ਪੰਜਾਬ ਦੇ ਟਰਾਂਸਪੋਰਟ ਵਿਭਾਗ ਵਲੋਂ ਧੁੰਦ ਵਧਣ ਦੇ ਮੱਦੇਨਜ਼ਰ ਐਡਵਾਇਜ਼ਰੀ ਜਾਰੀ

11/24/2020 7:50:19 PM

ਚੰਡੀਗੜ੍ਹ,(ਰਮਨਜੀਤ) - ਪੰਜਾਬ ਦੇ ਟਰਾਂਸਪੋਰਟ ਵਿਭਾਗ ਵਲੋਂ ਸਰਦੀਆਂ ਦੇ ਮੌਸਮ ਦੌਰਾਨ ਧੁੰਦ ਵਧਣ ਦੇ ਮੱਦੇਨਜ਼ਰ ਵਾਹਨ ਚਾਲਕਾਂ ਲਈ ਇਕ ਐਡਵਾਇਜ਼ਰੀ ਜਾਰੀ ਕੀਤੀ ਹੈ ਤਾਂ ਜੋ ਸੜਕੀ ਦੁਰਘਟਵਾਨਾਂ ਨੂੰ ਰੋਕਿਆ ਜਾ ਸਕੇ। ਆਵਾਜਾਈ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਸਰਦੀਆਂ ਦੇ ਮੌਸਮ ਵਿਚ ਧੁੰਦ ਦੇ ਕਾਰਣ ਸੜਕਾਂ 'ਤੇ ਦੁਰਘਟਨਾਵਾਂ ਵਧ ਜਾਂਦੀਆਂ ਹਨ, ਜਿਸ ਨਾਲ ਜਾਨ-ਮਾਲ ਦਾ ਨੁਕਸਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਮੌਸਮ ਨੂੰ ਧਿਆਨ 'ਚ ਰੱਖਦਿਆਂ ਆਮ ਜਨਤਾ ਨੂੰ ਅਪੀਲ ਹੈ ਕਿ ਧੁੰਦ 'ਚ ਦੁਰਘਟਨਾਵਾਂ ਤੋਂ ਬਚਾਅ ਲਈ ਵਾਹਨ ਚਾਲਕ ਮੌਸਮ ਦੇ ਪੂਰਵ ਅਨੁਮਾਨ ਦੀ ਜਾਂਚ ਕਰਨ ਉਪਰੰਤ ਹੀ ਯਾਤਰਾ 'ਤੇ ਨਿਕਲਣ। ਉਨ੍ਹਾਂ ਕਿਹਾ ਕਿ ਸਾਰੇ ਵਾਹਨ ਚਾਲਕ ਆਪਣੇ ਵਾਹਨਾਂ ਦੀ ਚੰਗੀ ਹਾਲਤ ਦੇ ਨਾਲ-ਨਾਲ ਹੈੱਡਲਾਈਟ, ਟੇਲ ਲਾਈਟ, ਫੌਗ ਲਾਈਟ, ਇੰਡੀਕੇਟਰ ਅਤੇ ਰਿਫਲੈਕਟਰ ਸਹਿਤ ਬ੍ਰੇਕ, ਟਾਇਰ, ਵਿੰਡ ਸਕ੍ਰੀਨ ਵਾਈਪਰ, ਬੈਟਰੀ ਅਤੇ ਕਾਰ ਹੀਟਿੰਗ ਸਿਸਟਮ ਨੂੰ ਵੀ ਚਾਲੂ ਹਾਲਤ ਵਿਚ ਰੱਖਣਾ ਸੁਨਿਸ਼ਚਿਤ ਕਰਨ। ਉਨ੍ਹਾਂ ਅਪੀਲ ਕੀਤੀ ਕਿ ਜ਼ਿਆਦਾ ਧੁੰਦ ਦੀ ਚੇਤਾਵਨੀ 'ਤੇ ਯਾਤਰਾ ਨੂੰ ਮੌਸਮ ਸਾਫ਼ ਹੋਣ ਤੱਕ ਟਾਲਣ ਦੀ ਕੋਸ਼ਿਸ਼ ਕੀਤੀ ਜਾਵੇ।

ਬੁਲਾਰੇ ਅਨੁਸਾਰ ਵਾਹਨ ਚਾਲਕ ਧੁੰਦ ਵਿਚ ਵਾਹਨਾਂ ਨੂੰ ਲੋਅ-ਬੀਮ 'ਤੇ ਚਲਾਉਣ ਕਿਉਂਕਿ ਧੁੰਦ ਦੇ ਦੌਰਾਨ ਹਾਈ-ਬੀਮ ਕਾਰਗਰ ਨਹੀਂ ਹੁੰਦਾ। ਉਨ੍ਹਾਂ ਦੱਸਿਆ ਕਿ ਧੁੰਦ ਦੇ ਦੌਰਾਨ ਫੌਗ ਲਾਈਟਾਂ, ਗੱਡੀਆਂ ਦੀ ਨਿਰਧਾਰਤ ਸਪੀਡ ਅਤੇ ਵਾਹਨਾਂ ਦੇ ਵਿਚ ਉਚਿਤ ਦੂਰੀ ਰੱਖੀ ਜਾਵੇ ਅਤੇ ਸੜਕਾਂ 'ਤੇ ਅੰਕਿਤ ਸਫ਼ੇਦ ਪੱਟੀਆਂ ਨੂੰ ਇਕ ਮਾਰਗ ਦਰਸ਼ਕ ਦੇ ਰੂਪ ਵਿਚ ਧਿਆਨ ਵਿਚ ਰੱਖਦਿਆਂ ਵਾਹਨ ਚਲਾਇਆ ਜਾਵੇ। ਵਾਹਨਾਂ ਦੇ ਸ਼ੀਸ਼ੇ ਉਚਿਤ ਮਾਤਰਾ ਤੱਕ ਥੱਲੇ ਰੱਖੇ ਜਾਣ ਅਤੇ ਸੰਕਟ ਦੀ ਸਥਿਤੀ ਵਿਚ ਜੇਕਰ ਵਾਹਨ ਨੂੰ ਰਸਤੇ ਵਿਚ ਰੋਕਣਾ ਪਵੇ ਤਾਂ ਜਿੱਥੋਂ ਤੱਕ ਸੰਭਵ ਹੋਵੇ ਵਾਹਨ ਨੂੰ ਸੜਕ ਤੋਂ ਹੇਠਾਂ ਉਤਾਰ ਕੇ ਖੜ੍ਹਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਧੁੰਦ ਵਿਚ ਵਾਹਨ ਚਲਾਉਂਦੇ ਹੋਏ ਗ਼ੈਰ-ਜ਼ਰੂਰੀ ਓਵਰਟੇਕਿੰਗ ਨਾ ਕੀਤੀ ਜਾਵੇ, ਲੇਨ ਨਾ ਬਦਲੀ ਜਾਵੇ ਅਤੇ ਭੀੜ ਵਾਲੀਆਂ ਸੜਕਾਂ 'ਤੇ ਵਾਹਨ ਨੂੰ ਰੋਕਣ ਤੋਂ ਬਚਿਆ ਜਾਵੇ।
 


Deepak Kumar

Content Editor

Related News