ਕੈਮਰਿਆਂ ਦੀ ਨਿਗਰਾਨੀ ’ਚ ਹੋਣਗੇ ਜ਼ਿਲ੍ਹੇ ਦੇ 9 ਵਿਧਾਨ ਸਭਾ ਹਲਕਿਆਂ ਦੇ 1975 ਪੋਲਿੰਗ ਸਟੇਸ਼ਨ: ਡਿਪਟੀ ਕਮਿਸ਼ਨਰ

Thursday, Feb 17, 2022 - 04:04 PM (IST)

ਕੈਮਰਿਆਂ ਦੀ ਨਿਗਰਾਨੀ ’ਚ ਹੋਣਗੇ ਜ਼ਿਲ੍ਹੇ ਦੇ 9 ਵਿਧਾਨ ਸਭਾ ਹਲਕਿਆਂ ਦੇ 1975 ਪੋਲਿੰਗ ਸਟੇਸ਼ਨ: ਡਿਪਟੀ ਕਮਿਸ਼ਨਰ

ਜਲੰਧਰ (ਚੋਪੜਾ)–ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਨਾਲ ਸਬੰਧਤ ਸਾਰੇ 9 ਵਿਧਾਨ ਸਭਾ ਹਲਕਿਆਂ ਵਿਚ ਚੋਣਾਂ ਨੂੰ ਲੈ ਕੇ ਸਥਾਪਿਤ ਕੀਤੇ 1975 ਪੋਲਿੰਗ ਸਟੇਸ਼ਨਾਂ ’ਤੇ ਵੋਟਿੰਗ ਪ੍ਰਕਿਰਿਆ ਦੌਰਾਨ ਹੋਣ ਵਾਲੀਆਂ ਗਤੀਵਿਧੀਆਂ ’ਤੇ ਪੈਨੀ ਨਜ਼ਰ ਰੱਖਣ ਲਈ 2125 ਵੈੱਬ ਕਾਸਟਿੰਗ ਕੈਮਰੇ ਲਗਾਏ ਗਏ ਹਨ, ਜਿਸ ਨਾਲ ਪੋਲਿੰਗ ਪ੍ਰਕਿਰਿਆ ਨੂੰ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਪੂਰਾ ਕੀਤਾ ਜਾ ਸਕੇ।

ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਧਿਕਾਰੀ ਘਨਸ਼ਾਮ ਥੋਰੀ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਲੰਧਰ ਪੱਛਮੀ ਵਿਚ 219, ਜਲੰਧਰ ਕੇਂਦਰੀ ਵਿਚ 225, ਉੱਤਰੀ ਵਿਚ 232, ਕੈਂਟ ਵਿਚ 237, ਆਦਮਪੁਰ ਵਿਚ 223, ਫਿਲੌਰ ਹਲਕੇ ਵਿਚ 247, ਨਕੋਦਰ ਵਿਚ 257, ਸ਼ਾਹਕੋਟ ਵਿਚ 251 ਅਤੇ ਕਰਤਾਰਪੁਰ ਵਿਚ 234 ਕੈਮਰੇ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ 3 ਜਾਂ ਇਸ ਤੋਂ ਜ਼ਿਆਦਾ ਬੂਥ ਵਾਲੀਆਂ ਪੋਲਿੰਗ ਲੋਕੇਸ਼ਨਾਂ ’ਤੇ ਵਾਧੂ ਆਊਟਡੋਰ ਕੈਮਰੇ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਮੁੱਖ ਚੋਣ ਅਧਿਕਾਰੀ, ਜ਼ਿਲ੍ਹਾ ਚੋਣ ਅਧਿਕਾਰੀ ਅਤੇ ਰਿਟਰਨਿੰਗ ਅਧਿਕਾਰੀਆਂ ਵੱਲੋਂ ਇਨ੍ਹਾਂ ਕੈਮਰਿਆਂ ਰਾਹੀਂ ਚੋਣ ਪ੍ਰਕਿਰਿਆ ਦੀ ਨਿਗਰਾਨੀ ਨੂੰ ਯਕੀਨੀ ਬਣਾਇਆ ਜਾਵੇਗਾ।

ਇਹ ਵੀ ਪੜ੍ਹੋ: ਜਲੰਧਰ 'ਚ 18 ਫਰਵਰੀ ਸ਼ਾਮ ਤੋਂ ਲੈ ਕੇ ਚੋਣਾਂ ਦੇ ਦਿਨ ਤੱਕ ਰਹੇਗਾ 'ਡਰਾਈ ਡੇਅ', ਡੀ. ਸੀ. ਨੇ ਦਿੱਤੇ ਹੁਕਮ

ਡਿਪਟੀ ਕਮਿਸ਼ਨਰ ਨੇ ਜ਼ਿਲੇ ਵਿਚ ਆਦਰਸ਼ ਚੋਣ ਜ਼ਾਬਤਾ ਸਖ਼ਤੀ ਨਾਲ ਲਾਗੂ ਕਰਨ ਦੀ ਚੋਣ ਕਮਿਸ਼ਨ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਪੋਲਿੰਗ ਬੂਥਾਂ ਦੇ 100 ਮੀਟਰ ਦੇ ਘੇਰੇ ਅੰਦਰ ਪ੍ਰਚਾਰ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਗਤੀਵਿਧੀਆਂ ’ਤੇ ਨਜ਼ਰ ਰੱਖਣ ਲਈ ਆਊਟਡੋਰ ਵੈੱਬ ਕਾਸਟਿੰਗ ਕੈਮਰਿਆਂ ਦੀ ਵਰਤੋਂ ਕੀਤੀ ਜਾਵੇਗੀ ਅਤੇ ਉਲੰਘਣ ਕਰਨ ਵਾਲੇ ਵਿਅਕਤੀਆਂ ਵਿਰੁੱਧ ਐੱਫ. ਆਈ. ਆਰ. ਦਰਜ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਰ. ਓ. ਪੱਧਰ ’ਤੇ ਦੋਤਰਫਾ ਸੰਚਾਰ ਲਈ ਵੀ ਕੈਮਰੇ ਲਗਾਏ ਜਾ ਰਹੇ ਹਨ, ਜਿਸ ਰਾਹੀਂ ਮੁੱਖ ਚੋਣ ਅਧਿਕਾਰੀ ਰਿਟਰਨਿੰਗ ਅਧਿਕਾਰੀਆਂ ਨਾਲ ਸਿੱਧਾ ਸਬੰਧ ਕਰ ਸਕਦੇ ਹਨ। ਘਨਸ਼ਾਮ ਥੋਰੀ ਨੇ ਦੱਸਿਆ ਕਿ ਸਾਰੇ ਪੋਲਿੰਗ ਸਟੇਸ਼ਨਾਂ ’ਤੇ 1163 ਮਾਈਕ੍ਰੋ ਆਬਜ਼ਰਵਰ ਪਹਿਲਾਂ ਹੀ ਤਾਇਨਾਤ ਕੀਤੇ ਜਾ ਚੁੱਕੇ ਹਨ। ਇਸ ਦੌਰਾਨ ਐਡੀਸ਼ਨਲ ਡਿਪਟੀ ਕਮਿਸ਼ਨਰ (ਡਿਵੈੱਲਪਮੈਂਟ) ਜਸਪ੍ਰੀਤ ਸਿੰਘ, ਐਡੀਸ਼ਨਲ ਡਿਪਟੀ ਕਮਿਸ਼ਨਰ (ਜਨਰਲ) ਅਮਰਜੀਤ ਬੈਂਸ ਅਤੇ ਹੋਰ ਵੀ ਮੌਜੂਦ ਸਨ।

ਵੋਟਿੰਗ ਤੋਂ 48 ਘੰਟੇ ਪਹਿਲਾਂ 5 ਜਾਂ 5 ਤੋਂ ਜ਼ਿਆਦਾ ਲੋਕਾਂ ਦੇ ਇਕੱਠੇ ਹੋਣ ’ਤੇ ਰਹੇਗੀ ਪਾਬੰਦੀ
ਚੋਣ ਪ੍ਰਕਿਰਿਆ ਨੂੰ ਲੈ ਕੇ ਜ਼ਿਲ੍ਹਾ ਮੈਜਿਸਟਰੇਟ ਘਨਸ਼ਾਮ ਥੋਰੀ ਨੇ ਵੋਟਿੰਗ ਤੋਂ 48 ਘੰਟੇ ਪਹਿਲਾਂ 18 ਫਰਵਰੀ ਨੂੰ ਸ਼ਾਮ 6 ਵਜੇ ਤੋਂ ਲੈ ਕੇ 20 ਫਰਵਰੀ ਨੂੰ ਵੋਟਿੰਗ ਦੇ ਸਮਾਪਤ ਹੋਣ ਤੱਕ 5 ਜਾਂ 5 ਤੋਂ ਜ਼ਿਆਦਾ ਲੋਕਾਂ ਦੇ ਇਕੱਠੇ ਹੋਣ ’ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਘਨਸ਼ਾਮ ਥੋਰੀ ਨੇ ਦੱਸਿਆ ਕਿ ਉਹ ਇਹ ਹੁਕਮ ਡੋਰ-ਟੂ-ਡੋਰ ਪ੍ਰਚਾਰ ਸਬੰਧੀ 48 ਘੰਟਿਆਂ ਦੌਰਾਨ ਘਰ-ਘਰ ਜਾਣ ’ਤੇ ਪਾਬੰਦੀ ਨਹੀਂ ਲਗਾਉਂਦੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਸਾਰੇ ਐੱਸ. ਡੀ. ਐੱਮਜ਼ ਇਸ ਹੁਕਮ ਦੀ ਪਾਲਣਾ ਕਰਵਾਉਣੇ ਅਤੇ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਨੂੰ ਯਕੀਨੀ ਬਣਾਉਣਗੇ।

ਇਹ ਵੀ ਪੜ੍ਹੋ: ਸੰਘਰਸ਼ ਭਰਿਆ ਰਿਹਾ ਸੁਰਿੰਦਰ ਸਿੰਘ ਡੁਲੇਵਾਲ ਦਾ ਜੀਵਨ, ‘ਨੇਤਾ ਜੀ ਸਤਿ ਸ੍ਰੀ ਅਕਾਲ’ ’ਚ ਹਰ ਮੁੱਦੇ ’ਤੇ ਕੀਤੀ ਗੱਲਬਾਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News