ਪੰਜਾਬ ''ਚ ਕਾਂਗਰਸੀ ਉਮੀਦਵਾਰਾਂ ਦੀ ਚੋਣ ਲਈ ਹਾਈਕਮਾਨ ਨੇ ਲਿਆ ਅਹਿਮ ਫ਼ੈਸਲਾ
Wednesday, Dec 29, 2021 - 09:01 AM (IST)
ਜਲੰਧਰ/ਚੰਡੀਗੜ੍ਹ (ਧਵਨ) : ਪੰਜਾਬ ਵਿਧਾਨ ਸਭਾ ਦੀਆਂ ਆਮ ਚੋਣਾਂ ਲਈ ਕਿਸੇ ਇਕ ਕਾਂਗਰਸੀ ਨੇਤਾ ਦੇ ਹੱਥਾਂ ’ਚ ਕਾਂਗਰਸ ਹਾਈਕਮਾਨ ਵੱਲੋਂ ਤਾਕਤ ਨਹੀਂ ਦਿੱਤੀ ਜਾ ਰਹੀ ਹੈ। ਸੂਬੇ ’ਚ ਕਾਂਗਰਸੀਆਂ ਅੰਦਰ ਪਿਛਲੇ ਕਾਫ਼ੀ ਸਮੇਂ ਤੋਂ ਇਸ ਗੱਲ ਨੂੰ ਲੈ ਕੇ ਚਰਚਾ ਚੱਲ ਰਹੀ ਸੀ ਕਿ ਟਿਕਟ ਲੈਣ ਲਈ ਉਹ ਕਿਸ ਨੇਤਾ ਦੇ ਪਿੱਛੇ ਜਾਣ। ਹਰ ਇਕ ਕਾਂਗਰਸੀ ਨੇਤਾ ਆਪਣੇ ਪੱਧਰ ’ਤੇ ਦਾਅਵੇਦਾਰਾਂ ਨੂੰ ਟਿਕਟ ਦਿਵਾਉਣ ਦਾ ਭਰੋਸਾ ਦੇ ਰਿਹਾ ਸੀ।
ਕਾਂਗਰਸ ਹਾਈਕਮਾਨ ਨੇ ਜਿੱਥੇ ਪਹਿਲਾਂ ਇਹ ਫ਼ੈਸਲਾ ਲਿਆ ਸੀ ਕਿ ਉਹ ਮੁੱਖ ਮੰਤਰੀ ਅਹੁਦੇ ਦੇ ਦਾਅਵੇਦਾਰ ਦਾ ਨਾਂ ਐਲਾਨ ਕੀਤੇ ਬਿਨਾਂ ਚੋਣ ਮੈਦਾਨ ’ਚ ਉਤਰੇਗੀ, ਉੱਥੇ ਹੀ ਉਸ ਨੇ ਇਹ ਵੀ ਫ਼ੈਸਲਾ ਲਿਆ ਹੈ ਕਿ ਕਾਂਗਰਸ ਟਿਕਟ ਲੈਣ ਲਈ 3 ਪ੍ਰਮੁੱਖ ਨੇਤਾਵਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਕਾਂਗਰਸ ਕਮੇਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਪੰਜਾਬ ਕਾਂਗਰਸ ਸਕਰੀਨਿੰਗ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ ਦੀ ਸਹਿਮਤੀ ਲਾਜ਼ਮੀ ਹੋਵੇਗੀ। ਇਸ ਤਰ੍ਹਾਂ ਹੁਣ ਕਾਂਗਰਸ ਟਿਕਟ ਲੈਣ ਦੇ ਇਛੁੱਕ ਦਾਅਵਦਾਰਾਂ ਵੱਲੋਂ 3 ਪ੍ਰਮੁੱਖ ਨੇਤਾਵਾਂ ਚੰਨੀ, ਸਿੱਧੂ ਤੇ ਜਾਖੜ ਨਾਲ ਮੁਲਾਕਾਤ ਦਾ ਦੌਰ ਸ਼ੁਰੂ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਲੁਧਿਆਣਾ ਬੰਬ ਧਮਾਕੇ ਦਾ ਮਾਸਟਰ ਮਾਈਂਡ ਜਸਵਿੰਦਰ ਸਿੰਘ ਮੁਲਤਾਨੀ ਜਰਮਨੀ 'ਚ ਗ੍ਰਿਫ਼ਤਾਰ
ਕੁੱਲ ਮਿਲਾ ਕੇ ਟਿਕਟਾਂ ਲਈ ਜੰਗ ਫ਼ੈਸਲਾਕੁੰਨ ਦੌਰ ’ਚ ਪਹੁੰਚ ਗਈ ਹੈ। ਕਾਂਗਰਸੀ ਹਲਕਿਆਂ ਨੇ ਦੱਸਿਆ ਕਿ ਟਿਕਟਾਂ ਦੀ ਵੰਡ ਸਬੰਧੀ ਮੈਰਿਟ ਨੂੰ ਆਧਾਰ ਬਣਾਇਆ ਜਾ ਰਿਹਾ ਹੈ। ਕਾਂਗਰਸ ਆਲਾਕਮਾਨ ਨੇ ਇਕ ਗੱਲ ਸਾਫ਼ ਕਰ ਦਿੱਤੀ ਹੈ ਕਿ ਕੋਈ ਇਕ ਖ਼ਾਸ ਨੇਤਾ ਟਿਕਟ ਦਿਵਾਉਣ ’ਚ ਕਾਮਯਾਬ ਨਹੀਂ ਹੋਵੇਗਾ। ਇਸ ਲਈ ਜੇਕਰ ਤਿੰਨੋਂ ਮੁੱਖ ਨੇਤਾ ਇਕ-ਇਕ ਵਿਧਾਨ ਸਭਾ ਸੀਟ ’ਤੇ ਆਪਣੀ ਸਹਿਮਤੀ ਦੇਣਗੇ ਤਾਂ ਉਸ ਨੂੰ ਜ਼ਰੂਰ ਹੀ ਟਿਕਟ ਮਿਲ ਜਾਵੇਗੀ, ਜਿਨ੍ਹਾਂ ਸੀਟਾਂ ’ਤੇ ਵਿਵਾਦ ਹੋਵੇਗਾ, ਉੱਥੇ ਸਰਵੇ ਰਿਪੋਰਟਾਂ ਨੂੰ ਆਧਾਰ ਬਣਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਕਿਹੋ ਜਿਹਾ ਰਹੇਗਾ 'ਮੌਸਮ', ਅਗਲੇ 5 ਦਿਨਾਂ ਲਈ ਵਿਸ਼ੇਸ਼ ਬੁਲੇਟਿਨ ਜਾਰੀ
ਕਾਂਗਰਸੀ ਹਲਕਿਆਂ ਨੇ ਦੱਸਿਆ ਕਿ ਪਾਰਟੀ ਇਸ ਵਾਰ ਕਿਸੇ ਵੀ ਤਰ੍ਹਾਂ ਦਾ ਜ਼ੋਖਮ ਨਹੀਂ ਲੈਣਾ ਚਾਹੁੰਦੀ ਹੈ। ਇਸ ਲਈ ਤਿੰਨਾਂ ਮੁੱਖ ਨੇਤਾਵਾਂ ਨੂੰ ਸਕਰੀਨਿੰਗ ਕਮੇਟੀ ਦਾ ਹਿੱਸਾ ਬਣਾਇਆ ਗਿਆ ਸੀ। ਕਾਂਗਰਸੀ ਨੇਤਾਵਾਂ ਨੇ ਇਹ ਵੀ ਦੱਸਿਆ ਕਿ ਹੁਣ ਫਿਲਹਾਲ ਕਾਂਗਰਸ ਆਲਾ ਕਮਾਨ ਰਾਸ਼ਟਰੀ ਚੋਣ ਕਮਿਸ਼ਨ ਵੱਲ ਵੇਖ ਰਿਹਾ ਹੈ। ਚੋਣ ਕਮਿਸ਼ਨ ਜੋ ਵੀ ਫ਼ੈਸਲਾ ਵਿਧਾਨ ਸਭਾ ਚੋਣਾਂ ਦੀਆਂ ਤਾਰੀਖ਼ਾਂ ਨੂੰ ਲੈ ਕੇ ਲਵੇਗਾ, ਉਸ ਹਿਸਾਬ ਨਾਲ ਹੀ ਕਾਂਗਰਸ ਹਾਈਕਮਾਨ ਵੱਲੋਂ ਪੰਜਾਬ ਤੇ ਹੋਰ ਸੂਬਿਆਂ ਦੇ ਸੰਦਰਭ ’ਚ ਫ਼ੈਸਲੇ ਲਈ ਜਾਣਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ