ਪੰਜਾਬ ਯੂਨੀਵਰਸਿਟੀ ''ਚ ਬਾਹਰੀ ਲੋਕਾਂ ਦੇ ਦਾਖ਼ਲੇ ’ਤੇ 20 ਜੂਨ ਤੋਂ ਪਾਬੰਦੀ
Saturday, Jun 18, 2022 - 04:27 PM (IST)
ਚੰਡੀਗੜ੍ਹ (ਰਸ਼ਮੀ) : ਪੰਜਾਬ ਯੂਨੀਵਰਸਿਟੀ (ਪੀ. ਯੂ.) ਕੈਂਪਸ 'ਚ ਸੁਰੱਖਿਆ ਪ੍ਰਬੰਧਾਂ ਨੂੰ ਧਿਆਨ 'ਚ ਰੱਖਦੇ ਹੋਏ ਸੀਨੀਅਰ ਪੁਲਸ ਕਪਤਾਨ (ਐੱਸ. ਐੱਸ. ਪੀ.) ਅਤੇ ਪੀ. ਯੂ. ਦੇ ਉੱਚ ਅਧਿਕਾਰੀਆਂ ਦੀ ਮੀਟਿੰਗ ਹੋਈ। ਮੀਟਿੰਗ 'ਚ ਵਿਚਾਰ ਕੀਤਾ ਗਿਆ ਕਿ 20 ਜੂਨ ਤੋਂ ਬਾਅਦ ਕਿਸੇ ਵੀ ਬਾਹਰਲੇ ਵਿਅਕਤੀ ਨੂੰ 3 ਨੰਬਰ ਗੇਟ ਤੋਂ ਪੀ. ਯੂ. ਇਮਾਰਤ 'ਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਸਿਰਫ਼ ਪੀ. ਯੂ. ਫੈਕਲਟੀ/ਮੁਲਾਜ਼ਮ/ਸਮਰੱਥ ਅਥਾਰਟੀਆਂ ਵੱਲੋਂ ਜਾਰੀ ਕੀਤੇ ਸਟਿੱਕਰ/ਪਾਸ ਰੱਖਣ ਵਾਲੇ ਵਿਦਿਆਰਥੀਆਂ ਨੂੰ ਹੀ ਦਾਖ਼ਲ ਹੋਣ ਦਿੱਤਾ ਜਾਵੇਗਾ।
ਬਾਹਰੀ ਲੋਕਾਂ ਦੀ ਪਛਾਣ ਦੀ ਜਾਂਚ ਕਰਨ ਤੋਂ ਬਾਅਦ ਵੈਰੀਫਿਕੇਸ਼ਨ ਤੋਂ ਬਾਅਦ ਗੇਟ ਨੰਬਰ 1 ਅਤੇ 2 ਤੋਂ ਐਂਟਰੀ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ ਅਤੇ ਰਜਿਸਟਰ 'ਚ ਪਛਾਣ ਦਰਜ ਕਰ ਕੇ ਹੀ ਉਨ੍ਹਾਂ ਨੂੰ ਐਂਟਰੀ ਦਿੱਤੀ ਜਾਵੇਗੀ। ਜਦੋਂ ਕੋਈ ਬਾਹਰੀ ਵਿਅਕਤੀ ਕੈਂਪਸ 'ਚ ਦਾਖ਼ਲ ਹੁੰਦਾ ਹੈ, ਤਾਂ ਉਸ ਨੂੰ ਆਪਣਾ ਆਰ. ਸੀ./ਡਰਾਈਵਿੰਗ ਲਾਈਸੈਂਸ ਜਮ੍ਹਾਂ ਕਰਵਾਉਣਾ ਪੈ ਸਕਦਾ ਹੈ।