ਪੰਜਾਬ ਯੂਨੀਵਰਸਿਟੀ ''ਚ ਈ-ਰਿਕਸ਼ਾ ਨਾ ਹੋਣ ਕਾਰਨ ਵਿਦਿਆਰਥੀ ਪਰੇਸ਼ਾਨ

Saturday, Aug 28, 2021 - 11:27 AM (IST)

ਪੰਜਾਬ ਯੂਨੀਵਰਸਿਟੀ ''ਚ ਈ-ਰਿਕਸ਼ਾ ਨਾ ਹੋਣ ਕਾਰਨ ਵਿਦਿਆਰਥੀ ਪਰੇਸ਼ਾਨ

ਚੰਡੀਗੜ੍ਹ (ਰਸ਼ਮੀ) : ਪੰਜਾਬ ਯੂਨੀਵਰਸਿਟੀ (ਪੀ. ਯੂ.) ਵਿਚ ਈ-ਰਿਕਸ਼ਾ ਪ੍ਰਾਜੈਕਟ ਖ਼ਤਮ ਹੋਣ ਤੋਂ ਬਾਅਦ ਵਿਦਿਆਰਥੀ ਖ਼ਾਸੇ ਪਰੇਸ਼ਾਨ ਹੋ ਰਹੇ ਹਨ। ਪੀ. ਯੂ. ਕੈਂਪਸ ਪੂਰੀ ਤਰ੍ਹਾਂ ਅਜੇ ਖੁੱਲ੍ਹਾ ਤਾਂ ਨਹੀਂ ਹੈ ਪਰ ਕੈਂਪਸ ਵਿਚ ਜੋ ਪੀ. ਐੱਚ. ਡੀ. ਸਕਾਲਰ ਰਹਿ ਰਹੇ ਹਨ, ਉਨ੍ਹਾਂ ਨੂੰ ਇਕ ਥਾਂ ਤੋਂ ਦੂਜੀ ਥਾਂ ਜਾਣ ਲਈ ਬਾਹਰੀ ਆਟੋ ਚਾਲਕਾਂ ਦੀ ਵਰਤੋਂ ਕਰਨੀ ਪੈ ਰਹੀ ਹੈ। ਈ-ਰਿਕਸ਼ਾ ਨਾ ਹੋਣ ਕਾਰਨ ਬਾਹਰੀ ਆਟੋ ਚਾਲਕ ਵਿਦਿਆਰਥੀਆਂ ਤੋਂ ਪੀ. ਯੂ. ਦੇ ਅੰਦਰ ਕਿਤੇ ਵੀ ਜਾਣ ਦਾ 50 ਤੋਂ 100 ਰੁਪਏ ਤਕ ਕਿਰਾਇਆ ਵਸੂਲ ਰਹੇ ਹਨ, ਜਦੋਂ ਕਿ ਕੈਂਪਸ ’ਚ ਜੋ ਈ-ਰਿਕਸ਼ਾ ਚੱਲਦੇ ਸਨ, ਉਹ ਵਿਦਿਆਰਥੀਆਂ ਤੋਂ ਇਕ ਤੋਂ ਦੂਜੇ ਪਾਸੇ ਜਾਣ ਦਾ 10 ਰੁਪਏ ਕਿਰਾਇਆ ਲੈਂਦੇ ਸਨ। ਭਾਵੇਂ ਪੀ. ਯੂ. ਕੈਂਪਸ ਵਿਚ ਕਿਸੇ ਵੀ ਪਾਸੇ ਕਿਉਂ ਨਾ ਜਾਣਾ ਪਵੇ। ਵਿਦਿਆਰਥੀਆਂ ਨੇ ਦੱਸਿਆ ਕਿ ਇਸ ਸਮੇਂ ਕੋਵਿਡ-19 ਕਾਰਨ ਉਂਝ ਹੀ ਆਰਥਿਕ ਪਰੇਸ਼ਾਨੀ ਚੱਲ ਰਹੀ ਹੈ। ਉਂਝ ਵੀ ਵਿਦਿਆਰਥੀਆਂ ਲਈ ਇੰਨਾ ਕਿਰਾਇਆ ਦੇਣਾ ਮੁਸ਼ਕਿਲ ਹੈ। ਕੈਂਪਸ ਵਿਚ ਪਹਿਲਾਂ ਤਿੰਨ ਪਹੀਆ ਰਿਕਸ਼ਾ ਆਉਂਦੇ ਸਨ, ਉਹ ਵੀ ਹੁਣ ਨਹੀਂ ਆਉਂਦੇ। ਜੋ ਆਟੋ ਕੈਂਪਸ ਵਿਚ ਆ ਜਾਂਦੇ ਹਨ, ਉਹ ਦੁੱਗਣਾ ਕਿਰਾਇਆ ਮੰਗਦੇ ਹਨ, ਜਿਸ ਕਾਰਨ ਹੋਸਟਲ ਵਿਚ ਰਹਿਣ ਵਾਲੇ ਅਤੇ ਬਾਹਰੋਂ ਆਉਣ ਵਾਲੇ ਵਿਦਿਆਰਥੀਆਂ ਦੋਵਾਂ ਲਈ ਪੀ. ਯੂ. ਕੈਂਪਸ ਵਿਚ ਇੱਧਰ ਤੋਂ ਉੱਧਰ ਜਾਣਾ ਮੁਸ਼ਕਿਲ ਹੋ ਰਿਹਾ ਹੈ।
ਮਈ ’ਚ ਹੋਈ ਸੀ ਬੈਠਕ
ਪੰਜਾਬ ਯੂਨੀਵਰਸਿਟੀ ਵਿਚ ਈ-ਰਿਕਸ਼ਾ ਨੂੰ ਫਿਰ ਕੈਂਪਸ ’ਚ ਚਲਾਉਣ ਲਈ ਨਵੇਂ ਟੈਂਡਰ ਕਾਲ ਕਰਨ ਸਬੰਧੀ ਪਿਛਲੇ ਮਈ ਮਹੀਨੇ ਵਿਚ ਬੈਠਕ ਹੋਈ ਸੀ। ਬੈਠਕ ਵਿਚ ਈ-ਰਿਕਸ਼ਾ ਦੇ ਨਵੇਂ ਟੈਂਡਰ ਕਾਲ ਕਰਨ ਸਬੰਧੀ ਚਰਚਾ ਹੋਈ ਸੀ ਅਤੇ ਇਸ ਨਾਲ ਸਬੰਧਿਤ ਨਵੀਂਆਂ ਗਾਈਡਲਾਈਨਜ਼ ਤਿਆਰ ਕੀਤੇ ਜਾਣ ਦੀ ਗੱਲ ਹੋਈ ਸੀ। ਨਵੀਂਆਂ ਗਾਈਡਲਾਈਨਜ਼ ’ਤੇ ਲੀਗਲ ਰਾਇ ਲੈਣ ’ਤੇ ਵੀ ਚਰਚਾ ਹੋਈ ਸੀ ਪਰ ਅਜੇ ਤਕ ਇਸ ਪ੍ਰਾਜੈਕਟ ’ਤੇ ਕੋਈ ਦੁਬਾਰਾ ਚਰਚਾ ਨਹੀਂ ਹੋਈ ਹੈ।
ਈ-ਰਿਕਸ਼ਾ ਨਾਲ ਵਿਦਿਆਰਥੀਆਂ ਨੂੰ ਮਿਲੀ ਸੀ ਕਾਫੀ ਸਹੂਲਤ
ਯਾਦ ਰਹੇ ਕਿ ਪੀ. ਯੂ. ਮੈਨੈਜਮੈਂਟ ਈ-ਰਿਕਸ਼ਾ ਦਾ ਟੈਂਡਰ ਹੁਣ ਕਿਸੇ ਨਵੀਂ ਕੰਪਨੀ ਨੂੰ ਦੇਣਾ ਚਾਹੁੰਦਾ ਹੈ। ਕੈਂਪਸ ਵਿਚ ਪਹਿਲੀ ਵਾਰ ਈ-ਰਿਕਸ਼ਾ ਦਾ ਪ੍ਰਾਜੈਕਟ ਪੀ. ਯੂ. ਦੇ ਸਾਬਕਾ ਰਜਿਸਟਰਾਰ ਜੀ. ਐੱਸ. ਚੱਢਾ ਦੇ ਸਮੇਂ ਸ਼ੁਰੂ ਕੀਤਾ ਗਿਆ ਸੀ। ਉਸ ਸਮੇਂ ਕੈਂਪਸ ਵਿਚ 30 ਈ-ਰਿਕਸ਼ਾ ਨਾਲ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਸੀ, ਜਿਨ੍ਹਾਂ ਨੂੰ ਬਾਅਦ ਵਿਚ ਵਧਾ ਦਿੱਤਾ ਗਿਆ ਸੀ। ਇਨ੍ਹਾਂ ਈ-ਰਿਕਸ਼ਾ ਨਾਲ ਵਿਦਿਆਰਥੀਆਂ ਅਤੇ ਕੈਂਪਸ ਵਿਚ ਆਉਣ-ਜਾਣ ਵਾਲਿਆਂ ਨੂੰ ਕਾਫ਼ੀ ਸਹੂਲਤ ਮਿਲੀ ਸੀ।


author

Babita

Content Editor

Related News