ਪੰਜਾਬ ਵਿਧਾਨ ਸਭਾ ਚੋਣਾਂ ਪਹਿਲੇ ਜਾਂ ਆਖ਼ਰੀ ਦੌਰ ''ਚ? ਨਵੇਂ ਸਾਲ ਦੇ ਸ਼ੁਰੂ ''ਚ ਹੋਵੇਗਾ ਖ਼ੁਲਾਸਾ
Tuesday, Dec 14, 2021 - 08:58 AM (IST)
ਜਲੰਧਰ/ਚੰਡੀਗੜ੍ਹ (ਧਵਨ) : ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਪਹਿਲੇ ਦੌਰ ’ਚ ਹੋਣਗੀਆਂ ਜਾਂ ਫਿਰ ਆਖ਼ਰੀ ਦੌਰ ’ਚ, ਇਸ ਦਾ ਖ਼ੁਲਾਸਾ ਤਾਂ ਜਨਵਰੀ 2022 ਦੇ ਸ਼ੁਰੂ ’ਚ ਕੇਂਦਰੀ ਚੋਣ ਕਮਿਸ਼ਨ ਵੱਲੋਂ ਚੋਣ ਤਾਰੀਖ਼ਾਂ ਦਾ ਐਲਾਨ ਕਰਦੇ ਸਮੇਂ ਕਰ ਦਿੱਤਾ ਜਾਵੇਗਾ। ਸਿਆਸੀ ਹਲਕਿਆਂ ’ਚ ਇਹ ਚਰਚਾ ਚੱਲ ਰਹੀ ਹੈ ਕਿ ਜੇਕਰ ਚੋਣ ਕਮਿਸ਼ਨ ਨੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਆਖ਼ਰੀ ਦੌਰ ’ਚ ਕਰਵਾਉਣ ਦਾ ਫ਼ੈਸਲਾ ਲੈ ਲਿਆ ਤਾਂ ਇਸ ਨਾਲ ਸਿਆਸਤਦਾਨਾਂ ਅਤੇ ਉਨ੍ਹਾਂ ਦੇ ਉਮੀਦਵਾਰਾਂ ਨੂੰ ਚੋਣਾਂ ’ਚ ਕਾਫ਼ੀ ਮੁਸ਼ੱਕਤ ਕਰਵੀ ਪਵੇਗੀ।
ਇਹ ਵੀ ਪੜ੍ਹੋ : ਚੰਨੀ ਸਰਕਾਰ ਦੇ 4 ਮੰਤਰੀਆਂ ਬਾਰੇ 'ਆਮ ਆਦਮੀ ਪਾਰਟੀ' ਦਾ ਵੱਡਾ ਖ਼ੁਲਾਸਾ, ਜਾਣੋ ਕੀ ਕਿਹਾ
ਆਮ ਤੌਰ ’ਤੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਪਹਿਲੇ ਦੌਰ ’ਚ ਹੁੰਦੀਆਂ ਆਈਆਂ ਹਨ ਪਰ ਲੋਕ ਸਭਾ ਚੋਣਾਂ ਦੇ ਸਮੇਂ ਚੋਣ ਕਮਿਸ਼ਨ ਨੇ ਇਹ ਫ਼ੈਸਲਾ ਲੈ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ ਅਤੇ ਚੋਣਾਂ ਨੂੰ ਪਹਿਲੇ ਦੌਰ ’ਚ ਨਹੀਂ ਕਰਵਾਇਆ ਸੀ। ਹੁਣ ਰਾਜ ਵਿਧਾਨ ਸਭਾ ਦੀਆਂ ਚੋਣਾਂ ’ਚ ਜੇਕਰ ਅਜਿਹਾ ਹੀ ਫ਼ੈਸਲਾ ਲੈ ਲਿਆ ਗਿਆ ਤਾਂ ਸਿਆਸੀ ਪਾਰਟੀਆਂ ਅਤੇ ਉਨ੍ਹਾਂ ਦੇ ਉਮੀਦਵਾਰਾਂ ਦਾ ਚੋਣਾਂ ’ਚ ਹੋਣ ਵਾਲਾ ਖ਼ਰਚਾ ਵੀ ਕਾਫ਼ੀ ਵੱਧ ਜਾਵੇਗਾ ਅਤੇ ਨਾਲ ਹੀ ਉਨ੍ਹਾਂ ਨੂੰ ਚੋਣ ਮੁਹਿੰਮ ਲਈ ਸਖ਼ਤ ਮਿਹਨਤ ਕਰਣੀ ਪਵੇਗੀ।
ਪੰਜਾਬ ’ਚ ਲਗਭਗ ਸਾਰੀਆਂ ਸਿਆਸੀ ਪਾਰਟੀਆਂ ਦੇ ਨੇਤਾ ਅਤੇ ਉਨ੍ਹਾਂ ਦੇ ਉਮੀਦਵਾਰ ਚਾਹੁੰਦੇ ਹਨ ਕਿ ਪੰਜਾਬ ’ਚ ਵਿਧਾਨ ਸਭਾ ਚੋਣਾਂ ਪਹਿਲੇ ਦੌਰ ’ਚ ਕਰਵਾਈਆਂ ਜਾਣ। ਇਸ ਨਾਲ ਉਮੀਦਵਾਰਾਂ ਨੂੰ ਕਾਫ਼ੀ ਰਾਹਤ ਮਿਲੇਗੀ ਪਰ ਫਿਰ ਵੀ ਆਖ਼ਰੀ ਫ਼ੈਸਲਾ ਕੇਂਦਰੀ ਚੋਣ ਕਮਿਸ਼ਨ ਨੇ ਲੈਣਾ ਹੈ। ਕੁੱਲ ਮਿਲਾ ਕੇ ਚੋਣ ਤਰੀਕੇ ਵੀ ਹਾਰ-ਜਿੱਤ ’ਚ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਹਨ। ਇਸ ਲਈ ਸੱਤਾਧਾਰੀ ਕਾਂਗਰਸ ਸਮੇਤ ਸਾਰੇ ਰਾਜਨੀਤਕ ਨੇਤਾ ਚੋਣ ਕਮਿਸ਼ਨ ਵੱਲ ਵੇਖ ਰਹੇ ਹਨ ਕਿ ਉਹ ਕੀ ਫ਼ੈਸਲਾ ਲੈਂਦੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ