ਪੰਜਾਬ ਅਤੇ ਯੂ.ਟੀ. ਮੁਲਾਜ਼ਮ ਸੰਘਰਸ਼ ਕਮੇਟੀ ਵੱਲੋਂ ਰੋਸ ਪ੍ਰਦਰਸ਼ਨ
Tuesday, Jul 31, 2018 - 12:54 AM (IST)

ਰੂਪਨਗਰ, (ਵਿਜੇ)- ਪੰਜਾਬ ਅਤੇ ਯੂ.ਟੀ. ਮੁਲਾਜ਼ਮ ਸੰਘਰਸ਼ ਕਮੇਟੀ ਦੇ ਸੂਬਾਈ ਫੈਸਲੇ ਅਨੁਸਾਰ ਜ਼ਿਲਾ ਰੂਪਨਗਰ ਦੇ ਮੁਲਾਜ਼ਮਾਂ ਵੱਲੋਂ ਜ਼ਿਲਾ ਕਨਵੀਨਰਾਂ ਸੁਰਜੀਤ ਸਿੰਘ ਸ੍ਰੀ ਚਮਕੌਰ ਸਾਹਿਬ, ਬਲਦੇਵ ਸਿੰਘ ਮਾਣੇਮਾਜਰਾ ਦੀ ਅਗਵਾਈ ’ਚ ਸਥਾਨਕ ਮਹਾਰਾਜਾ ਰਣਜੀਤ ਸਿੰਘ ਬਾਗ ’ਚ ਰੋਸ ਪ੍ਰਦਰਸ਼ਨ ਕਰਨ ਉਪਰੰਤ ਮੁਲਾਜ਼ਮ ਮਸਲਿਆਂ ਸਬੰਧੀ ਮੰਗ ਪੱਤਰ ਡਿਪਟੀ ਕਮਿਸ਼ਨਰ ਰੂਪਨਗਰ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਭੇਜਿਆ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਮੁਲਾਜ਼ਮ ਆਗੂਆਂ ਸਾਥੀ ਵੇਦ ਪ੍ਰਕਾਸ਼ ਸ਼ਰਮਾ, ਦਰਸ਼ਨ ਸਿੰਘ ਬਡ਼੍ਹਵਾ, ਕ੍ਰਿਪਾਲ ਸਿੰਘ ਭੱਟੋਂ ਆਦਿ ਮੁਲਾਜ਼ਮ ਆਗੂਆਂ ਨੇ ਪੰਜਾਬ ਸਰਕਾਰ ਵੱਲੋਂ ਪੰਜਵੇਂ ਤਨਖਾਹ ਕਮਿਸ਼ਨ ਰਿਪੋਰਟ ਤੁਰੰਤ ਜਾਰੀ ਕਰਨ, ਡੀ.ਏ. ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰਨ, 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ’ਤੇ ਪੁਰਾਣੀ ਪੈਨਸ਼ਨ ਪ੍ਰਣਾਲੀ ਬਹਾਲ ਕਰਨ, ਠੇਕਾ ਆਧਾਰਤ ਸਮੂਹ ਮੁਲਾਜ਼ਮ ਵੰਨਗੀਆਂ ਨੂੰ ਰੈਗੂਲਰ ਕਰਨ, ਮਾਣ ਭੱਤਾ, ਆਊਟ ਸੋਰਸਿੰਗ ਆਧਾਰਿਤ ਮੁਲਾਜ਼ਮਾਂ ਨੂੰ ਪਿਤਰੀ ਵਿਭਾਗਾਂ ਅੰਦਰ ਸ਼ਾਮਲ ਕਰਨ ਦੀ ਮੰਗ ਕੀਤੀ। ਸਾਂਝਾ ਅਧਿਆਪਕ ਮੋਰਚਾ ਪੰਜਾਬ ਜ਼ਿਲਾ ਅੰਮ੍ਰਿਤਸਰ ਦੇ ਸਮੂਹ ਕਨਵੀਨਰਾਂ ਨੂੰ ਬਿਨਾਂ ਕਿਸੇ ਕਾਰਨ ਮੁਅੱਤਲ ਕਰਨ ਦੀ ਤਿੱਖੇ ਸ਼ਬਦਾਂ ਵਿਚ ਨਿਖੇਧੀ ਵੀ ਕੀਤੀ ਤੇ ਫੈਸਲਾ ਲਿਆ ਗਿਆ ਕਿ ਪੰਜਾਬ ਅਤੇ ਯੂ.ਟੀ. ਮੁਲਾਜ਼ਮ ਸੰਘਰਸ਼ ਕਮੇਟੀ ਦੇ ਸੂਬਾਈ ਫੈਸਲੇ ਅਨੁਸਾਰ 11 ਅਗਸਤ ਨੂੰ ਪਟਿਆਲਾ ਵਿਖੇ ਕੀਤੀ ਜਾ ਰਹੀ ਸੂਬਾਈ ਰੈਲੀ ਵਿਚ ਜ਼ਿਲਾ ਰੂਪਨਗਰ ਦੇ ਮੁਲਾਜ਼ਮ ਵੱਡੀ ਗਿਣਤੀ
ਵਿਚ ਸ਼ਮੂਲੀਅਤ ਕਰਨਗੇ।
ਇਸ ਮੌਕੇ ਧਰਮਿੰਦਰ ਸਿੰਘ ਭੰਗੂ, ਗੁਰਪ੍ਰੀਤ ਸਿੰਘ ਹੀਰਾ, ਬਲਵੀਰ ਚੰਦ, ਬਲਜੀਤ ਸਿੰਘ ਖਾਲਸਾ, ਕਰਮ ਸਿੰਘ ਜੈਤੇਵਾਲ, ਗੁਰਿੰਦਰਪਾਲ ਸਿੰਘ ਖੇਡ਼ੀ, ਹਰਜੀਤ ਸਿੰਘ, ਇੰਦਰਜੀਤ ਸਿੰਘ, ਰਾਜਵੀਰ ਸਿੰਘ ਚੌਂਤਾ ਅਤੇ ਹਰਿੰਦਰ ਕੁਮਾਰ ਆਦਿ ਆਗੂਆਂ ਸਮੇਤ ਵੱਡੀ ਗਿਣਤੀ ’ਚ ਮੁਲਾਜ਼ਮ ਹਾਜ਼ਰ ਸਨ।