ਵਿਸ਼ੇਸ਼ ਇਜਲਾਸ : ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇਣ ਮਗਰੋਂ ਸਦਨ ਦੀ ਕਾਰਵਾਈ ਇਕ ਘੰਟੇ ਲਈ ਮੁਲਤਵੀ
Monday, Oct 19, 2020 - 11:29 AM (IST)
ਚੰਡੀਗੜ੍ਹ (ਰਮਨਜੀਤ) : ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਪੰਜਾਬ ਵਿਧਾਨ ਸਭਾ ਦੇ ਸੱਦੇ ਗਏ ਵਿਸ਼ੇਸ਼ ਇਜਲਾਸ ਦੇ ਪਹਿਲੇ ਦਿਨ ਦੀ ਕਾਰਵਾਈ ਸ਼ੁਰੂ ਹੋਈ। ਇਸ ਦੌਰਾਨ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ, ਜਿਨ੍ਹਾਂ 'ਚ ਸ਼ਹੀਦ ਕਰਨੈਲ ਸਿੰਘ, ਅਜ਼ਾਦੀ ਘੁਲਾਟੀਆ ਮਹਿੰਦਰ ਸਿੰਘ, ਆਜ਼ਾਦੀ ਘੁਲਾਟੀਆ ਸਰਦਾਰ ਸਿੰਘ, ਰਾਏ ਸਿੰਘ ਪਤੰਗਾ, ਮਹਿੰਦਰ ਸਿੰਘ, ਹੇਮਰਾਜ ਮਿੱਤਲ, ਜੋਗਿੰਦਰ ਸਿੰਘ ਪੁਆਰ, ਕੁਲਦੀਪ ਸਿੰਘ ਧੀਰ, ਕੇਸਰ ਸਿੰਘ ਨਰੂਲਾ, ਕਾਮਰੇਡ ਬਲਵਿੰਦਰ ਸਿੰਘ, ਸੰਘਰਸ਼ ਦੌਰਾਨ ਜਾਨ ਗੁਆਉਣ ਵਾਲੇ ਕਿਸਾਨਾਂ ਦੇ ਨਾਂ ਸ਼ਾਮਲ ਸਨ। ਵਿੱਛੜੀਆਂ ਰੂਹਾਂ ਦੀ ਯਾਦ 'ਚ ਉਨ੍ਹਾਂ ਦੇ ਸਨਮਾਨ ਲਈ 2 ਮਿੰਟਾਂ ਦਾ ਮੌਨ ਰੱਖਿਆ ਗਿਆ।
ਇਸ ਤੋਂ ਬਾਅਦ ਸਦਨ ਦੀ ਕਾਰਵਾਈ ਇਕ ਘੰਟੇ ਲਈ ਮੁਲਤਵੀ ਕਰ ਦਿੱਤੀ ਗਈ। ਦੱਸਣਯੋਗ ਹੈ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਪਹਿਲਾਂ ਪਹਿਲਾਂ ਇਕ ਰੋਜ਼ਾ ਵਿਸ਼ੇਸ਼ ਇਜਲਾਸ ਸੱਦਿਆ ਗਿਆ ਸੀ ਪਰ ਬਾਅਦ 'ਚ ਇਜਲਾਸ ਦਾ ਸਮਾਂ ਵਧਾ ਕੇ 2 ਦਿਨਾਂ ਦਾ ਕਰ ਦਿੱਤਾ ਗਿਆ ਹੈ। ਵਿਸ਼ੇਸ਼ ਇਜਲਾਸ ਦੀ ਕਾਰਵਾਈ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਵੱਡਾ ਫ਼ੈਸਲਾ ਲੈਣ ਦੇ ਆਸਾਰ ਹਨ।