...ਜਦੋਂ ਆਪਣਿਆਂ ਨੇ ਹੀ ਬਜਟ ਸੈਸ਼ਨ 'ਚ ਘੇਰੀ ਸਰਕਾਰ
Thursday, Feb 14, 2019 - 11:52 AM (IST)
ਚੰਡੀਗੜ੍ਹ (ਸ਼ਰਮਾ)- ਪੰਜਾਬ ਵਿਧਾਨ ਸਭਾ ਦੇ ਚਾਲੂ ਬਜਟ ਸੈਸ਼ਨ ਦੇ ਦੂਜੇ ਦਿਨ ਪ੍ਰਸ਼ਨਕਾਲ ਦੌਰਾਨ ਵਿਰੋਧੀ ਧਿਰ ਦੇ ਨਾਲ-ਨਾਲ ਸੱਤਾਧਾਰੀ ਕਾਂਗਰਸੀ ਵਿਧਾਇਕਾਂ ਨੇ ਵੀ ਸਰਕਾਰ ਨੂੰ ਘੇਰਿਆ। ਸਾਬਕਾ ਮੰਤਰੀ ਤੇ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਸਰਕਾਰ ਦੋਆਬਾ ਇਲਾਕੇ ਨਾਲ ਮਤਰੇਆ ਵਿਵਹਾਰ ਕਰ ਰਹੀ ਹੈ। ਰਾਣਾ ਨੇ ਇਹ ਟਿੱਪਣੀ ਉਸ ਸਮੇਂ ਕੀਤੀ ਜਦੋਂ ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ ਵਿਧਾਇਕ ਗੁਰਪ੍ਰਤਾਪ ਸਿੰਘ ਬਡਾਲਾ ਦੇ ਉਸ ਸਵਾਲ ਦਾ ਜਵਾਬ ਦੇ ਰਹੇ ਸਨ ਕਿ ਕੀ ਫਿਲੌਰ ਕਪੂਰਥਲਾ ਸੜਕ ਨੂੰ ਚੌੜਾ ਕੀਤੇ ਜਾਣ ਦਾ ਕੋਈ ਪ੍ਰਸਤਾਵ ਹੈ। ਇਸ ਦੇ ਜਵਾਬ 'ਚ ਜਦੋਂ ਮੰਤਰੀ ਨੇ ਕਿਹਾ ਕਿ ਇਸ ਸੜਕ ਨੂੰ ਚੌੜਾ ਕਰਨ ਦਾ ਤਾਂ ਕੋਈ ਪ੍ਰਸਤਾਵ ਨਹੀਂ ਪਰ ਫਿਲੌਰ-ਨਕੋਦਰ-ਕਪੂਰਥਲਾ ਦੀ 66.20 ਕਿਲੋਮੀਟਰ ਸੜਕ ਦੇ 17.71 ਕਿਲੋਮੀਟਰ ਹਿੱਸੇ ਦੀ ਮੁਰੰਮਤ ਕੀਤੀ ਜਾ ਰਹੀ ਹੈ, ਜਿਸ ਨੂੰ 2 ਅਗਸਤ ਤੱਕ ਪੂਰਾ ਕਰ ਲਿਆ ਜਾਵੇਗਾ। ਬਡਾਲਾ ਵਲੋਂ ਪੂਰੀ ਸੜਕ ਦੀ ਮੁਰੰਮਤ ਅਤੇ ਚੌੜਾਈ ਵਧਾਏ ਜਾਣ ਦੀ ਮੰਗ ਨੂੰ ਨਕਾਰੇ ਜਾਣ ਮਗਰੋਂ ਰਾਣਾ ਗੁਰਜੀਤ ਸਿੰਘ ਨੇ ਇਹ ਟਿੱਪਣੀ ਕੀਤੀ।
ਇਸ ਤੋਂ ਬਾਅਦ ਕਾਂਗਰਸੀ ਵਿਧਾਇਕ ਰਣਦੀਪ ਸਿੰਘ ਨਾਭਾ ਨੇ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਇਸ ਗੱਲ 'ਤੇ ਘੇਰਨ ਦੀ ਕੋਸ਼ਿਸ਼ ਕੀਤੀ ਕਿ ਜਦੋਂ ਉਨ੍ਹਾਂ ਨੇ ਮੰਡੀ ਗੋਬਿੰਦਗੜ੍ਹ 'ਚ ਸਟੀਲ ਚੈਂਬਰ ਅਤੇ ਆਈ.ਟੀ.ਆਈ. ਦੀ ਸਥਾਪਨਾ ਦਾ ਐਲਾਨ ਦੇ ਨਾਲ ਹੀ 15 ਕਰੋੜ ਦੀ ਮਨਜ਼ੂਰੀ ਦੀ ਗੱਲ ਕਹੀ ਸੀ ਤਾਂ ਫਿਰ ਇਹ ਰਾਸ਼ੀ ਜਾਰੀ ਕਿਉਂ ਨਹੀਂ ਹੋ ਰਹੀ? ਹਾਲਾਂਕਿ ਅਰੋੜਾ ਵਲੋਂ ਦਲੀਲ ਦਿੱਤੀ ਗਈ ਕਿ ਇਸ ਸਬੰਧੀ ਮੰਡੀ ਗੋਬਿੰਦਗੜ੍ਹ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਵਲੋਂ ਪ੍ਰਸਤਾਵ ਪ੍ਰਾਪਤ ਹੋਣ ਤੋਂ ਬਾਅਦ ਇਹ ਰਾਸ਼ੀ ਜਾਰੀ ਕਰ ਦਿੱਤੀ ਜਾਵੇਗੀ ਪਰ ਨਾਭਾ ਇਹ ਜਾਣਨ 'ਤੇ ਅੜੇ ਰਹੇ ਕਿ ਫਿਰ ਐਲਾਨ ਕਿਉਂ ਕੀਤਾ ਗਿਆ। ਨਾਭਾ ਨੇ ਕਿਹਾ ਕਿ ਉਹ ਜਾਣਨਾ ਚਾਹੁੰਦੇ ਹਨ ਕਿ ਸਟੀਲ ਚੈਂਬਰ ਕਦੋਂ ਤੱਕ ਸਥਾਪਤ ਹੋ ਜਾਵੇਗਾ। ਆਖਰ ਅਰੋੜਾ ਨੇ ਭਰੋਸਾ ਦਿੱਤਾ ਕਿ ਇਸ ਸਬੰਧੀ ਪ੍ਰਸਤਾਵ ਮਿਲਣ ਤੋਂ ਛੇ ਮਹੀਨਿਆਂ ਦੇ ਅੰਦਰ ਸਟੀਲ ਚੈਂਬਰ ਦੀ ਸਥਾਪਨਾ ਕਰ ਦਿੱਤੀ ਜਾਵੇਗੀ।