬੇ ਵਿਚ ਆਮ ਆਦਮੀ ਪਾਰਟੀ ਆਈ ਤਾਂ ਦਿੱਲੀ ਵਿਚ ਤਾਇਨਾਤ ਅਫ਼ਸਰਾਂ ਦੇ ਇਥੇ ਵੀ ਪੰਜਾਬ ਦੇ ਅਫ਼ਸਰ ਬੁੱਕੇ ਭੇਜਦੇ ਸ਼ਾਇਦ ਦੇਖੇ ਜਾ ਸਕਣਗੇ।
ਕਾਂਗਰਸ ਨੂੰ ਲੈ ਕੇ ਅਫ਼ਸਰਸ਼ਾਹੀ ਦੇ ਮਨ ’ਚ ਕੀ?
ਪੰਜਾਬ ਵਿਚ ਪਿਛਲੇ 5 ਸਾਲਾਂ ਤੋਂ ਕਾਂਗਰਸ ਦੀ ਸਰਕਾਰ ਸੀ। ਸਾਢੇ ਚਾਰ ਸਾਲ ਤੱਕ ਤਾਂ ਸੂਬੇ ਵਿਚ ਕਾਂਗਰਸ ਦੀ ਸਰਕਾਰ ਸੁੱਤੀ ਰਹੀ ਪਰ ਆਖ਼ਰੀ 111 ਦਿਨਾਂ ਵਿਚ ਮੁੱਖ ਮੰਤਰੀ ਅਹੁਦੇ ਤੋਂ ਕੈਪਟਨ ਦੀ ਰੁਖ਼ਸਤੀ ਅਤੇ ਚਰਨਜੀਤ ਸਿੰਘ ਚੰਨੀ ਦੀ ਆਮਦ ਨਾਲ ਕੁਝ ਹੱਦ ਤੱਕ ਪਾਰਟੀ ਵਿਚ ਦੋਬਾਰਾ ਜਾਨ ਆਈ ਹੈ। ਖਬਰ ਮਿਲੀ ਹੈ ਕਿ ਅਫ਼ਸਰਸ਼ਾਹੀ ਸੂਬੇ ਵਿਚ ਕਿਹੜੀ ਪਾਰਟੀ ਸੱਤਾ ਆਏਗੀ, ਇਸ ਗੱਲ ਨੂੰ ਲੈ ਕੇ ਅਜੇ ਤੱਕ ਆਸਵੰਦ ਨਹੀਂ ਹੈ। ਇਸੇ ਨੂੰ ਦੇਖਦੇ ਹੋਏ ਕਾਂਗਰਸ ਦੇ ਨੇਤਾਵਾਂ ਦੇ ਨਾਲ ਹੀ ਅਫ਼ਸਰਾਂ ਨੇ ਲਗਾਤਾਰ ਸੰਪਰਕ ਰੱਖਿਆ ਹੋਇਆ ਹੈ। ਇਸ ਮਾਮਲੇ ਵਿਚ ਇਹ ਗੱਲ ਵੀ ਗੌਰ ਕਰਨ ਵਾਲੀ ਹੋਵੇਗੀ ਕਿ ਜਿਨ੍ਹਾਂ ਨੇਤਾਵਾਂ ਦੇ ਨਾਲ ਅਫਸਰ ਅਜੇ ਤੱਕ ਸੰਪਰਕ ਵਿਚ ਹਨ, ਉਹ ਕਿਤੇ ਚੋਣਾਂ ਵਿਚ ਹਾਰ ਹੀ ਨਾ ਜਾਣ। ਸੂਤਰਾਂ ਦਾ ਕਹਿਣਾ ਹੈ ਕਿ ਅਫ਼ਸਰਸ਼ਾਹੀ ਕਾਂਗਰਸ ਦੀ ਸਰਕਾਰ ਵਿਚ ਕੁਝ ਜ਼ਿਆਦਾ ਕਨਫ਼ਰਟੇਬਲ ਫੀਲ ਕਰਦੀ ਹੈ, ਇਸ ਲਈ ਉਹ ਕਾਂਗਰਸ ਨੂੰ ਸੂਬੇ ਵਿਚ ਮੁੜ ਸੱਤਾ ਵਿਚ ਵੇਖਣਾ ਚਾਹੁੰਦੀ ਹੈ।
ਇਹ ਵੀ ਪੜ੍ਹੋ: ਬਲਾਇੰਡ ਇੰਸਟੀਚਿਊਟ ’ਚ ਪਹੁੰਚੇ ਮੁੱਖ ਮੰਤਰੀ ਚੰਨੀ ਨੇ ਨੇਤਰਹੀਣ ਬੱਚਿਆਂ ਨੂੰ ਵਰਤਾਰਿਆ ਖਾਣਾ, ਕਹੀ ਇਹ ਗੱਲ
ਅਕਾਲੀ-ਭਾਜਪਾ ਨੂੰ ਲੈ ਕੇ ਕਸ਼ਮਕਸ਼
ਉਂਝ ਤਾਂ ਅਕਾਲੀ ਦਲ ਅਤੇ ਭਾਜਪਾ ਨੇ ਵੱਖ-ਵੱਖ ਚੋਣਾਂ ਲੜੀਆਂ ਹਨ ਅਤੇ ਦੋਵਾਂ ਪਾਰਟੀਆਂ ਨੇ ਇਕ-ਦੂਜੇ ਖ਼ਿਲਾਫ਼ ਉਮੀਦਵਾਰ ਮੈਦਾਨ ਵਿਚ ਉਤਾਰੇ ਸਨ ਪਰ ਜਿਸ ਤਰ੍ਹਾਂ ਸੂਬੇ ਵਿਚ ਸਿਆਸੀ ਪੰਡਿਤ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਸੰਭਾਵਨਾਵਾਂ ਪ੍ਰਗਟਾ ਰਹੇ ਹਨ, ਉਸ ਨਾਲ ਦੋਵੇਂ ਪਾਰਟੀਆਂ ਦੇ ਮਿਲ ਕੇ ਸਰਕਾਰ ਬਣਾਉਣ ਦੀਆਂ ਵੀ ਚਰਚਾਵਾਂ ਸ਼ੁਰੂ ਹੋ ਗਈਆਂ ਹਨ। ਇਸ ਤੋਂ ਪਹਿਲਾਂ ਅਫ਼ਸਰਸ਼ਾਹੀ ਨੇ ਪੰਜਾਬ ਵਿਚ ਜਦੋਂ ਅਕਾਲੀ-ਭਾਜਪਾ ਦਾ ਦੌਰ ਰਿਹਾ, ਉਸ ਸਮੇਂ ਕੰਮ ਕੀਤਾ ਹੈ ਪਰ ਉਦੋਂ ਗੱਲ ਕੁਝ ਵੱਖਰੀ ਸੀ। ਉਸ ਦੌਰ ਵਿਚ ਅਕਾਲੀ ਦਲ-ਭਾਜਪਾ ਦੇ ਉਪਰ ਹਾਵੀ ਸੀ ਅਤੇ ਭਾਜਪਾ ਵਰਕਰ ਦੀ ਨਹੀਂ ਸੁਣੀ ਜਾਂਦੀ ਸੀ ਪਰ ਹੁਣ ਜੇਕਰ ਪੰਜਾਬ ਵਿਚ ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਬਣਦੀ ਹੈ ਤਾਂ ਇਹ ਗੱਲ ਤਾਂ ਸਾਫ ਹੈ ਕਿ ਅਕਾਲੀ ਦਲ ਪਹਿਲਾਂ ਵਾਂਗ ਭਾਜਪਾ ਦੇ ਉਪਰ ਹਾਵੀ ਨਹੀਂ ਰਹਿ ਸਕੇਗਾ। ਸੰਭਾਵਨਾ ਤਾਂ ਇਹ ਵੀ ਪ੍ਰਗਟਾਈ ਜਾ ਰਹੀ ਹੈ ਕਿ ਜੇਕਰ ਗਠਜੋੜ ਹੋਇਆ ਤਾਂ ਸੂਬੇ ਵਿਚ ਭਾਜਪਾ ਦਾ ਸੀ. ਐੱਮ. ਅਤੇ ਅਕਾਲੀ ਦਲ ਦਾ ਡਿਪਟੀ ਸੀ. ਐੱਮ. ਵੀ ਹੋ ਸਕਦਾ ਹੈ। ਇਹ ਸਭ ਅਜੇ ਭਵਿੱਖ ਦੇ ਗਰਭ ਵਿਚ ਹੈ ਪਰ ਜੇਕਰ ਅਕਾਲੀ-ਭਾਜਪਾ ਸਰਕਾਰ ਬਣਦੀ ਹੈ ਤਾਂ ਅਫ਼ਸਰਸ਼ਾਹੀ ਨੂੰ ਆਪਣੇ ਤੌਰ-ਤਰੀਕੇ ਬਦਲਣੇ ਪੈਣਗੇ।
‘ਆਪ’ ਨੂੰ ਲੈ ਕੇ ਕਸ਼ਮਕਸ਼
ਪੰਜਾਬ ਵਿਚ ਹੁਣ ਤੱਕ ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਭਾਜਪਾ ਦੀ ਸੱਤਾ ਹੀ ਰਹੀ ਹੈ। 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਪਹਿਲੀ ਵਾਰ ਆਮ ਆਦਮੀ ਪਾਰਟੀ ਨੇ ਆਪਣੀ ਕਿਸਮਤ ਅਜ਼ਮਾਈ ਸੀ ਪਰ ਉਸ ਨੂੰ ਸਫ਼ਲਤਾ ਨਹੀਂ ਮਿਲੀ। ਇਸ ਵਾਰ ਆਮ ਆਦਮੀ ਪਾਰਟੀ ਸੂਬੇ ਵਿਚ ਸੱਤਾ ਨੂੰ ਲੈ ਕੇ ਪੂਰੀ ਤਰ੍ਹਾਂ ਆਸਵੰਦ ਹੈ ਪਰ ਇਸ ਮਾਮਲੇ ਵਿਚ ਸੂਬੇ ਦੇ ਸਿਆਸਤਦਾਨਾਂ ਤੋਂ ਲੈ ਕੇ ਖ਼ੁਦ ਅਫ਼ਸਰਸ਼ਾਹੀ ਵਿਚ ਕੁਝ ਹੱਦ ਤੱਕ ਕਸ਼ਮਕਸ਼ ਦੀ ਸਥਿਤੀ ਚੱਲ ਰਹੀ ਹੈ। ਅਕਾਲੀ, ਭਾਜਪਾ ਜਾਂ ਕਾਂਗਰਸ ਦੇ ਨੇਤਾਵਾਂ ਦੇ ਨਾਲ ਤਾਂ ਅਫ਼ਸਰਸ਼ਾਹੀ ਨੇ ਕੰਮ ਕੀਤਾ ਹੋਇਆ ਹੈ ਪਰ ਜੇਕਰ ਸੂਬੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਅਫ਼ਸਰਸ਼ਾਹੀ ਲਈ ਇਹ ਨਵਾਂ ਤਜਰਬਾ ਹੋਵੇਗਾ, ਜਿਸ ਕਾਰਨ ਉਨ੍ਹਾਂ ਨੂੰ ਪੂਰੀ ਵਿਵਸਥਾ ਸੂਬੇ ਦੀ ਸੱਤਾਧਾਰੀ ਪਾਰਟੀ ਮੁਤਾਬਕ ਕਰਨੀ ਹੋਵੇਗੀ। ਇਸ ਲਈ ਅਫ਼ਸਰਸ਼ਾਹੀ ਆਮ ਆਦਮੀ ਪਾਰਟੀ ਨੂੰ ਲੈ ਕੇ ਕੁਝ ਹੱਦ ਤੱਕ ਸ਼ਸ਼ੋਪੰਜ ਵਿਚ ਹੈ। ਨਵੀਂ ਪਾਰਟੀ ਦੇ ਨਵੇਂ ਲੋਕ ਅਫ਼ਸਰਸ਼ਾਹੀ ਦੇ ਨਾਲ ਕਿਸ ਤਰ੍ਹਾਂ ਦਾ ਵਤੀਰਾ ਰੱਖਦੇ ਹਨ ਜਾਂ ਸੂਬੇ ਵਿਚ ਕਿਸ ਤਰ੍ਹਾਂ ਦੀ ਵਿਵਸਥਾ ਰਹਿੰਦੀ ਹੈ, ਇਸ ਗੱਲ ਨੂੰ ਲੈ ਕੇ ਅਫ਼ਸਰਸ਼ਾਹੀ ਕੁਝ ਪ੍ਰੇਸ਼ਾਨ ਹੈ। ਅਜਿਹੇ ਵਿਚ ਕੁਝ ਅਫ਼ਸਰ ਤਾਂ ਆਪਣੇ ਤਬਾਦਲੇ ਲਈ ਵੀ ਤਿਆਰੀ ਕਰਨ ਵਿਚ ਲੱਗ ਗਏ ਹਨ।
ਇਹ ਵੀ ਪੜ੍ਹੋ: ਗੜ੍ਹਸ਼ੰਕਰ ਦੇ ਦੋ ਪਿੰਡਾਂ 'ਚ ਨਹੀਂ ਪਈ ਇਕ ਵੀ ਵੋਟ, ਜਾਣੋ ਕੀ ਰਿਹਾ ਕਾਰਨ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ