ਵਿਧਾਨ ਸਭਾ ਚੋਣਾਂ 2022: ਚੋਣ ਨਤੀਜਿਆਂ ਤੋਂ ਪਹਿਲਾਂ ਸੀਟ ਵਾਰ ਮੁਲਾਂਕਣ ਕਰ ਰਹੀ ਕਾਂਗਰਸ
Saturday, Mar 05, 2022 - 11:32 AM (IST)
ਜਲੰਧਰ (ਧਵਨ)–ਪੰਜਾਬ ਵਿਧਾਨ ਸਭਾ ਦੇ ਚੋਣ ਨਤੀਜੇ ਭਾਵੇਂ 10 ਮਾਰਚ ਨੂੰ ਐਲਾਨ ਹੋਣਗੇ ਪਰ ਕਾਂਗਰਸ ਉਸ ਤੋਂ ਪਹਿਲਾਂ ਪੰਜਾਬ ’ਚ ਸੀਟ ਵਾਰ ਮੁਲਾਂਕਣ ਕਰਨ ’ਚ ਜੁਟ ਗਈ ਹੈ। ਕਾਂਗਰਸੀ ਹਲਕਿਆਂ ਨੇ ਦੱਸਿਆ ਕਿ ਕਾਂਗਰਸ ਦੇ ਚੋਟੀ ਦੇ ਨੇਤਾ ਚੋਣਾਂ ਦੇ ਸੰਭਾਵਿਤ ਨਤੀਜਿਆਂ ਦਾ ਮੁਲਾਂਕਣ ਕਰਨ ’ਚ ਲੱਗੇ ਹੋਏ ਹਨ। ਕਾਂਗਰਸ ਦਾ ਚੋਟੀ ਦਾ ਲੀਡਰਸ਼ਿਪ ਇਹ ਮੰਨ ਕੇ ਚੱਲ ਰਿਹਾ ਹੈ ਕਿ ਦੋਆਬਾ ’ਚ ਕਾਂਗਰਸ ਦੀ ਸਥਿਤੀ ਬਿਹਤਰ ਰਹਿ ਸਕਦੀ ਹੈ। ਇਸ ਦੇ ਪਿੱਛੇ ਇਹ ਕਾਰਨ ਦਿੱਤਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਾਰਨ ਦਲਿਤ ਵੋਟ ਕਾਂਗਰਸ ਦੇ ਪੱਖ ’ਚ ਗਈ ਹੈ।
ਇਹ ਵੀ ਪੜ੍ਹੋ: ਯੂਕ੍ਰੇਨੀ ਫ਼ੌਜ ਨੇ ਸੈਂਕੜੇ ਲੋਕਾਂ ਨੂੰ ਵੀਰਾਨ ਇਲਾਕੇ ’ਚ ਛੱਡਿਆ, ਬਲੈਕਆਊਟ ’ਚ ਕੱਟ ਰਹੇ ਰਾਤਾਂ
ਕਾਂਗਰਸੀ ਹਲਕਿਆਂ ਨੇ ਦੱਸਿਆ ਕਿ ਪਿਛਲੀ ਵਾਰ ਵੀ ਦੋਆਬਾ ਖੇਤਰ ’ਚ ਕਾਂਗਰਸ ਦਾ ਪ੍ਰਦਰਸ਼ਨ ਬਿਹਤਰ ਰਿਹਾ ਸੀ। ਦੋਆਬਾ ’ਚ 23 ਵਿਧਾਨ ਸਭਾ ਸੀਟਾਂ ਆਉਂਦੀਆਂ ਹਨ। ਕਾਂਗਰਸ ਦਾ ਚੋਟੀ ਦਾ ਲੀਡਰਸ਼ਿਪ ਮੰਨਦਾ ਹੈ ਕਿ ਦੋਆਬਾ ’ਚ ਜੇ ਦਲਿਤਾਂ ਨੇ 50 ਫ਼ੀਸਦੀ ਤੋਂ ਵੱਧ ਵੋਟਾਂ ਕਾਂਗਰਸ ਦੇ ਪੱਖ ’ਚ ਪਾਈਆਂ ਹੋਣਗੀਆਂ ਤਾਂ ਉਸ ਨਾਲ ਵੱਖ-ਵੱਖ ਸੀਟਾਂ ਦੇ ਚੋਣ ਨਤੀਜਿਆਂ ’ਤੇ ਕਾਫ਼ੀ ਅਸਰ ਪਵੇਗਾ।
ਇਸ ਤਰ੍ਹਾਂ ਮਾਝਾ ਖੇਤਰ ’ਚ ਵੀ ਸੀਟ ਵਾਰ ਸੀਟ ਮੁਲਾਂਕਣ ਕੀਤਾ ਜਾ ਰਿਹਾ ਹੈ। ਮਾਝਾ ’ਚ ਕਾਂਗਰਸ ਦਾ ਮੁੱਖ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਨਾਲ ਹੈ। ਮਾਝਾ ’ਚ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਵੀ ਕਈ ਸੀਟਾਂ ਜਿੱਤਣ ’ਚ ਸਫ਼ਲ ਹੋ ਸਕਦਾ ਹੈ। ਕਾਂਗਰਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਸ ਦਾ ਪ੍ਰਦਰਸ਼ਨ ਕਿੰਨੀਆਂ ਸੀਟਾਂ ’ਤੇ ਪ੍ਰਭਾਵਸ਼ਾਲੀ ਰਹੇਗਾ। ਮਾਲਵਾ ਖੇਤਰ ਨੂੰ ਲੈ ਕੇ ਅਨਿਸ਼ਚਿਤਤਾ ਦੀ ਸਥਿਤੀ ਬਣੀ ਹੋਈ ਹੈ। ਮਾਲਵਾ ’ਚ ਕਾਂਗਰਸ ਇਹ ਦੇਖ ਰਹੀ ਹੈ ਕਿ ਐਕਟਰ ਦੀਪ ਸਿੱਧੂ ਅਤੇ ਡੇਰਾ ਫੈਕਟਰ ਦਾ ਕਿਸ ਪਾਰਟੀ ਦੇ ਪੱਖ ’ਚ ਕਿੰਨਾ ਅਸਰ ਜਾਂਦਾ ਹੈ।
ਇਹ ਵੀ ਪੜ੍ਹੋ: ਰੂਸ-ਯੂਕ੍ਰੇਨ ਜੰਗ: 35 ਹਜ਼ਾਰ ਵਾਲੀ ਟਿਕਟ 90 ਹਜ਼ਾਰ ’ਚ ਖ਼ਰੀਦਣ ਲਈ ਮਜਬੂਰ ਹੋਏ ਵਿਦਿਆਰਥੀ
ਇਸ ਲਈ ਚੋਣ ਨਤੀਜਿਆਂ ਨੂੰ ਲੈ ਕੇ ਅਨਿਸ਼ਚਿਤਤਾ ਦਾ ਵਾਤਾਵਰਣ ਵਿਖਾਈ ਦੇ ਰਿਹਾ ਹੈ ਪਰ ਕਾਂਗਰਸੀ ਨੇਤਾਵਾਂ ਦਾ ਮੰਨਣਾ ਹੈ ਕਿ ਦੀਪ ਸਿੱਧੂ ਨੇ ਜਿਸ ਤਰ੍ਹਾਂ ਵੋਟਰਾਂ ਨੂੰ ਆਮ ਆਦਮੀ ਪਾਰਟੀ ਨੂੰ ਵੋਟ ਨਾ ਦੇਣ ਦੀ ਅਪੀਲ ਕੀਤੀ ਸੀ, ਉਸ ਨਾਲ ਵੋਟਾਂ ਜਾਂ ਤਾਂ ਅਕਾਲੀ ਦਲ ਅੰਮ੍ਰਿਤਸਰ ਜਾਂ ਫਿਰ ਸੰਯੁਕਤ ਸਮਾਜ ਮੋਰਚੇ ਨੂੰ ਚਲੀਆਂ ਗਈਆਂ ਹਨ। ਕਾਂਗਰਸ ਇਸ ਨੂੰ ਆਪਣੇ ਹਿੱਤ ’ਚ ਮੰਨਦੀ ਹੈ। ਡੇਰਾ ਸੱਚਾ ਸੌਦਾ ਵੱਲੋਂ ਭਾਜਪਾ ਅਤੇ ਅਕਾਲੀ ਦਲ ਦੇ ਪੱਖ ’ਚ ਕਈ ਸੀਟਾਂ ’ਤੇ ਵੋਟਿੰਗ ਦਾ ਸੱਦਾ ਦਿੱਤਾ ਗਿਆ। ਇਸ ਦੇ ਅਸਰ ਦਾ ਵੀ ਮੁਲਾਂਕਣ ਪਾਰਟੀ ਕਰਨ ’ਚ ਲੱਗੀ ਹੋਈ ਹੈ। ਹੁਣ ਇਹ ਤਾਂ 10 ਮਾਰਚ ਨੂੰ ਪਤਾ ਲੱਗੇਗਾ ਕਿ ਊਠ ਕਿਸ ਪਾਸੇ ਬੈਠਦਾ ਹੈ।
ਇਹ ਵੀ ਪੜ੍ਹੋ: ਸਰਹੱਦ ਪਾਰ ਕਰ ਰਹੇ ਆਦਮਪੁਰ ਦੇ ਦੋ ਨੌਜਵਾਨ ਯੂਕ੍ਰੇਨ ਪੁਲਸ ਵੱਲੋਂ ਗ੍ਰਿਫ਼ਤਾਰ, ਮਾਪਿਆਂ ਦੇ ਸਾਹ ਸੂਤੇ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ